Friday, August 28, 2026
Google search engine
Homeਅਪਰਾਧਖੰਨਾ ਥਾਣੇ ’ਚ ਤਸ਼ੱਦਦ ਦਾ ਮਾਮਲਾ: ਸਾਬਕਾ ਪੁਲਿਸ ਅਧਿਕਾਰੀ ਨੂੰ 3 ਸਾਲ...

ਖੰਨਾ ਥਾਣੇ ’ਚ ਤਸ਼ੱਦਦ ਦਾ ਮਾਮਲਾ: ਸਾਬਕਾ ਪੁਲਿਸ ਅਧਿਕਾਰੀ ਨੂੰ 3 ਸਾਲ ਦੀ ਸਜ਼ਾ, ਪੀੜਤ ਧਿਰ ਵੱਲੋਂ ਵੱਡੀ ਸਜ਼ਾ ਲਈ ਅਪੀਲ ਦੀ ਤਿਆਰੀ

ਖੰਨਾ ਥਾਣੇ ’ਚ ਤਸ਼ੱਦਦ ਦਾ ਮਾਮਲਾ: ਸਾਬਕਾ ਪੁਲਿਸ ਅਧਿਕਾਰੀ ਨੂੰ 3 ਸਾਲ ਦੀ ਸਜ਼ਾ, ਪੀੜਤ ਧਿਰ ਵੱਲੋਂ ਵੱਡੀ ਸਜ਼ਾ ਲਈ ਅਪੀਲ ਦੀ ਤਿਆਰੀ

ਮਾਮਲਾ ਇੱਕ ਅੰਮ੍ਰਿਤਧਾਰੀ ਵਿਅਕਤੀ, ਉਸ ਦੇ ਪੁੱਤਰ ਅਤੇ ਇੱਕ ਹੋਰ ਵਿਅਕਤੀ ਨੂੰ ਥਾਣੇ ਵਿੱਚ ਕਥਿਤ ਤੌਰ ’ਤੇ ਨਗਨ ਕਰਕੇ ਕੁੱਟਣ ਅਤੇ ਘਟਨਾ ਦੀ ਵੀਡੀਓ ਬਣਾਉਣ ਨਾਲ ਸਬੰਧਤ ਹੈ।

ਲੁਧਿਆਣਾ

ਲੁਧਿਆਣਾ ਦੀ ਸੈਸ਼ਨ ਅਦਾਲਤ ਨੇ ਕਰੀਬ ਛੇ ਸਾਲ ਪੁਰਾਣੇ ਖੰਨਾ ਥਾਣੇ ਨਾਲ ਸਬੰਧਤ ਇੱਕ ਚਰਚਿਤ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਸਾਬਕਾ ਇੰਸਪੈਕਟਰ ਅਤੇ ਤਤਕਾਲੀ ਐੱਸ.ਐੱਚ.ਓ. ਬਲਜਿੰਦਰ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਮਾਮਲਾ ਇੱਕ ਅੰਮ੍ਰਿਤਧਾਰੀ ਵਿਅਕਤੀ, ਉਸ ਦੇ ਪੁੱਤਰ ਅਤੇ ਇੱਕ ਹੋਰ ਵਿਅਕਤੀ ਨੂੰ ਥਾਣੇ ਵਿੱਚ ਕਥਿਤ ਤੌਰ ’ਤੇ ਨਗਨ ਕਰਕੇ ਕੁੱਟਣ ਅਤੇ ਘਟਨਾ ਦੀ ਵੀਡੀਓ ਬਣਾਉਣ ਨਾਲ ਸਬੰਧਤ ਹੈ।

