DM ਗਗਨਦੀਪ ਰੰਧਾਵਾ ਮਾਮਲਾ: ਲਾਲਜੀਤ ਭੁੱਲਰ ਦੇ ਪਿਤਾ ਨੂੰ ਹਾਈਕੋਰਟ ਤੋਂ ਫਿਲਹਾਲ ਰਾਹਤ ਨਹੀਂ, ਫੋਨ ਦੀ ਕਾਲ ਰਿਕਾਰਡਿੰਗ ਮੰਗੀ
ਅਦਾਲਤ ਨੇ ਜਾਂਚ ਨੂੰ ਅੱਗੇ ਵਧਾਉਂਦਿਆਂ ਮ੍ਰਿਤਕ ਗਗਨਦੀਪ ਰੰਧਾਵਾ ਦੇ ਮੋਬਾਈਲ ਫੋਨ ਦੀ ਪੂਰੀ ਕਾਲ ਰਿਕਾਰਡਿੰਗ ਪੇਸ਼ ਕਰਨ ਦੇ ਹੁਕਮ ਦਿੱਤੇ ਹਨ, ਤਾਂ ਜੋ ਇਹ ਸਪੱਸ਼ਟ ਹੋ ਸਕੇ ਕਿ ਸੰਬੰਧਤ ਸਮੇਂ ਦੌਰਾਨ ਉਸ ਨਾਲ ਕਿਹੜੇ ਨੰਬਰਾਂ ਤੋਂ ਸੰਪਰਕ ਕੀਤਾ ਗਿਆ ਸੀ।

ਚੰਡੀਗੜ੍ਹ
ਡੀਐਮ ਗਗਨਦੀਪ ਸਿੰਘ ਰੰਧਾਵਾ ਦੀ ਮੌਤ ਦੇ ਮਾਮਲੇ ਵਿੱਚ ਨਾਮਜ਼ਦ ਲਾਲਜੀਤ ਸਿੰਘ ਭੁੱਲਰ ਦੇ ਪਿਤਾ ਸੁਖਦੇਵ ਸਿੰਘ ਭੁੱਲਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਫਿਲਹਾਲ ਕੋਈ ਵੱਡੀ ਰਾਹਤ ਨਹੀਂ ਮਿਲੀ। ਅਦਾਲਤ ਨੇ ਜਾਂਚ ਨੂੰ ਅੱਗੇ ਵਧਾਉਂਦਿਆਂ ਮ੍ਰਿਤਕ ਗਗਨਦੀਪ ਰੰਧਾਵਾ ਦੇ ਮੋਬਾਈਲ ਫੋਨ ਦੀ ਪੂਰੀ ਕਾਲ ਰਿਕਾਰਡਿੰਗ ਪੇਸ਼ ਕਰਨ ਦੇ ਹੁਕਮ ਦਿੱਤੇ ਹਨ, ਤਾਂ ਜੋ ਇਹ ਸਪੱਸ਼ਟ ਹੋ ਸਕੇ ਕਿ ਸੰਬੰਧਤ ਸਮੇਂ ਦੌਰਾਨ ਉਸ ਨਾਲ ਕਿਹੜੇ ਨੰਬਰਾਂ ਤੋਂ ਸੰਪਰਕ ਕੀਤਾ ਗਿਆ ਸੀ।
ਸੁਣਵਾਈ ਦੌਰਾਨ ਪੰਜਾਬ ਸਰਕਾਰ ਵੱਲੋਂ ਅਦਾਲਤ ਨੂੰ ਦੱਸਿਆ ਗਿਆ ਕਿ ਮ੍ਰਿਤਕ ਦਾ ਮੋਬਾਈਲ ਫੋਨ ਇਸ ਵੇਲੇ ਫੋਰੈਂਸਿਕ ਜਾਂਚ ਲਈ ਐੱਫਐੱਸਐੱਲ (FSL) ਕੋਲ ਭੇਜਿਆ ਹੋਇਆ ਹੈ। ਸਰਕਾਰ ਨੇ ਭਰੋਸਾ ਦਿੱਤਾ ਕਿ 24 ਅਗਸਤ ਨੂੰ ਹੋਣ ਵਾਲੀ ਅਗਲੀ ਸੁਣਵਾਈ ਦੌਰਾਨ ਲੋੜੀਂਦੀ ਕਾਲ ਰਿਕਾਰਡਿੰਗ ਅਦਾਲਤ ਅੱਗੇ ਪੇਸ਼ ਕਰ ਦਿੱਤੀ ਜਾਵੇਗੀ। ਹਾਈਕੋਰਟ ਨੇ ਖਾਸ ਤੌਰ ‘ਤੇ 13 ਮਾਰਚ ਤੋਂ 21 ਮਾਰਚ ਤੱਕ ਦੀ ਪੂਰੀ ਕਾਲ ਡਿਟੇਲ ਅਤੇ ਰਿਕਾਰਡਿੰਗ ਮੰਗੀ ਹੈ।
