ਪੈਲੇਟ ਗੰਨ ‘ਤੇ ਰੋਕ ਲੱਗੇਗੀ? ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੋਂ ਮੰਗਿਆ ਜਵਾਬ
ਪਟੀਸ਼ਨਾਂ ਵਿੱਚ ਮੰਗ ਕੀਤੀ ਗਈ ਹੈ ਕਿ ਨਾਗਰਿਕ ਇਕੱਠਾਂ ਅਤੇ ਪ੍ਰਦਰਸ਼ਨਾਂ ਨੂੰ ਖ਼ਤਮ ਕਰਨ ਲਈ ਪੈਲੇਟ ਗੰਨ ਦੀ ਵਰਤੋਂ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾਵੇ।

ਨਵੀਂ ਦਿੱਲੀ
ਸੁਪਰੀਮ ਕੋਰਟ ਨੇ ਸਾਬਕਾ IPS ਅਧਿਕਾਰੀ ਯਸ਼ੋਵਰਧਨ ਆਜ਼ਾਦ ਅਤੇ ਪੈਲੇਟ ਗੰਨ ਦੀ ਫਾਇਰਿੰਗ ਵਿੱਚ ਜ਼ਖ਼ਮੀ ਹੋਏ ਦੋ ਲੋਕਾਂ ਵੱਲੋਂ ਦਾਇਰ ਪਟੀਸ਼ਨਾਂ ‘ਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਪਟੀਸ਼ਨਾਂ ਵਿੱਚ ਮੰਗ ਕੀਤੀ ਗਈ ਹੈ ਕਿ ਨਾਗਰਿਕ ਇਕੱਠਾਂ ਅਤੇ ਪ੍ਰਦਰਸ਼ਨਾਂ ਨੂੰ ਖ਼ਤਮ ਕਰਨ ਲਈ ਪੈਲੇਟ ਗੰਨ ਦੀ ਵਰਤੋਂ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾਵੇ।
ਅਦਾਲਤ ਨੇ ਕੇਂਦਰ ਨੂੰ ਇਹ ਵੀ ਨਿਰਦੇਸ਼ ਦਿੱਤਾ ਹੈ ਕਿ 20 ਜੁਲਾਈ ਨੂੰ ਜੰਤਰ-ਮੰਤਰ ਵਿਖੇ ਹੋਏ ਪ੍ਰਦਰਸ਼ਨ ਦੌਰਾਨ ਤਾਇਨਾਤ ਰੈਪਿਡ ਐਕਸ਼ਨ ਫੋਰਸ (RAF) ਵੱਲੋਂ ਵਰਤੇ ਗਏ ਗੋਲਾ-ਬਾਰੂਦ (Ammunition) ਦਾ ਰਿਕਾਰਡ ਸੁਰੱਖਿਅਤ ਰੱਖਿਆ ਜਾਵੇ।
ਪਟੀਸ਼ਨਰਾਂ ਨੇ ਪੈਲੇਟ ਗੰਨ ਨੂੰ ਦੱਸਿਆ ਖ਼ਤਰਨਾਕ ਹਥਿਆਰ
ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਭਾਵੇਂ ਪੈਲੇਟ ਗੰਨ ਨੂੰ “ਘੱਟ ਘਾਤਕ” ਜਾਂ “ਗੈਰ-ਘਾਤਕ” ਹਥਿਆਰ ਮੰਨਿਆ ਜਾਂਦਾ ਹੈ, ਪਰ ਨੇੜੇ ਤੋਂ ਚਲਾਈ ਜਾਣ ‘ਤੇ ਇਹ ਜਾਨਲੇਵਾ ਸਾਬਤ ਹੋ ਸਕਦੀ ਹੈ ਅਤੇ ਸਰੀਰ ਦੇ ਅਹਿਮ ਅੰਗਾਂ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੀ ਹੈ। ਪਟੀਸ਼ਨਰਾਂ ਨੇ 20 ਜੁਲਾਈ ਦੀ ਘਟਨਾ ਦੌਰਾਨ 19 ਸਾਲਾ ਸਾਹਿਲ ਲੋਛਾਬ ਦੀ ਅੱਖ ਵਿੱਚ ਲੱਗੀ ਸੱਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਇਸ ਦੀ ਵਰਤੋਂ ਬਹੁਤ ਖ਼ਤਰਨਾਕ ਹੈ।
ਯੂਐਨ ਦੀਆਂ ਹਦਾਇਤਾਂ ਦਾ ਵੀ ਕੀਤਾ ਗਿਆ ਜ਼ਿਕਰ
ਪਟੀਸ਼ਨ ਵਿੱਚ ਸੰਯੁਕਤ ਰਾਸ਼ਟਰ (UN) ਦੀਆਂ Guidelines on Less Lethal Weapons in Law Enforcement ਦਾ ਹਵਾਲਾ ਦਿੰਦਿਆਂ ਕਿਹਾ ਗਿਆ ਹੈ ਕਿ ਭੀੜ ਨੂੰ ਤਿਤਰ-ਬਿਤਰ ਕਰਨ ਲਈ ਧਾਤੂ ਪੈਲੇਟਾਂ ਵਾਲੀਆਂ ਗੰਨਾਂ ਦੀ ਵਰਤੋਂ ਤੋਂ ਬਚਣਾ ਚਾਹੀਦਾ ਹੈ। ਦਿਸ਼ਾ-ਨਿਰਦੇਸ਼ਾਂ ਮੁਤਾਬਕ ਇਹ ਹਥਿਆਰ “ਲੋੜ, ਅਨੁਪਾਤਿਕਤਾ ਅਤੇ ਵਾਜਬਤਾ” ਦੇ ਸੰਵਿਧਾਨਕ ਮਾਪਦੰਡਾਂ ‘ਤੇ ਖਰੇ ਨਹੀਂ ਉਤਰਦੇ।
‘ਸੰਸਦ ਚਲੋ’ ਮਾਰਚ ਦੌਰਾਨ ਫਾਇਰਿੰਗ ਦਾ ਲਗਾਇਆ ਦੋਸ਼
ਇਸ ਮਾਮਲੇ ਵਿੱਚ ਯਸ਼ੋਵਰਧਨ ਆਜ਼ਾਦ ਤੋਂ ਇਲਾਵਾ 25 ਸਾਲਾ ਕਲਾਕਾਰ ਪ੍ਰਸ਼ਾਂਤ ਕੁਮਾਰ ਸਿੰਘ ਅਤੇ 26 ਸਾਲਾ ਸ਼ੇਖ ਇਰਸ਼ਾਦ ਮਨਸੂਰੀ ਵੀ ਪਟੀਸ਼ਨਰ ਹਨ। ਪ੍ਰਸ਼ਾਂਤ ਸਿੰਘ ਦਾ ਦਾਅਵਾ ਹੈ ਕਿ 20 ਜੁਲਾਈ ਨੂੰ ਹੋਏ ‘ਸੰਸਦ ਚਲੋ’ ਮਾਰਚ ਦੌਰਾਨ RAF ਵੱਲੋਂ ਬਿਨਾਂ ਕਿਸੇ ਉਕਸਾਵੇ ਦੇ ਕੀਤੀ ਗਈ ਕਥਿਤ ਪੈਲੇਟ ਫਾਇਰਿੰਗ ਵਿੱਚ ਉਹ ਜ਼ਖ਼ਮੀ ਹੋਏ। ਉੱਧਰ ਸ਼ੇਖ ਇਰਸ਼ਾਦ ਮਨਸੂਰੀ ਨੇ ਕਿਹਾ ਕਿ ਉਹ ਵੀਜ਼ਾ ਸਬੰਧੀ ਕੰਮ ਲਈ ਕਨਾਟ ਪਲੇਸ ਗਿਆ ਹੋਇਆ ਸੀ ਅਤੇ ਇਸ ਦੌਰਾਨ ਹੋਈ ਪੈਲੇਟ ਫਾਇਰਿੰਗ ਵਿੱਚ ਜ਼ਖ਼ਮੀ ਹੋ ਗਿਆ।
-(ਪੀਟੀਸੀ ਨਿਊਜ)
ਨੋਟ– ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


