Sunday, August 23, 2026
Google search engine
Homeਤਾਜ਼ਾ ਖਬਰਖੰਡ ਦੀਆਂ ਕੀਮਤਾਂ ਨੂੰ ਲੱਗੀ ਮਹਿੰਗਾਈ ਦੀ ਚੜ੍ਹਤ, ਸਰਕਾਰ ਨੇ ਚੁੱਕੇ ਵੱਡੇ...

ਖੰਡ ਦੀਆਂ ਕੀਮਤਾਂ ਨੂੰ ਲੱਗੀ ਮਹਿੰਗਾਈ ਦੀ ਚੜ੍ਹਤ, ਸਰਕਾਰ ਨੇ ਚੁੱਕੇ ਵੱਡੇ ਕਦਮ

ਖੰਡ ਦੀਆਂ ਕੀਮਤਾਂ ਨੂੰ ਲੱਗੀ ਮਹਿੰਗਾਈ ਦੀ ਚੜ੍ਹਤ, ਸਰਕਾਰ ਨੇ ਚੁੱਕੇ ਵੱਡੇ ਕਦਮ

ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਦੇਸ਼ ਵਿੱਚ ਖੰਡ ਦੀਆਂ ਕੀਮਤਾਂ ਵਿੱਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਪਿਛਲੇ ਇੱਕ ਮਹੀਨੇ ਦੌਰਾਨ ਖੰਡ ਦੀ ਕੀਮਤ 48.18 ਰੁਪਏ ਪ੍ਰਤੀ ਕਿਲੋ ਤੋਂ ਵਧ ਕੇ ਲਗਭਗ 65 ਰੁਪਏ ਤੱਕ ਪਹੁੰਚ ਗਈ ਹੈ।

ਨਵੀਂ ਦਿੱਲੀ

ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਦੇਸ਼ ਵਿੱਚ ਖੰਡ ਦੀਆਂ ਕੀਮਤਾਂ ਵਿੱਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਪਿਛਲੇ ਇੱਕ ਮਹੀਨੇ ਦੌਰਾਨ ਖੰਡ ਦੀ ਕੀਮਤ 48.18 ਰੁਪਏ ਪ੍ਰਤੀ ਕਿਲੋ ਤੋਂ ਵਧ ਕੇ ਲਗਭਗ 65 ਰੁਪਏ ਤੱਕ ਪਹੁੰਚ ਗਈ ਹੈ। ਇਸ ਤਰ੍ਹਾਂ ਇੱਕ ਕਿਲੋ ਖੰਡ ਦੀ ਕੀਮਤ ਵਿੱਚ ਕਰੀਬ 17 ਰੁਪਏ ਦਾ ਵਾਧਾ ਹੋਇਆ ਹੈ। ਪ੍ਰਚੂਨ ਬਾਜ਼ਾਰ ਵਿੱਚ ਇਸ ਦਾ ਭਾਅ 70 ਰੁਪਏ ਪ੍ਰਤੀ ਕਿਲੋ ਤੱਕ ਦੱਸਿਆ ਜਾ ਰਿਹਾ ਹੈ।

ਕੀਮਤਾਂ ਵਿੱਚ ਇਸ ਤੇਜ਼ੀ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ ਸਪਲਾਈ ਵਧਾਉਣ ਅਤੇ ਜਮ੍ਹਾਖੋਰੀ ’ਤੇ ਰੋਕ ਲਗਾਉਣ ਲਈ ਕਈ ਕਦਮ ਚੁੱਕੇ ਹਨ। ਸਰਕਾਰ ਵੱਲੋਂ ਖੰਡ ਦੀ ਦਰਾਮਦ ਕਰਨ, ਸਟਾਕ ਦੀ ਹੱਦ ਤੈਅ ਕਰਨ ਅਤੇ ਬਾਜ਼ਾਰ ਦੀ ਨਿਗਰਾਨੀ ਵਧਾਉਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ।