ਸੁਖਦੇਵ ਸਿੰਘ ਭੁੱਲਰ ਦੇ ਵਕੀਲ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਉਨ੍ਹਾਂ ਦੇ ਮੁਵੱਕਿਲ ਨੇ ਉਕਤ ਸਮੇਂ ਦੌਰਾਨ ਮ੍ਰਿਤਕ ਗਗਨਦੀਪ ਰੰਧਾਵਾ ਨਾਲ ਕਿਸੇ ਵੀ ਤਰ੍ਹਾਂ ਦੀ ਫੋਨ ‘ਤੇ ਗੱਲਬਾਤ ਨਹੀਂ ਕੀਤੀ। ਇਸ ਦਲੀਲ ਤੋਂ ਬਾਅਦ ਹੀ ਹਾਈਕੋਰਟ ਨੇ ਮਾਮਲੇ ਦੀ ਸੱਚਾਈ ਸਾਹਮਣੇ ਲਿਆਉਣ ਲਈ ਸੰਬੰਧਤ ਸਮੇਂ ਦੀ ਪੂਰੀ ਕਾਲ ਰਿਕਾਰਡਿੰਗ ਤਲਬ ਕਰਨ ਦੇ ਨਿਰਦੇਸ਼ ਜਾਰੀ ਕੀਤੇ।
ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਸੁਖਦੇਵ ਸਿੰਘ ਭੁੱਲਰ ਅਤੇ ਲਾਲਜੀਤ ਸਿੰਘ ਭੁੱਲਰ ਦੇ ਨਿੱਜੀ ਸਹਾਇਕ (ਪੀਏ) ਦਿਲਬਾਗ ਸਿੰਘ ਦੀ ਅਜੇ ਤੱਕ ਗ੍ਰਿਫਤਾਰੀ ਨਹੀਂ ਹੋਈ ਹੈ। ਜਾਂਚ ਏਜੰਸੀਆਂ ਵੱਲੋਂ ਦੋਵਾਂ ਸਬੰਧੀ ਕਾਰਵਾਈ ਅਜੇ ਵੀ ਜਾਰੀ ਹੈ ਅਤੇ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ।
ਦੂਜੇ ਪਾਸੇ, ਸੁਖਦੇਵ ਸਿੰਘ ਭੁੱਲਰ ਨੇ ਆਪਣੀ ਅਗਾਊਂ ਜ਼ਮਾਨਤ ਦੀ ਅਰਜ਼ੀ ਵਿੱਚ ਅਦਾਲਤ ਨੂੰ ਦੱਸਿਆ ਹੈ ਕਿ ਉਹ ਸਿਹਤ ਸੰਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਹ ਜਾਂਚ ਵਿੱਚ ਪੂਰਾ ਸਹਿਯੋਗ ਦੇਣ ਲਈ ਤਿਆਰ ਹਨ, ਇਸ ਲਈ ਉਨ੍ਹਾਂ ਨੂੰ ਅਗਾਊਂ ਜ਼ਮਾਨਤ ਦਾ ਲਾਭ ਦਿੱਤਾ ਜਾਣਾ ਚਾਹੀਦਾ ਹੈ।
-(ਪੀਟੀਸੀ ਨਿਊਜ)
ਨੋਟ– ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


