ਪੁਲ ਨਾ ਬਣਿਆ ਤਾਂ ਸਰਪੰਚਾਂ ਦਾ ਵੱਡਾ ਐਕਸ਼ਨ! 10 ਦਿਨਾਂ ਦਾ ਅਲਟੀਮੇਟਮ, ਅਸਤੀਫ਼ਿਆਂ ਤੇ ਹਾਈਵੇ ਜਾਮ ਦੀ ਚੇਤਾਵਨੀ
ਬਰਸਾਤ ਦੇ ਮੌਸਮ ਵਿੱਚ ਸੁਰੱਖਿਅਤ ਆਵਾਜਾਈ ਦੀ ਕੋਈ ਵਿਵਸਥਾ ਨਾ ਹੋਣ ਕਾਰਨ ਇਲਾਕੇ ਦੇ ਲੋਕਾਂ ਵਿੱਚ ਭਾਰੀ ਰੋਸ ਹੈ।

ਗੁਰਦਾਸਪੁਰ
ਰਾਵੀ ਦਰਿਆ ‘ਤੇ ਮਕੌੜਾ ਪੱਤਣ ਵਿਖੇ ਬਣੇ ਅਸਥਾਈ ਪੈਂਟੂਨ ਪੁਲ ਦਾ ਇੱਕ ਹਿੱਸਾ ਵਹਿ ਜਾਣ ਕਾਰਨ ਦਰਿਆ ਪਾਰ ਵਸਦੇ ਸੱਤ ਪਿੰਡਾਂ ਦਾ ਮੁੱਖ ਭੂਮੀ ਨਾਲ ਸੰਪਰਕ ਇੱਕ ਵਾਰ ਫਿਰ ਟੁੱਟ ਗਿਆ ਹੈ। ਇਸ ਕਾਰਨ ਲੋਕਾਂ ਨੂੰ ਜਾਨ ਜੋਖ਼ਮ ਵਿੱਚ ਪਾ ਕੇ ਕਿਸ਼ਤੀਆਂ ਰਾਹੀਂ ਆਵਾਜਾਈ ਕਰਨੀ ਪੈ ਰਹੀ ਹੈ। ਬਰਸਾਤ ਦੇ ਮੌਸਮ ਵਿੱਚ ਸੁਰੱਖਿਅਤ ਆਵਾਜਾਈ ਦੀ ਕੋਈ ਵਿਵਸਥਾ ਨਾ ਹੋਣ ਕਾਰਨ ਇਲਾਕੇ ਦੇ ਲੋਕਾਂ ਵਿੱਚ ਭਾਰੀ ਰੋਸ ਹੈ।
ਪੱਕੇ ਪੁਲ ਦੀ ਉਸਾਰੀ ਦੀ ਮੰਗ ਨੂੰ ਲੈ ਕੇ ਇਲਾਕੇ ਦੇ ਸਰਪੰਚਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ 10 ਦਿਨਾਂ ਦਾ ਅਲਟੀਮੇਟਮ ਦਿੱਤਾ ਹੈ। ਪਿੰਡ ਭਰਿਆਲ ਦੇ ਸਰਪੰਚ ਅਮਰੀਕ ਸਿੰਘ ਅਤੇ ਹੋਰ ਪਿੰਡਾਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਪੁਲ ਲਈ ਕੇਂਦਰ ਸਰਕਾਰ ਵੱਲੋਂ ਫੰਡ ਮਨਜ਼ੂਰ ਹੋ ਚੁੱਕੇ ਹਨ, ਪਰ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਟੈਂਡਰ ਜਾਰੀ ਨਾ ਕੀਤੇ ਜਾਣ ਕਾਰਨ ਉਸਾਰੀ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ।
ਸਰਪੰਚਾਂ ਨੇ ਐਲਾਨ ਕੀਤਾ ਕਿ ਉਹ ਜਲਦ ਹੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮੰਗ ਪੱਤਰ ਸੌਂਪਣਗੇ। ਜੇਕਰ 10 ਦਿਨਾਂ ਦੇ ਅੰਦਰ ਪੁਲ ਦਾ ਕੰਮ ਸ਼ੁਰੂ ਨਾ ਕੀਤਾ ਗਿਆ ਤਾਂ ਰਾਵੀ ਪਾਰ ਦੇ ਸਾਰੇ ਸਰਪੰਚ ਸਮੂਹਿਕ ਤੌਰ ‘ਤੇ ਆਪਣੇ ਅਸਤੀਫ਼ੇ ਦੇਣਗੇ। ਇਸ ਤੋਂ ਇਲਾਵਾ ਜੰਮੂ-ਅੰਮ੍ਰਿਤਸਰ ਕੌਮੀ ਮਾਰਗ ਜਾਮ ਕਰਨ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਬਾਈਕਾਟ ਦਾ ਵੀ ਐਲਾਨ ਕੀਤਾ ਜਾਵੇਗਾ।
ਇਹ ਸਮੱਸਿਆ ਕਈ ਸਾਲਾਂ ਤੋਂ ਇਲਾਕੇ ਦੇ ਲੋਕਾਂ ਲਈ ਵੱਡੀ ਮੁਸੀਬਤ ਬਣੀ ਹੋਈ ਹੈ। ਹਰ ਸਾਲ ਮਾਨਸੂਨ ਤੋਂ ਪਹਿਲਾਂ ਅਸਥਾਈ ਪੈਂਟੂਨ ਪੁਲ ਹਟਾ ਦਿੱਤਾ ਜਾਂਦਾ ਹੈ ਜਾਂ ਬਰਸਾਤ ਦੌਰਾਨ ਨੁਕਸਾਨੀ ਜਾਂਦਾ ਹੈ, ਜਿਸ ਕਾਰਨ ਤੂਰ, ਚੇਬੇ, ਭਰਿਆਲ, ਲਸੀਆਂ, ਕੁੱਕੜ, ਮੰਮੀ ਚੱਕਰੰਗਾ ਅਤੇ ਕਜਲੇ ਸਮੇਤ ਸੱਤ ਪਿੰਡਾਂ ਦਾ ਸੰਪਰਕ ਮੁੱਖ ਭੂਮੀ ਨਾਲ ਟੁੱਟ ਜਾਂਦਾ ਹੈ। ਇਸ ਦਾ ਸਭ ਤੋਂ ਵੱਧ ਅਸਰ ਵਿਦਿਆਰਥੀਆਂ, ਮਰੀਜ਼ਾਂ, ਕਿਸਾਨਾਂ ਅਤੇ ਰੋਜ਼ਾਨਾ ਆਵਾਜਾਈ ਕਰਨ ਵਾਲੇ ਲੋਕਾਂ ‘ਤੇ ਪੈਂਦਾ ਹੈ, ਜਿਨ੍ਹਾਂ ਨੂੰ ਮਜ਼ਬੂਰੀ ਵਿੱਚ ਕਿਸ਼ਤੀਆਂ ਦਾ ਸਹਾਰਾ ਲੈਣਾ ਪੈਂਦਾ ਹੈ।
ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਗੁਰਦਾਸਪੁਰ ਤੋਂ ਸਾਬਕਾ ਸੰਸਦ ਮੈਂਬਰ ਸੰਨੀ ਦਿਓਲ ਦੇ ਯਤਨਾਂ ਨਾਲ ਕੇਂਦਰ ਸਰਕਾਰ ਵੱਲੋਂ ਇਸ ਪੁਲ ਲਈ ਲਗਭਗ 100 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਸਨ। ਹਾਲਾਂਕਿ ਜ਼ਮੀਨ ਐਕਵਾਇਰ ਕਰਨ ਅਤੇ ਹੋਰ ਪ੍ਰਸ਼ਾਸਨਿਕ ਕਾਰਵਾਈਆਂ ਪੂਰੀਆਂ ਨਾ ਹੋਣ ਕਾਰਨ ਪ੍ਰੋਜੈਕਟ ਅਜੇ ਤੱਕ ਅੱਗੇ ਨਹੀਂ ਵਧ ਸਕਿਆ। ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਰਾਵੀ ਦਰਿਆ ‘ਤੇ ਜਲਦ ਪੱਕਾ ਪੁਲ ਬਣਾਇਆ ਜਾਵੇ ਤਾਂ ਜੋ ਸਰਹੱਦੀ ਇਲਾਕੇ ਦੇ ਵਸਨੀਕਾਂ ਨੂੰ ਹਰ ਸਾਲ ਇਸ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
-(ਪੰਜਾਬੀ ਜਾਗਰਣ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