ਸਰਕਾਰ ਨੇ ਖੰਡ ਦੀਆਂ ਵਧਦੀਆਂ ਕੀਮਤਾਂ ਲਈ ਈਥਾਨੌਲ ਨੀਤੀ ਨੂੰ ਜ਼ਿੰਮੇਵਾਰ ਮੰਨਣ ਤੋਂ ਇਨਕਾਰ ਕੀਤਾ ਹੈ। ਕੇਂਦਰ ਦਾ ਕਹਿਣਾ ਹੈ ਕਿ ਮੌਜੂਦਾ ਹਾਲਾਤਾਂ ਵਿੱਚ ਈਥਾਨੌਲ ਲਈ ਖੰਡ ਦੀ ਵਰਤੋਂ ਪਹਿਲਾਂ ਦੇ ਮੁਕਾਬਲੇ ਘਟੀ ਹੈ। ਸਰਕਾਰ ਮੁਤਾਬਕ 2022-23 ਵਿੱਚ ਈਥਾਨੌਲ ਉਤਪਾਦਨ ਲਈ ਖੰਡ ਦਾ ਲਗਭਗ 12 ਫ਼ੀਸਦੀ ਹਿੱਸਾ ਵਰਤਿਆ ਗਿਆ ਸੀ, ਜਦਕਿ ਇਸ ਵਾਰ ਇਹ ਹਿੱਸਾ ਕਰੀਬ 9 ਫ਼ੀਸਦੀ ਰਹਿ ਗਿਆ ਹੈ।

ਖੰਡ ਦੀ ਜਮ੍ਹਾਖੋਰੀ ਰੋਕਣ ਲਈ ਵੀ ਸਰਕਾਰ ਨੇ ਸਖ਼ਤੀ ਵਧਾ ਦਿੱਤੀ ਹੈ। 30 ਨਵੰਬਰ ਤੱਕ ਵਪਾਰੀਆਂ ਲਈ 400 ਟਨ ਦੀ ਸਟਾਕ ਹੱਦ ਤੈਅ ਕੀਤੀ ਗਈ ਹੈ। ਇਸ ਤੋਂ ਇਲਾਵਾ 1 ਸਤੰਬਰ ਤੋਂ ਥੋਕ ਖਪਤਕਾਰ ਆਪਣੀ 15 ਦਿਨਾਂ ਦੀ ਲੋੜ ਤੋਂ ਵੱਧ ਖੰਡ ਦਾ ਭੰਡਾਰ ਨਹੀਂ ਕਰ ਸਕਣਗੇ। ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਸਾਂਝੀਆਂ ਟੀਮਾਂ ਵੱਲੋਂ ਖੰਡ ਮਿੱਲਾਂ ਵਿੱਚ ਮੌਜੂਦ ਸਟਾਕ ਦੀ ਜਾਂਚ ਵੀ ਕੀਤੀ ਜਾਵੇਗੀ।

ਬਾਜ਼ਾਰ ਵਿੱਚ ਤੁਰੰਤ ਸਪਲਾਈ ਵਧਾਉਣ ਲਈ ਸਰਕਾਰ ਵੱਲੋਂ 10 ਲੱਖ ਟਨ ਕੱਚੀ ਖੰਡ ਦੀ ਕਸਟਮ ਡਿਊਟੀ ਤੋਂ ਮੁਕਤ ਦਰਾਮਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਅਗਸਤ ਤੋਂ ਨਵੰਬਰ ਤੱਕ ਗਣੇਸ਼ ਚਤੁਰਥੀ, ਦਸਹਿਰਾ ਅਤੇ ਦੀਵਾਲੀ ਵਰਗੇ ਵੱਡੇ ਤਿਉਹਾਰ ਹੋਣ ਕਾਰਨ ਖੰਡ ਦੀ ਮੰਗ ਵਧਣ ਦੀ ਉਮੀਦ ਹੈ। ਇਸ ਦੇ ਨਾਲ ਹੀ ਨਵੇਂ ਗੰਨਾ ਸੀਜ਼ਨ ਦੀ ਪਿੜਾਈ ਅਕਤੂਬਰ ਤੋਂ ਸ਼ੁਰੂ ਹੋਣੀ ਹੈ।

ਦੇਸ਼ ਵਿੱਚ ਆਮ ਤੌਰ ’ਤੇ ਹਰ ਸਾਲ 320 ਤੋਂ 340 ਲੱਖ ਟਨ ਦੇ ਕਰੀਬ ਖੰਡ ਦਾ ਉਤਪਾਦਨ ਹੁੰਦਾ ਹੈ, ਜਦਕਿ ਘਰੇਲੂ ਖਪਤ ਲਗਭਗ 280 ਤੋਂ 290 ਲੱਖ ਟਨ ਰਹਿੰਦੀ ਹੈ। ਇਸ ਕਾਰਨ ਆਮ ਹਾਲਾਤਾਂ ਵਿੱਚ 40 ਤੋਂ 50 ਲੱਖ ਟਨ ਦਾ ਵਾਧੂ ਸਟਾਕ ਉਪਲਬਧ ਰਹਿੰਦਾ ਹੈ। ਪਰ ਇਸ ਸਾਲ ਖੰਡ ਦੇ ਉਤਪਾਦਨ ਵਿੱਚ ਕਮੀ ਆਉਣ ਕਾਰਨ ਸਟਾਕ ’ਤੇ ਵੀ ਅਸਰ ਪਿਆ ਹੈ।

ਮੌਜੂਦਾ ਸੀਜ਼ਨ ਲਈ ਪਹਿਲਾਂ ਖੰਡ ਉਤਪਾਦਨ ਦਾ ਅਨੁਮਾਨ ਕਰੀਬ 343 ਲੱਖ ਟਨ ਲਗਾਇਆ ਗਿਆ ਸੀ, ਪਰ ਬਾਅਦ ਵਿੱਚ ਇਹ ਘਟ ਕੇ ਲਗਭਗ 306 ਲੱਖ ਟਨ ਰਹਿ ਗਿਆ। ਯਾਨੀ ਅੰਦਾਜ਼ੇ ਦੇ ਮੁਕਾਬਲੇ ਕਰੀਬ 37 ਲੱਖ ਟਨ ਘੱਟ ਉਤਪਾਦਨ ਹੋਇਆ। ਗੰਨੇ ਵਿੱਚ ਰੈੱਡ ਰਾਟ ਅਤੇ ਟਾਪ ਬੋਰਰ ਵਰਗੀਆਂ ਬਿਮਾਰੀਆਂ ਤੋਂ ਇਲਾਵਾ ਭਾਰੀ ਮੀਂਹ ਨੂੰ ਵੀ ਉਤਪਾਦਨ ਵਿੱਚ ਕਮੀ ਦਾ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ।

ਸਿਰਫ਼ ਭਾਰਤ ਹੀ ਨਹੀਂ, ਸਗੋਂ ਕੌਮਾਂਤਰੀ ਬਾਜ਼ਾਰ ਵਿੱਚ ਵੀ ਖੰਡ ਦੀ ਉਪਲਬਧਤਾ ਤੰਗ ਹੋਣ ਦੀਆਂ ਖ਼ਬਰਾਂ ਹਨ। 2026-27 ਵਿੱਚ ਦੁਨੀਆ ਭਰ ਵਿੱਚ ਕਰੀਬ 33 ਲੱਖ ਟਨ ਖੰਡ ਦੀ ਕਮੀ ਰਹਿਣ ਦਾ ਅਨੁਮਾਨ ਹੈ। ਕੌਮਾਂਤਰੀ ਬਾਜ਼ਾਰ ਵਿੱਚ ਖੰਡ ਦੀ ਕੀਮਤ ਵੀ 30 ਜੂਨ ਨੂੰ 474 ਡਾਲਰ ਪ੍ਰਤੀ ਟਨ ਤੋਂ ਵਧ ਕੇ 20 ਅਗਸਤ ਨੂੰ 552 ਡਾਲਰ ਪ੍ਰਤੀ ਟਨ ਹੋ ਗਈ ਹੈ।

