ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਐਨਾਲੌਗ ਪਨੀਰ ਦੀ ਵਿਕਰੀ ਤੇ ਉਤਪਾਦਨ ’ਤੇ ਇੱਕ ਸਾਲ ਲਈ ਰੋਕ
ਹੁਕਮਾਂ ਮੁਤਾਬਕ ਹੁਣ ਪੰਜਾਬ ਵਿੱਚ ਕੋਈ ਵੀ ਫੂਡ ਬਿਜ਼ਨਸ ਆਪਰੇਟਰ ਐਨਾਲੌਗ ਪਨੀਰ ਦਾ ਉਤਪਾਦਨ ਜਾਂ ਭੰਡਾਰਨ ਨਹੀਂ ਕਰ ਸਕੇਗਾ। ਇਸ ਦੇ ਨਾਲ ਹੀ ਇਸ ਦੀ ਇੱਕ ਥਾਂ ਤੋਂ ਦੂਜੀ ਥਾਂ ਢੁਆਈ, ਸਪਲਾਈ, ਵੰਡ ਅਤੇ ਵਿਕਰੀ ਵੀ ਮਨਾਹੀ ਰਹੇਗੀ।

ਚੰਡੀਗੜ੍ਹ
ਪੰਜਾਬ ਸਰਕਾਰ ਨੇ ਲੋਕਾਂ ਨੂੰ ਸੁਰੱਖਿਅਤ ਅਤੇ ਮਿਆਰੀ ਖੁਰਾਕ ਮੁਹੱਈਆ ਕਰਵਾਉਣ ਲਈ ਸੂਬੇ ਵਿੱਚ ਨਾਨ-ਡੇਅਰੀ ਯਾਨੀ ਐਨਾਲੌਗ ਪਨੀਰ ’ਤੇ ਇੱਕ ਸਾਲ ਲਈ ਪਾਬੰਦੀ ਲਗਾ ਦਿੱਤੀ ਹੈ। ਇਸ ਤਹਿਤ ਐਨਾਲੌਗ ਪਨੀਰ ਦੇ ਉਤਪਾਦਨ ਤੋਂ ਲੈ ਕੇ ਇਸ ਦੀ ਵਿਕਰੀ, ਸਪਲਾਈ ਅਤੇ ਭੰਡਾਰਨ ਤੱਕ ਸਾਰੀਆਂ ਗਤੀਵਿਧੀਆਂ ’ਤੇ ਰੋਕ ਰਹੇਗੀ।
ਇਸ ਸਬੰਧੀ ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ, ਪੰਜਾਬ ਵੱਲੋਂ ਅਧਿਕਾਰਤ ਹੁਕਮ ਜਾਰੀ ਕੀਤੇ ਗਏ ਹਨ। ਇਹ ਕਾਰਵਾਈ ਫੂਡ ਸੇਫਟੀ ਐਂਡ ਸਟੈਂਡਰਡ ਐਕਟ-2006 ਦੀ ਧਾਰਾ 30(2)(ਏ) ਤਹਿਤ ਕੀਤੀ ਗਈ ਹੈ।
ਹੁਕਮਾਂ ਮੁਤਾਬਕ ਹੁਣ ਪੰਜਾਬ ਵਿੱਚ ਕੋਈ ਵੀ ਫੂਡ ਬਿਜ਼ਨਸ ਆਪਰੇਟਰ ਐਨਾਲੌਗ ਪਨੀਰ ਦਾ ਉਤਪਾਦਨ ਜਾਂ ਭੰਡਾਰਨ ਨਹੀਂ ਕਰ ਸਕੇਗਾ। ਇਸ ਦੇ ਨਾਲ ਹੀ ਇਸ ਦੀ ਇੱਕ ਥਾਂ ਤੋਂ ਦੂਜੀ ਥਾਂ ਢੁਆਈ, ਸਪਲਾਈ, ਵੰਡ ਅਤੇ ਵਿਕਰੀ ਵੀ ਮਨਾਹੀ ਰਹੇਗੀ।
ਫੂਡ ਸੇਫਟੀ ਵਿਭਾਗ ਵੱਲੋਂ ਸਖ਼ਤ ਨਿਗਰਾਨੀ
