ਪੰਜਾਬ ਦੀ ਵੋਟਰ ਸੂਚੀ ਸੁਧਾਈ ਦੌਰਾਨ ਵੱਡਾ ਖ਼ੁਲਾਸਾ, 20 ਲੱਖ ਵੋਟਰਾਂ ਦਾ ਨਹੀਂ ਲੱਗਾ ਪਤਾ; 13 ਅਗਸਤ ਨੂੰ ਜਾਰੀ ਹੋਵੇਗਾ ਡਰਾਫਟ
ਇਨ੍ਹਾਂ ਵਿੱਚੋਂ ਲਗਭਗ 4.12 ਲੱਖ ਵੋਟਰਾਂ ਦਾ ਕੋਈ ਪਤਾ ਨਹੀਂ ਲੱਗਿਆ, ਜਦਕਿ ਕਰੀਬ 5.74 ਲੱਖ ਵੋਟਰਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਕਰੀਬ 1.19 ਲੱਖ ਵੋਟਰਾਂ ਦੇ ਨਾਂ ਦੋ ਵੱਖ-ਵੱਖ ਥਾਵਾਂ ‘ਤੇ ਦਰਜ ਮਿਲੇ ਹਨ।

ਚੰਡੀਗੜ੍ਹ
ਪੰਜਾਬ ਵਿੱਚ ਵੋਟਰ ਸੂਚੀ ਦੀ ਵਿਸ਼ੇਸ਼ ਗਹਿਨ ਸੁਧਾਈ (SIR) ਦਾ ਪਹਿਲਾ ਪੜਾਅ ਪੂਰਾ ਹੋ ਗਿਆ ਹੈ। ਇਸ ਅਭਿਆਨ ਦੌਰਾਨ ਸਾਹਮਣੇ ਆਏ ਅੰਕੜਿਆਂ ਮੁਤਾਬਕ ਕਰੀਬ 20 ਲੱਖ ਵੋਟਰ ਆਪਣੇ ਦਰਜ ਪਤਿਆਂ ‘ਤੇ ਨਹੀਂ ਮਿਲੇ। ਇਨ੍ਹਾਂ ਵਿੱਚੋਂ ਲਗਭਗ 4.12 ਲੱਖ ਵੋਟਰਾਂ ਦਾ ਕੋਈ ਪਤਾ ਨਹੀਂ ਲੱਗਿਆ, ਜਦਕਿ ਕਰੀਬ 5.74 ਲੱਖ ਵੋਟਰਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਕਰੀਬ 1.19 ਲੱਖ ਵੋਟਰਾਂ ਦੇ ਨਾਂ ਦੋ ਵੱਖ-ਵੱਖ ਥਾਵਾਂ ‘ਤੇ ਦਰਜ ਮਿਲੇ ਹਨ।
ਬੂਥ ਲੈਵਲ ਅਫ਼ਸਰਾਂ (BLO) ਵੱਲੋਂ ਕੁੱਲ 2.61 ਕਰੋੜ ਐਨਿਊਮਰੇਸ਼ਨ ਫਾਰਮ ਵੰਡੇ ਗਏ ਸਨ, ਜਿਨ੍ਹਾਂ ਵਿੱਚੋਂ ਕਰੀਬ 2.41 ਕਰੋੜ ਫਾਰਮ ਵਾਪਸ ਪ੍ਰਾਪਤ ਹੋ ਚੁੱਕੇ ਹਨ। ਚੋਣ ਕਮਿਸ਼ਨ 13 ਅਗਸਤ ਨੂੰ ਵੋਟਰ ਸੂਚੀ ਦਾ ਮੁੱਢਲਾ ਡਰਾਫਟ ਜਾਰੀ ਕਰੇਗਾ। ਇਸ ਤੋਂ ਬਾਅਦ ਲਗਭਗ ਇੱਕ ਮਹੀਨੇ ਤੱਕ ਲੋਕ ਆਪਣੇ ਦਾਅਵੇ ਅਤੇ ਇਤਰਾਜ਼ ਦਰਜ ਕਰਵਾ ਸਕਣਗੇ। ਇਲੈਕਟੋਰਲ ਰਜਿਸਟ੍ਰੇਸ਼ਨ ਅਫ਼ਸਰ (ERO) ਇਨ੍ਹਾਂ ਦਾਅਵਿਆਂ ਅਤੇ ਇਤਰਾਜ਼ਾਂ ਦੀ ਜਾਂਚ ਕਰਕੇ ਯੋਗ ਨਾਵਾਂ ਨੂੰ ਅੰਤਿਮ ਸੂਚੀ ਵਿੱਚ ਸ਼ਾਮਲ ਕਰਨਗੇ। ਜਿਨ੍ਹਾਂ ਵੋਟਰਾਂ ਦੇ ਦਸਤਾਵੇਜ਼ਾਂ ਸਬੰਧੀ ਸ਼ੱਕ ਹੋਵੇਗਾ, ਉਨ੍ਹਾਂ ਨੂੰ ਈ.ਆਰ.ਓ. ਵੱਲੋਂ ਨੋਟਿਸ ਭੇਜਿਆ ਜਾਵੇਗਾ ਅਤੇ ਉਨ੍ਹਾਂ ਨੂੰ ਲੋੜੀਂਦੇ ਦਸਤਾਵੇਜ਼ਾਂ ਸਮੇਤ ਹਾਜ਼ਰ ਹੋਣਾ ਪਵੇਗਾ।
ਚੋਣ ਕਮਿਸ਼ਨ ਨੇ ਜਾਰੀ ਕੀਤੇ ਤਾਜ਼ਾ ਅੰਕੜੇ
ਮੁੱਖ ਚੋਣ ਅਫ਼ਸਰ (CEO) ਆਨੰਦਿਤਾ ਮਿੱਤਰਾ ਨੇ ਦੱਸਿਆ ਕਿ ਸੁਧਾਈ ਮੁਹਿੰਮ ਦੌਰਾਨ 4 ਲੱਖ 12 ਹਜ਼ਾਰ 715 ਵੋਟਰਾਂ ਨੂੰ ਟਰੇਸ ਨਹੀਂ ਕੀਤਾ ਜਾ ਸਕਿਆ, 5.74 ਲੱਖ ਵੋਟਰ ਮ੍ਰਿਤਕ ਪਾਏ ਗਏ ਅਤੇ 1 ਲੱਖ 19 ਹਜ਼ਾਰ 145 ਡੁਪਲੀਕੇਟ ਵੋਟਾਂ ਦੀ ਪਛਾਣ ਹੋਈ ਹੈ। ਇਸ ਤੋਂ ਇਲਾਵਾ ਲਗਭਗ 12 ਲੱਖ ਵੋਟਰ ਅਜਿਹੇ ਹਨ, ਜਿਨ੍ਹਾਂ ਦੀ ਜਾਣਕਾਰੀ ਮੈਪ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਨਵੇਂ ਯੋਗ ਨੌਜਵਾਨ ਜਾਂ ਹੋਰ ਨਾਗਰਿਕ ਹੁਣ ਫਾਰਮ ਨੰਬਰ 6 ਭਰ ਕੇ ਆਪਣਾ ਨਾਂ ਵੋਟਰ ਸੂਚੀ ਵਿੱਚ ਸ਼ਾਮਲ ਕਰਵਾ ਸਕਦੇ ਹਨ।
ਸਿਆਸੀ ਪਾਰਟੀਆਂ ਨੂੰ ਵੀ ਦਿੱਤੀ ਜਾਵੇਗੀ ਡਰਾਫਟ ਸੂਚੀ
ਮੁੱਖ ਚੋਣ ਅਫ਼ਸਰ ਨੇ ਦੱਸਿਆ ਕਿ ਡਰਾਫਟ ਵੋਟਰ ਸੂਚੀ ਸਾਰੀਆਂ ਰਜਿਸਟਰਡ ਸਿਆਸੀ ਪਾਰਟੀਆਂ ਨੂੰ ਵੀ ਉਪਲਬਧ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਦਫ਼ਤਰਾਂ ਤੱਕ ਨਹੀਂ ਪਹੁੰਚ ਸਕਦੇ, ਉਨ੍ਹਾਂ ਦੀ ਸਹੂਲਤ ਲਈ 16 ਅਗਸਤ ਨੂੰ ਬੂਥ ਪੱਧਰ ‘ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ।
ਅਨਮੈਪਡ ਵੋਟਰਾਂ ਲਈ ਚੋਣ ਕਮਿਸ਼ਨ ਦੀ ਅਪੀਲ
ਆਨੰਦਿਤਾ ਮਿੱਤਰਾ ਨੇ ਕਿਹਾ ਕਿ ਸੀ.ਈ.ਓ. ਦੀ ਅਧਿਕਾਰਤ ਵੈੱਬਸਾਈਟ ਰਾਹੀਂ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਜਿਨ੍ਹਾਂ 12 ਲੱਖ ਵੋਟਰਾਂ ਦੀ ਜਾਣਕਾਰੀ ਅਨਮੈਪਡ ਰਹਿ ਗਈ ਹੈ, ਉਨ੍ਹਾਂ ਦੇ ਨਾਂ ਵੋਟਰ ਸੂਚੀ ਵਿੱਚ ਮੌਜੂਦ ਹਨ ਅਤੇ ਉਨ੍ਹਾਂ ਦੀ ਵੋਟ ‘ਤੇ ਕੋਈ ਅਸਰ ਨਹੀਂ ਪਵੇਗਾ। ਅਜਿਹੇ ਵੋਟਰ ਲੋੜੀਂਦੇ ਦਸਤਾਵੇਜ਼ ਪੇਸ਼ ਕਰਕੇ ਆਪਣੀ ਜਾਣਕਾਰੀ ਨੂੰ ਨਿਯਮਾਂ ਅਨੁਸਾਰ ਦਰੁਸਤ ਕਰਵਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੀ ਕੋਸ਼ਿਸ਼ ਹੈ ਕਿ ਇਸ ਐੱਸ.ਆਈ.ਆਰ. ਮੁਹਿੰਮ ਦੌਰਾਨ ਕੋਈ ਵੀ ਯੋਗ ਵੋਟਰ ਸੂਚੀ ਤੋਂ ਬਾਹਰ ਨਾ ਰਹੇ। ਜਿਨ੍ਹਾਂ ਵੋਟਰਾਂ ਦੀ ਮੌਤ ਹੋ ਚੁੱਕੀ ਹੈ ਜਾਂ ਜੋ ਸਥਾਈ ਤੌਰ ‘ਤੇ ਹੋਰ ਥਾਂ ਚਲੇ ਗਏ ਹਨ, ਉਨ੍ਹਾਂ ਨੂੰ ਕੋਈ ਨੋਟਿਸ ਜਾਰੀ ਨਹੀਂ ਕੀਤਾ ਜਾਵੇਗਾ। ਜਦਕਿ ਅਨਮੈਪਡ ਵੋਟਰ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾ ਕੇ ਆਪਣੀ ਵੋਟ ਨੂੰ ਨਿਯਮਿਤ ਕਰਵਾ ਸਕਦੇ ਹਨ।
-(ਟੀਵੀ 9 ਪੰਜਾਬੀ)
ਨੋਟ– ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