ਅਜਿਹੇ ਹਾਲਾਤਾਂ ਵਿੱਚ ਦਰਾਮਦ ਵੀ ਪਹਿਲਾਂ ਵਾਂਗ ਸਸਤਾ ਵਿਕਲਪ ਨਹੀਂ ਰਹੀ। ਇਸ ਦੇ ਬਾਵਜੂਦ ਸਰਕਾਰ ਨੇ ਘਰੇਲੂ ਬਾਜ਼ਾਰ ਵਿੱਚ ਸਪਲਾਈ ਵਧਾਉਣ ਲਈ 10 ਲੱਖ ਟਨ ਕੱਚੀ ਖੰਡ ਦੀ ਕਸਟਮ ਮੁਕਤ ਦਰਾਮਦ ਦਾ ਫ਼ੈਸਲਾ ਕੀਤਾ ਹੈ।

ਈਥਾਨੌਲ ਨੀਤੀ ਦਾ ਬਚਾਅ ਕਰਦਿਆਂ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਦੇਸ਼ ਵਿੱਚ ਬਣਨ ਵਾਲੇ ਈਥਾਨੌਲ ਦਾ ਲਗਭਗ ਤਿੰਨ-ਚੌਥਾਈ ਹਿੱਸਾ ਹੁਣ ਅਨਾਜ, ਖ਼ਾਸ ਕਰਕੇ ਮੱਕੀ ਤੋਂ ਤਿਆਰ ਕੀਤਾ ਜਾ ਰਿਹਾ ਹੈ। ਸਰਕਾਰ ਮੁਤਾਬਕ ਵਾਧੂ ਖੰਡ ਨੂੰ ਈਥਾਨੌਲ ਵਿੱਚ ਬਦਲਣ ਨਾਲ ਖੰਡ ਮਿੱਲਾਂ ਦੀ ਵਿੱਤੀ ਹਾਲਤ ਸੁਧਰੀ ਹੈ ਅਤੇ ਗੰਨਾ ਕਿਸਾਨਾਂ ਨੂੰ ਸਮੇਂ ਸਿਰ ਭੁਗਤਾਨ ਕਰਨ ਵਿੱਚ ਵੀ ਮਦਦ ਮਿਲੀ ਹੈ।

ਇਸ ਦੌਰਾਨ ਕੇਂਦਰ ਸਰਕਾਰ ਨੇ ਖੰਡ ਮਿੱਲਾਂ ਨੂੰ ਨਵੇਂ ਸੀਜ਼ਨ ਦੀ ਪਿੜਾਈ 15 ਅਕਤੂਬਰ ਤੋਂ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ। ਹੁਣ ਆਉਣ ਵਾਲੇ ਡੇਢ ਤੋਂ ਦੋ ਮਹੀਨੇ ਖੰਡ ਦੀਆਂ ਕੀਮਤਾਂ ਅਤੇ ਬਾਜ਼ਾਰ ਵਿੱਚ ਇਸ ਦੀ ਉਪਲਬਧਤਾ ਦੇ ਪੱਖੋਂ ਕਾਫ਼ੀ ਅਹਿਮ ਮੰਨੇ ਜਾ ਰਹੇ ਹਨ।

-(ਪੰਜਾਬੀ ਜਾਗਰਣ)

ਨੋਟਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀਤੇ ਪੜ੍ਹੋ ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ਤੇ ਜਾ ਕੇ ਪੜ੍ਹੋ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments