ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਦੇ ਸੰਭਾਵੀ ਹਮਲੇ ਪ੍ਰਤੀ ਕਿਸਾਨ ਸੁਚੇਤ ਰਹਿਣ-ਹਰਬੀਰ ਸਿੰਘ
ਫਰੀਦਕੋਟ, 24 ਮਾਰਚ (ਗੁਰਮੀਤ ਸਿੰਘ ਬਰਾੜ) ਡਿਪਟੀ ਕਮਿਸ਼ਨਰ ਫਰੀਦਕੋਟ ਸ਼੍ਰੀ ਹਰਬੀਰ ਸਿੰਘ ਨੇ ਨਰਮਾ/ਕਪਾਹ ਦੀ ਫਸਲ ਨੂੰ ਕਾਮਯਾਮ ਕਰਨ ਲਈ ਕਿਸਾਨਾਂ ਨੂੰ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਦੇ ਸੰਭਾਵੀ ਹਮਲੇ ਦੀ ਰੋਕਥਾਮ ਬਾਰੇ ਸੁਚੇਤ ਰਹਿਣ ਲਈ ਅਪੀਲ ਕੀਤੀ। ਡਿਪਟੀ ਕਮਿਸ਼ਨਰ ਸ. ਹਰਬੀਰ ਸਿੰਘ ਨੇ ਵੱਖ-ਵੱਖ ਵਿਭਾਗਾਂ (ਖਾਸ ਤੌਰ ਤੇ ਪੰਚਾਇਤ ਵਿਭਾਗ) ਨੂੰ ਹਦਾਇਤ ਕੀਤੀ ਕਿ ਉਹ ਕਿਸਾਨਾਂ ਨੂੰ ਪਿੰਡ ਪੱਧਰ ਉਪਰ ਕਿਸਾਨ ਸਿਖਲਾਈ ਕੈਂਪ ਲਗਾ ਕੇ, ਨੁਕੜ ਮੀਟਿੰਗਾਂ ਕਰਕੇ, ਪੰਚਾਇਤਾਂ ਨਾਲ ਰਾਬਤਾ ਕਾਇਮ ਕਰਕੇ ਅਤੇ ਗੁਰਦੁਆਰਾ ਸਾਹਿਬ ਵਿੱਚ ਅਨਾਊਂਸਮੈਂਟ ਕਰਵਾ ਵੇ, ਲਿਟਰੇਚਰ ਦੀ ਵੰਡ ਕਰਕੇ ਅਤੇ ਸ਼ੋਸ਼ਲ ਮੀਡੀਆ ਦੀਆਂ ਐਪਸ ਜਿਵੇ ਵਟਸਅਪ ਤੇ ਗਰੁੱਪ ਬਣਾ ਕੇ ਜਾਗਰੁਕ ਕਰਨ ਤਾਂ ਜੋ ਨਰਮੇ/ਕਪਾਹ ਦੀ ਫਸਲ ਨੂੰ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਦੇ ਸੰਭਾਵੀ ਹਮਲੇ ਤੋ ਬਚਾਇਆ ਜਾ ਸਕੇ ਅਤੇ ਆਉਣ ਵਾਲੀ ਫਸਲ ਨੂੰ ਕਾਮਯਾਬ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਨਰਮਾ/ਕਪਾਹ ਬੀਜਣ ਵਾਲੇ ਪਿੰਡਾਂ ਦੇ ਸਰਪੰਚਾਂ ਨਾਲ ਵੀ ਮੀਟਿੰਗ ਕਰਕੇ ਉਨ੍ਹਾਂ ਵੱਲੋ ਕਿਸਾਨਾਂ ਨੂੰ ਪਿੰਡ ਪੱਧਰ ਤੇ ਜਾਗਰੁਕ ਕਰਕੇ ਪ੍ਰੇਰਿਆ ਜਾਵੇ। ਇਸ ਮੌਕੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋ ਦੱਸਿਆ ਗਿਆ ਕਿ ਖੇਤਾਂ ਵਿੱਚ ਪਈਆਂ ਛਿਟੀਆਂ ਤੇ ਉਨ੍ਹਾਂ ਵਿੱਚ ਅੱਧ ਖਿੜੇ ਟੀਡਿਆਂ ਵਿੱਚ ਪਈ ਸੁੰਡੀ ਨੂੰ ਖਤਮ ਕਰਨ ਲਈ ਇਹ ਢੁੱਕਵਾਂ ਸਮਾਂ ਹੈ। ਉਨ੍ਹਾਂ ਕਿਸਾਨਾਂ ਨੂੰ ਪਿੰਡ ਪੱਧਰ ਤੇ ਇਕੱਠੇ ਹੋ ਕੇ ਛਿਟੀਆਂ ਦੇ ਢੇਰ ਦੇ ਪ੍ਰਬੰਧਨ ਲਈ ਕੰਮ ਸ਼ੁਰੂ ਕਰਨ ਲਈ ਕਿਹਾ ਤਾਂ ਜੋ ਮਾਰਚ ਮਹੀਨੇ ਤੱਕ ਛਿਟੀਆਂ ਦਾ ਕੰਮ ਮੁਕੰਮਲ ਹੋ ਸਕੇ। ਇਸ ਗੈਰਮੌਸਮੀ ਛਿਟੀਆਂ ਦੇ ਢੇਰਾਂ ਵਿੱਚ ਅਣਖਿੜੇ ਟੀਂਡੇ ਚੰਗੀ ਤਰ੍ਹਾਂ ਝਾੜ ਕੇ ਅੱਗ ਲਗਾਉਣ ਨਾਲ ਜਾਂ ਫਿਰ ਛਿਟੀਆਂ ਦੇ ਢੇਰਾਂ ਨੂੰ ਨਰਮੇ ਦੀ ਬਿਜਾਈ ਤੋ ਪਹਿਲਾਂ ਪਹਿਲਾਂ ਵਰਤ ਕੇ ਗੁਲਾਬੀ ਸੁੰਡੀ ਦੇ ਜੀਵਣ ਚੱਕਰ ਨੂੰ ਤੋੜਨਾ ਬਹੁਤ ਜਰੂਰੀ ਹੈ, ਇਸ ਨਾਲ ਆਉਣ ਵਾਲੇ ਸਮੇਂ ਵਿੱਚ ਨਰਮੇ ਦੀ ਫਸਲ ਨੂੰ ਗੁਲਾਬੀ ਸੁੰਡੀ ਦੇ ਹਮਲੇ ਤੋ ਬਚਾਇਆ ਜਾ ਸਕੇਗਾ। ਉਨ੍ਹਾਂ ਕਿਸਾਨਾਂ ਨੂੰ ਗੁਲਾਬੀ ਸੁੰਡੀ ਦੇ ਜੀਵਨ ਚੱਕਰ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ । ਉਨ੍ਹਾਂ ਵੱਲੋ ਚਿੱਟੇ ਮੱਛਰ ਦੀ ਰੋਕਥਾਮ ਲਈ ਦੱਸਿਆ ਗਿਆ ਕਿ ਕਿਸਾਨ ਆਪਣੇ ਖੇਤਾਂ ਦੇ ਦੁਆਲੇ ਖਾਲੀ ਥਾਵਾਂ, ਰਾਹਾਂ ਆਦਿ ਤੋ ਨਦੀਨ ਨਰਮੇ/ਕਪਾਹ ਦੀ ਬਿਜਾਈ ਤੋ ਪਹਿਲਾਂ ਨਸ਼ਟ ਕਰ ਦੇਣ ਤਾਂ ਜੋ ਇਸ ਦੇ ਜੀਵਨ ਚੱਕਰ ਨੂੰ ਵੱਧਣ ਤੋ ਰੋਕਿਆ ਜਾ ਸਕੇ।