ਮਾਮਲਾ ਜੂਨ 2019 ਦਾ ਦੱਸਿਆ ਜਾ ਰਿਹਾ ਹੈ। ਦੋਸ਼ਾਂ ਮੁਤਾਬਕ ਖੰਨਾ ਦੇ ਸਦਰ ਥਾਣੇ ਵਿੱਚ ਤਾਇਨਾਤ ਐੱਸ.ਐੱਚ.ਓ. ਬਲਜਿੰਦਰ ਸਿੰਘ ਨੇ ਆਪਣੇ ਦਫ਼ਤਰ ਵਿੱਚ ਤਿੰਨ ਵਿਅਕਤੀਆਂ ਦੇ ਕੱਪੜੇ ਉਤਰਵਾਏ ਅਤੇ ਉਨ੍ਹਾਂ ਨਾਲ ਕੁੱਟਮਾਰ ਕੀਤੀ। ਇਸ ਦੌਰਾਨ ਕਥਿਤ ਤੌਰ ’ਤੇ ਪੂਰੀ ਘਟਨਾ ਦੀ ਵੀਡੀਓ ਵੀ ਬਣਾਈ ਗਈ, ਜੋ ਬਾਅਦ ਵਿੱਚ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਸੀ।

ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮਾਮਲੇ ਨੇ ਕਾਫ਼ੀ ਤੂਲ ਫੜ ਲਿਆ ਸੀ। ਪੁਲਿਸ ਦੀ ਕਾਰਵਾਈ ਅਤੇ ਥਾਣੇ ਅੰਦਰ ਕਥਿਤ ਤਸ਼ੱਦਦ ਨੂੰ ਲੈ ਕੇ ਪੰਜਾਬ ਭਰ ਵਿੱਚ ਸਵਾਲ ਉੱਠੇ ਸਨ।

ਹਾਈ ਕੋਰਟ ਦੇ ਦਖ਼ਲ ਤੋਂ ਬਾਅਦ ਹੋਈ ਜਾਂਚ

ਪੀੜਤ ਧਿਰ ਨੇ ਇਨਸਾਫ਼ ਲਈ ਲੰਮਾ ਕਾਨੂੰਨੀ ਰਾਹ ਅਪਣਾਇਆ। ਸ਼ੁਰੂਆਤੀ ਪੱਧਰ ’ਤੇ ਪੁਲਿਸ ਵੱਲੋਂ ਉਮੀਦ ਮੁਤਾਬਕ ਕਾਰਵਾਈ ਨਾ ਹੋਣ ਦੇ ਦੋਸ਼ ਲਗਾਉਂਦਿਆਂ ਪੀੜਤਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਖ ਕੀਤਾ।

ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਬਾਅਦ ਵਿੱਚ ਏ.ਡੀ.ਜੀ.ਪੀ. ਡਾ. ਨਰੇਸ਼ ਅਰੋੜਾ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ (SIT) ਬਣਾਈ ਗਈ। SIT ਨੇ ਮਾਮਲੇ ਦੀ ਜਾਂਚ ਕਰਕੇ ਆਪਣੀ ਰਿਪੋਰਟ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਦਾ ਰਾਹ ਪੱਧਰਾ ਕੀਤਾ।

2020 ਵਿੱਚ ਦਰਜ ਹੋਇਆ ਸੀ ਕੇਸ

ਜਾਂਚ ਤੋਂ ਬਾਅਦ ਸਾਲ 2020 ਵਿੱਚ ਖੰਨਾ ਦੇ ਸਿਟੀ ਥਾਣਾ-1 ਵਿੱਚ ਤਤਕਾਲੀ ਇੰਸਪੈਕਟਰ ਬਲਜਿੰਦਰ ਸਿੰਘ ਅਤੇ ਹੌਲਦਾਰ ਵਰੁਣ ਕੁਮਾਰ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।

ਦੋਵਾਂ ਖ਼ਿਲਾਫ਼ ਗੈਰ-ਕਾਨੂੰਨੀ ਹਿਰਾਸਤ, ਕੁੱਟਮਾਰ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਐੱਸਸੀ-ਐੱਸਟੀ ਐਕਟ ਸਮੇਤ ਵੱਖ-ਵੱਖ ਗੰਭੀਰ ਧਾਰਾਵਾਂ ਤਹਿਤ ਕਾਰਵਾਈ ਕੀਤੀ ਗਈ ਸੀ। ਇਸ ਤੋਂ ਇਲਾਵਾ ਘਟਨਾ ਨਾਲ ਸਬੰਧਤ ਵੀਡੀਓ ਨੂੰ ਸੋਸ਼ਲ ਮੀਡੀਆ ’ਤੇ ਫੈਲਾਉਣ ਦੇ ਮਾਮਲੇ ਵਿੱਚ ਆਈ.ਟੀ. ਐਕਟ ਦੀਆਂ ਧਾਰਾਵਾਂ ਵੀ ਲਗਾਈਆਂ ਗਈਆਂ ਸਨ।

ਪੀੜਤ ਧਿਰ ਸਜ਼ਾ ਤੋਂ ਸੰਤੁਸ਼ਟ ਨਹੀਂ

ਸ਼ਿਕਾਇਤਕਰਤਾ ਧਿਰ ਦੇ ਸੀਨੀਅਰ ਵਕੀਲ ਗੁਰਵਿੰਦਰ ਸਿੰਘ ਬਰਾੜ ਨੇ ਅਦਾਲਤ ਵੱਲੋਂ ਬਲਜਿੰਦਰ ਸਿੰਘ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਏ ਜਾਣ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਪੀੜਤ ਪੱਖ ਦਾ ਕਹਿਣਾ ਹੈ ਕਿ ਸਜ਼ਾ ਹੋਰ ਸਖ਼ਤ ਹੋਣੀ ਚਾਹੀਦੀ ਸੀ।

ਵਕੀਲ ਬਰਾੜ ਮੁਤਾਬਕ ਉਹ ਪੰਜਾਬ ਦੇ ਡੀਜੀਪੀ ਨਾਲ ਮੁਲਾਕਾਤ ਕਰਕੇ ਦੋਸ਼ੀ ਠਹਿਰਾਏ ਗਏ ਸਾਬਕਾ ਇੰਸਪੈਕਟਰ ਨੂੰ ਪੁਲਿਸ ਸੇਵਾ ਤੋਂ ਬਰਖ਼ਾਸਤ ਕਰਨ ਦੀ ਮੰਗ ਕਰਨਗੇ। ਇਸ ਤੋਂ ਇਲਾਵਾ ਸਜ਼ਾ ਵਿੱਚ ਵਾਧੇ ਦੀ ਮੰਗ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਜਾਵੇਗਾ।

ਫ਼ਿਲਹਾਲ ਸੈਸ਼ਨ ਅਦਾਲਤ ਦੇ ਵਿਸਤ੍ਰਿਤ ਲਿਖਤੀ ਫ਼ੈਸਲੇ ਦੀ ਕਾਪੀ ਮਿਲਣੀ ਬਾਕੀ ਹੈ। ਫ਼ੈਸਲੇ ਦੀ ਪੂਰੀ ਕਾਪੀ ਸਾਹਮਣੇ ਆਉਣ ਤੋਂ ਬਾਅਦ ਹੀ ਇਹ ਸਪੱਸ਼ਟ ਹੋਵੇਗਾ ਕਿ ਦੋਸ਼ੀ ’ਤੇ ਕਿੰਨਾ ਜੁਰਮਾਨਾ ਲਗਾਇਆ ਗਿਆ ਹੈ ਅਤੇ ਸਹਿ-ਮੁਲਜ਼ਮ ਹੌਲਦਾਰ ਵਰੁਣ ਕੁਮਾਰ ਸਬੰਧੀ ਅਦਾਲਤ ਨੇ ਕੀ ਹੁਕਮ ਦਿੱਤੇ ਹਨ।

-(ਪੀਟੀਸੀ ਨਿਊਜ)

ਨੋਟਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀਤੇ ਪੜ੍ਹੋ ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ਤੇ ਜਾ ਕੇ ਪੜ੍ਹੋ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments