ਡੇਢ ਸਾਲ ਦੇ ਬੱਚੇ ਦੇ ਕਤਲ ਮਾਮਲੇ ‘ਚ ਦੋਸ਼ੀ ਨੂੰ ਫਾਂਸੀ ਦੀ ਸਜ਼ਾ, 41 ਦਿਨਾਂ ਵਿੱਚ ਅਦਾਲਤ ਨੇ ਸੁਣਾਇਆ ਇਤਿਹਾਸਕ ਫ਼ੈਸਲਾ
ਘਟਨਾ ਤੋਂ ਸਿਰਫ਼ 41 ਦਿਨਾਂ ਦੇ ਅੰਦਰ ਆਏ ਇਸ ਫ਼ੈਸਲੇ ਨੂੰ ਤੇਜ਼ ਨਿਆਂ ਦੀ ਇੱਕ ਅਹਿਮ ਮਿਸਾਲ ਮੰਨਿਆ ਜਾ ਰਿਹਾ ਹੈ। ਅਦਾਲਤ ਨੇ ਬੱਚੇ ਦੇ ਰਿਸ਼ਤੇਦਾਰ ਵਿਰਾਜ ਨੂੰ ਕਤਲ ਦਾ ਦੋਸ਼ੀ ਕਰਾਰ ਦਿੱਤਾ।

ਫਿਰੋਜ਼ਾਬਾਦ
ਉੱਤਰ ਪ੍ਰਦੇਸ਼ ਦੇ ਸ਼ਿਕੋਹਾਬਾਦ ਵਿੱਚ ਡੇਢ ਸਾਲ ਦੇ ਮਾਸੂਮ ਆਰਵ ਦੀ ਬੇਰਹਿਮੀ ਨਾਲ ਹੱਤਿਆ ਕਰਨ ਦੇ ਮਾਮਲੇ ਵਿੱਚ ਜ਼ਿਲ੍ਹਾ ਅਦਾਲਤ ਨੇ ਸਖ਼ਤ ਫ਼ੈਸਲਾ ਸੁਣਾਇਆ ਹੈ। ਸ਼ੁੱਕਰਵਾਰ ਦੁਪਹਿਰ 2.45 ਵਜੇ ਜ਼ਿਲ੍ਹਾ ਜੱਜ ਨੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਸੁਣਾਈ। ਘਟਨਾ ਤੋਂ ਸਿਰਫ਼ 41 ਦਿਨਾਂ ਦੇ ਅੰਦਰ ਆਏ ਇਸ ਫ਼ੈਸਲੇ ਨੂੰ ਤੇਜ਼ ਨਿਆਂ ਦੀ ਇੱਕ ਅਹਿਮ ਮਿਸਾਲ ਮੰਨਿਆ ਜਾ ਰਿਹਾ ਹੈ। ਅਦਾਲਤ ਨੇ ਬੱਚੇ ਦੇ ਰਿਸ਼ਤੇਦਾਰ ਵਿਰਾਜ ਨੂੰ ਕਤਲ ਦਾ ਦੋਸ਼ੀ ਕਰਾਰ ਦਿੱਤਾ।
ਮਾਮਲਾ ਸਿਰਸਾਗੰਜ ਤਹਿਸੀਲ ਦੇ ਪਿੰਡ ਬਾਮਈ ਨਾਲ ਸਬੰਧਤ ਹੈ। 30 ਮਈ ਨੂੰ ਸ਼ਿਕੋਹਾਬਾਦ ਦੀ ਯਾਦਵ ਕਾਲੋਨੀ ਵਿੱਚ ਰਹਿ ਰਹੇ ਰਤੀ ਦੇ ਡੇਢ ਸਾਲਾ ਪੁੱਤਰ ਆਰਵ ਨੂੰ ਜ਼ਮੀਨ ‘ਤੇ ਵਾਰ-ਵਾਰ ਪਟਕ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਰਤੀ ਦਾ ਵਿਆਹ ਬਦਾਯੂੰ ਦੇ ਸਿਆਰਾਮ ਨਗਰ ਦੇ ਰਹਿਣ ਵਾਲੇ ਸੁਮਿਤ ਉਰਫ਼ ਪ੍ਰਿਅੰਕ ਨਾਲ ਹੋਇਆ ਸੀ, ਪਰ ਘਰੇਲੂ ਵਿਵਾਦਾਂ ਕਾਰਨ ਉਹ ਤਲਾਕ ਦੀ ਪ੍ਰਕਿਰਿਆ ਵਿੱਚ ਸੀ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਰਤੀ ਦਾ ਰਿਸ਼ਤੇ ਵਿੱਚ ਲੱਗਦਾ ਫੁਫੇਰਾ ਦਿਓਰ ਵਿਰਾਜ ਉਰਫ਼ ਜਤਿੰਦਰ ਪਾਠਕ, ਜੋ ਬਦਾਯੂੰ ਦੇ ਸ਼ੇਖੂਪੁਰਾ ਦਾ ਰਹਿਣ ਵਾਲਾ ਹੈ, ਇੱਕਤਰਫ਼ਾ ਪਿਆਰ ਕਰਦਾ ਸੀ ਅਤੇ ਉਸ ‘ਤੇ ਵਿਆਹ ਲਈ ਦਬਾਅ ਬਣਾਉਂਦਾ ਸੀ। ਰਤੀ ਵੱਲੋਂ ਆਪਣੇ ਬੱਚੇ ਦਾ ਹਵਾਲਾ ਦੇ ਕੇ ਇਨਕਾਰ ਕਰਨ ‘ਤੇ ਉਸ ਨੇ ਗੁੱਸੇ ਵਿੱਚ ਆ ਕੇ ਮਾਸੂਮ ਦੀ ਹੱਤਿਆ ਕਰ ਦਿੱਤੀ। ਸੀਸੀਟੀਵੀ ਵਿੱਚ ਦੋਸ਼ੀ ਬੱਚੇ ਨੂੰ ਅੱਠ ਵਾਰ ਜ਼ਮੀਨ ‘ਤੇ ਪਟਕਦਾ ਨਜ਼ਰ ਆਇਆ। ਪੁਲਿਸ ਨੇ ਘਟਨਾ ਤੋਂ ਕਰੀਬ ਛੇ ਘੰਟਿਆਂ ਬਾਅਦ ਮੁਕਾਬਲੇ ਦੌਰਾਨ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਸੀ।
ਪੁਲਿਸ ਮੁਕਾਬਲੇ ਦੌਰਾਨ ਦੋਸ਼ੀ ਦੀਆਂ ਦੋਵੇਂ ਲੱਤਾਂ ਵਿੱਚ ਗੋਲੀਆਂ ਲੱਗੀਆਂ ਸਨ। ਸ਼ਿਕੋਹਾਬਾਦ ਪੁਲਿਸ ਨੇ ਮਹਿਜ਼ ਛੇ ਦਿਨਾਂ ਵਿੱਚ 13 ਗਵਾਹਾਂ ਦੇ ਬਿਆਨ, ਸੀਸੀਟੀਵੀ ਫੁਟੇਜ ਅਤੇ ਹੋਰ ਅਹਿਮ ਸਬੂਤ ਇਕੱਠੇ ਕਰਕੇ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ। ਇਸ ਤੋਂ ਬਾਅਦ ਜ਼ਿਲ੍ਹਾ ਜੱਜ ਡਾ. ਬੱਬੂ ਸਾਰੰਗ ਦੀ ਅਦਾਲਤ ਵਿੱਚ ਸੁਣਵਾਈ ਸ਼ੁਰੂ ਹੋਈ। ਵੀਰਵਾਰ ਨੂੰ ਅਦਾਲਤ ਨੇ ਦੋਸ਼ੀ ਨੂੰ ਕਤਲ ਦਾ ਦੋਸ਼ੀ ਕਰਾਰ ਦਿੱਤਾ ਸੀ, ਜਦਕਿ ਸ਼ੁੱਕਰਵਾਰ ਨੂੰ ਸਜ਼ਾ ਦਾ ਐਲਾਨ ਕੀਤਾ ਗਿਆ।
ਜ਼ਿਲ੍ਹਾ ਸਰਕਾਰੀ ਵਕੀਲ ਰਾਜੀਵ ਪ੍ਰਿਯਦਰਸ਼ੀ ਨੇ ਦੱਸਿਆ ਕਿ ਇਸਤਗਾਸਾ ਪੱਖ ਵੱਲੋਂ 13 ਗਵਾਹ ਪੇਸ਼ ਕੀਤੇ ਗਏ, ਜਦਕਿ ਬਚਾਅ ਪੱਖ ਨੇ ਇੱਕ ਗਵਾਹ ਅਦਾਲਤ ਵਿੱਚ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਇਹ ਘਟਨਾ ਇੰਨੀ ਦਰਦਨਾਕ ਅਤੇ ਨਿਰਦਈ ਸੀ ਕਿ ਇਸ ਦੀ ਵੀਡੀਓ ਇੱਕ ਵਾਰ ਦੇਖਣ ਤੋਂ ਬਾਅਦ ਮੁੜ ਦੇਖਣਾ ਵੀ ਮੁਸ਼ਕਲ ਹੈ। ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਵੀ ਇਸ ਮਾਮਲੇ ਦੀ ਤੇਜ਼ੀ ਨਾਲ ਪੈਰਵੀ ਕਰਨ ਦੇ ਨਿਰਦੇਸ਼ ਦਿੱਤੇ ਸਨ। ਅਦਾਲਤ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਮੰਨਿਆ ਕਿ ਇਸ ਅਪਰਾਧ ਲਈ ਫਾਂਸੀ ਤੋਂ ਘੱਟ ਕੋਈ ਹੋਰ ਸਜ਼ਾ ਉਚਿਤ ਨਹੀਂ ਹੋ ਸਕਦੀ।
-(ਪੰਜਾਬੀ ਜਾਗਰਣ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