ਇਹ ਹੁਕਮ ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ ਦੀ ਕਮਿਸ਼ਨਰ ਕੰਵਲਪ੍ਰੀਤ ਬਰਾੜ ਵੱਲੋਂ ਜਾਰੀ ਕੀਤੇ ਗਏ ਹਨ। ਸਰਕਾਰ ਮੁਤਾਬਕ ਇਸ ਕਦਮ ਦਾ ਮੁੱਖ ਮਕਸਦ ਲੋਕਾਂ ਨੂੰ ਸੁਰੱਖਿਅਤ ਅਤੇ ਮਿਆਰੀ ਖੁਰਾਕ ਮੁਹੱਈਆ ਕਰਵਾਉਣਾ ਹੈ।
ਵਿਭਾਗ ਦੇ ਜੁਆਇੰਟ ਫੂਡ ਕਮਿਸ਼ਨਰ ਅਮਿਤ ਜੋਸ਼ੀ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ’ਤੇ ਜਾਂਚ ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੌਰਾਨ ਡੇਅਰੀ ਯੂਨਿਟਾਂ, ਪਨੀਰ ਬਣਾਉਣ ਵਾਲੀਆਂ ਫੈਕਟਰੀਆਂ, ਹੋਲਸੇਲਰਾਂ, ਰਿਟੇਲਰਾਂ, ਕੋਲਡ ਸਟੋਰਾਂ ਅਤੇ ਗੋਦਾਮਾਂ ਦੀ ਸਘਣ ਜਾਂਚ ਕੀਤੀ ਜਾਵੇਗੀ।
ਪਨੀਰ ਲਿਜਾਣ ਵਾਲੇ ਵਾਹਨਾਂ ਦੀ ਵੀ ਹੋਵੇਗੀ ਚੈਕਿੰਗ
ਫੂਡ ਸੇਫਟੀ ਟੀਮਾਂ ਵੱਲੋਂ ਪਨੀਰ ਦੀ ਢੁਆਈ ਕਰਨ ਵਾਲੇ ਵਾਹਨਾਂ ਦੀ ਵੀ ਜਾਂਚ ਕੀਤੀ ਜਾਵੇਗੀ। ਇਸ ਤੋਂ ਇਲਾਵਾ ਹੋਟਲਾਂ ਅਤੇ ਰੈਸਟੋਰੈਂਟਾਂ ਵਿੱਚ ਵਰਤੇ ਜਾ ਰਹੇ ਪਨੀਰ ਦੀ ਖਰੀਦ ਨਾਲ ਸਬੰਧਤ ਰਿਕਾਰਡ ਵੀ ਚੈੱਕ ਕੀਤੇ ਜਾਣਗੇ।
ਅਧਿਕਾਰੀ ਇਹ ਯਕੀਨੀ ਬਣਾਉਣ ਲਈ ਵੱਖ-ਵੱਖ ਪੱਧਰਾਂ ’ਤੇ ਨਿਗਰਾਨੀ ਕਰਨਗੇ ਕਿ ਐਨਾਲੌਗ ਪਨੀਰ ਦਾ ਨਾ ਤਾਂ ਉਤਪਾਦਨ ਹੋਵੇ, ਨਾ ਭੰਡਾਰਨ ਅਤੇ ਨਾ ਹੀ ਇਸ ਦੀ ਸਪਲਾਈ ਜਾਂ ਵਿਕਰੀ ਕੀਤੀ ਜਾਵੇ।
ਸਰਕਾਰ ਦੇ ਇਸ ਫੈਸਲੇ ਨਾਲ ਪੰਜਾਬ ਵਿੱਚ ਐਨਾਲੌਗ ਪਨੀਰ ਦੇ ਕਾਰੋਬਾਰ ਨਾਲ ਜੁੜੇ ਉਤਪਾਦਕਾਂ, ਸਪਲਾਇਰਾਂ, ਥੋਕ ਅਤੇ ਪ੍ਰਚੂਨ ਵਿਕਰੇਤਾਵਾਂ ’ਤੇ ਸਿੱਧਾ ਅਸਰ ਪਵੇਗਾ।
-(ਟੀਵੀ 9 ਪੰਜਾਬੀ)
ਨੋਟ– ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


