ਬੱਚਿਆਂ ਦੇ ਸਮਾਰਟਫ਼ੋਨ ਇਸਤੇਮਾਲ ‘ਤੇ ਹੋਵੇਗੀ ਨਿਗਰਾਨੀ, ਸਰਕਾਰ ਲਿਆ ਸਕਦੀ ਹੈ ‘ਮਾਈਨਰ ਮੋਡ’ ਫੀਚਰ
ਇਸ ਤਹਿਤ ਭਾਰਤ ਵਿੱਚ ਵਿਕਣ ਵਾਲੇ ਸਮਾਰਟਫ਼ੋਨਾਂ ਵਿੱਚ ਡਿਵਾਈਸ ਪੱਧਰ ‘ਤੇ ਹੀ ਬੱਚਿਆਂ ਦੀ ਸੁਰੱਖਿਆ ਲਈ ਖ਼ਾਸ ਪਾਬੰਦੀਆਂ ਲਾਗੂ ਕੀਤੀਆਂ ਜਾ ਸਕਦੀਆਂ ਹਨ।

ਨਵੀਂ ਦਿੱਲੀ
ਬੱਚਿਆਂ ਵਿੱਚ ਵਧ ਰਹੀ ਮੋਬਾਈਲ ਫ਼ੋਨ ਦੀ ਲਤ ਅਤੇ ਆਨਲਾਈਨ ਖ਼ਤਰਿਆਂ ਨੂੰ ਧਿਆਨ ਵਿੱਚ ਰੱਖਦਿਆਂ ਕੇਂਦਰ ਸਰਕਾਰ ਇੱਕ ਨਵੀਂ ਵਿਵਸਥਾ ਲਿਆਉਣ ‘ਤੇ ਵਿਚਾਰ ਕਰ ਰਹੀ ਹੈ। ਇਸ ਤਹਿਤ ਭਾਰਤ ਵਿੱਚ ਵਿਕਣ ਵਾਲੇ ਸਮਾਰਟਫ਼ੋਨਾਂ ਵਿੱਚ ਡਿਵਾਈਸ ਪੱਧਰ ‘ਤੇ ਹੀ ਬੱਚਿਆਂ ਦੀ ਸੁਰੱਖਿਆ ਲਈ ਖ਼ਾਸ ਪਾਬੰਦੀਆਂ ਲਾਗੂ ਕੀਤੀਆਂ ਜਾ ਸਕਦੀਆਂ ਹਨ।
ਪ੍ਰਸਤਾਵ ਅਨੁਸਾਰ ਸਾਰੇ ਨਵੇਂ ਸਮਾਰਟਫ਼ੋਨਾਂ ਵਿੱਚ ਇੱਕ ਵੱਖਰਾ ‘ਮਾਈਨਰ ਮੋਡ’ (Minor Mode) ਦੇਣਾ ਲਾਜ਼ਮੀ ਕੀਤਾ ਜਾ ਸਕਦਾ ਹੈ। ਇਸ ਫੀਚਰ ਰਾਹੀਂ ਮਾਪੇ ਆਪਣੇ ਬੱਚਿਆਂ ਦੇ ਫ਼ੋਨ ਦੀ ਵਰਤੋਂ ‘ਤੇ ਵਧੇਰੇ ਕੰਟਰੋਲ ਰੱਖ ਸਕਣਗੇ। ਇਸ ਵਿੱਚ ਐਪ ਡਾਊਨਲੋਡ ‘ਤੇ ਰੋਕ, ਰੋਜ਼ਾਨਾ ਸਕ੍ਰੀਨ ਟਾਈਮ ਨਿਰਧਾਰਤ ਕਰਨਾ ਅਤੇ ਦੇਰ ਰਾਤ ਫ਼ੋਨ ਜਾਂ ਸੋਸ਼ਲ ਮੀਡੀਆ ਦੀ ਵਰਤੋਂ ਨੂੰ ਸੀਮਤ ਕਰਨ ਵਰਗੀਆਂ ਸਹੂਲਤਾਂ ਸ਼ਾਮਲ ਹੋ ਸਕਦੀਆਂ ਹਨ।
ਇਸ ਤੋਂ ਇਲਾਵਾ, ਨੁਕਸਾਨਦੇਹ ਸਮੱਗਰੀ ਨੂੰ ਫਿਲਟਰ ਕਰਨ ਅਤੇ ਬੱਚੇ ਦੀ ਉਮਰ ਦੇ ਅਨੁਸਾਰ ਹੀ ਐਪਸ ਤੱਕ ਪਹੁੰਚ ਦੇਣ ਦਾ ਵਿਕਲਪ ਵੀ ਮੁਹੱਈਆ ਕਰਵਾਇਆ ਜਾ ਸਕਦਾ ਹੈ। ਸਰਕਾਰ ਦਾ ਉਦੇਸ਼ ਹੈ ਕਿ ਮੋਬਾਈਲ ਨਿਰਮਾਤਾ ਕੰਪਨੀਆਂ ਅਤੇ ਐਪ ਡਿਵੈਲਪਰ ਸ਼ੁਰੂ ਤੋਂ ਹੀ ਅਜਿਹੇ ਸੁਰੱਖਿਆ ਫੀਚਰ ਸ਼ਾਮਲ ਕਰਨ, ਤਾਂ ਜੋ ਮਾਪਿਆਂ ਨੂੰ ਬਾਅਦ ਵਿੱਚ ਵੱਖਰੇ ਤੌਰ ‘ਤੇ ਸੈਟਿੰਗਾਂ ਨਾ ਕਰਣੀਆਂ ਪੈਣ।
ਹਾਲਾਂਕਿ, ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਇਸ ਮੋਡ ਦੌਰਾਨ ਪੜ੍ਹਾਈ ਨਾਲ ਸਬੰਧਤ ਐਪਸ ਅਤੇ ਐਮਰਜੈਂਸੀ ਸੰਪਰਕ ਵਰਗੀਆਂ ਜ਼ਰੂਰੀ ਸਹੂਲਤਾਂ ‘ਤੇ ਕੋਈ ਪਾਬੰਦੀ ਨਹੀਂ ਹੋਵੇਗੀ।
-(ਪੰਜਾਬੀ ਜਾਗਰਣ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


