Friday, September 11, 2026
Google search engine
Homeਤਾਜ਼ਾ ਖਬਰਕੋਲੇ ਦੀ ਕਮੀ ਨੇ ਵਧਾਈ ਪੰਜਾਬ ਦੀ ਚਿੰਤਾ, ਰਿਕਾਰਡ ਮੰਗ ਦੇ ਮੁਕਾਬਲੇ...

ਕੋਲੇ ਦੀ ਕਮੀ ਨੇ ਵਧਾਈ ਪੰਜਾਬ ਦੀ ਚਿੰਤਾ, ਰਿਕਾਰਡ ਮੰਗ ਦੇ ਮੁਕਾਬਲੇ ਘੱਟ ਪੈ ਰਿਹਾ ਬਿਜਲੀ ਉਤਪਾਦਨ

ਕੋਲੇ ਦੀ ਕਮੀ ਨੇ ਵਧਾਈ ਪੰਜਾਬ ਦੀ ਚਿੰਤਾ, ਰਿਕਾਰਡ ਮੰਗ ਦੇ ਮੁਕਾਬਲੇ ਘੱਟ ਪੈ ਰਿਹਾ ਬਿਜਲੀ ਉਤਪਾਦਨ

ਪ੍ਰਾਈਵੇਟ ਖੇਤਰ ਦੇ ਤਲਵੰਡੀ ਸਾਬੋ ਥਰਮਲ ਪਲਾਂਟ ਦਾ ਇੱਕ ਯੂਨਿਟ ਬੀਤੇ ਦਿਨ ਤੋਂ ਬੰਦ ਹੈ। ਇਸ ਤੋਂ ਇਲਾਵਾ ਰਾਜਪੁਰਾ ਥਰਮਲ ਪਲਾਂਟ ਦਾ ਵੀ ਇੱਕ ਯੂਨਿਟ ਪ੍ਰਭਾਵਿਤ ਹੋਣ ਕਾਰਨ ਸੂਬੇ ਦੀ ਆਪਣੀ ਬਿਜਲੀ ਉਤਪਾਦਨ ਸਮਰੱਥਾ ’ਤੇ ਦਬਾਅ ਵਧ ਗਿਆ ਹੈ।

ਚੰਡੀਗੜ੍ਹ

ਪੰਜਾਬ ਵਿੱਚ ਕੋਲੇ ਦੀ ਕਮੀ ਅਤੇ ਬਿਜਲੀ ਦੀ ਤੇਜ਼ੀ ਨਾਲ ਵਧ ਰਹੀ ਮੰਗ ਨੇ ਸੂਬੇ ਵਿੱਚ ਬਿਜਲੀ ਸਪਲਾਈ ਦਾ ਸੰਕਟ ਹੋਰ ਗੰਭੀਰ ਕਰ ਦਿੱਤਾ ਹੈ। ਕੋਲੇ ਦੀ ਘਾਟ ਕਾਰਨ ਥਰਮਲ ਪਲਾਂਟ ਪੂਰੀ ਸਮਰੱਥਾ ਨਾਲ ਨਹੀਂ ਚੱਲ ਰਹੇ, ਜਿਸ ਦਾ ਸਿੱਧਾ ਅਸਰ ਬਿਜਲੀ ਉਤਪਾਦਨ ’ਤੇ ਪੈ ਰਿਹਾ ਹੈ। ਦੂਜੇ ਪਾਸੇ ਹੁੰਮਸ ਅਤੇ ਗਰਮੀ ਕਾਰਨ ਬਿਜਲੀ ਦੀ ਮੰਗ ਲਗਾਤਾਰ ਵਧ ਰਹੀ ਹੈ।

ਪ੍ਰਾਈਵੇਟ ਖੇਤਰ ਦੇ ਤਲਵੰਡੀ ਸਾਬੋ ਥਰਮਲ ਪਲਾਂਟ ਦਾ ਇੱਕ ਯੂਨਿਟ ਬੀਤੇ ਦਿਨ ਤੋਂ ਬੰਦ ਹੈ। ਇਸ ਤੋਂ ਇਲਾਵਾ ਰਾਜਪੁਰਾ ਥਰਮਲ ਪਲਾਂਟ ਦਾ ਵੀ ਇੱਕ ਯੂਨਿਟ ਪ੍ਰਭਾਵਿਤ ਹੋਣ ਕਾਰਨ ਸੂਬੇ ਦੀ ਆਪਣੀ ਬਿਜਲੀ ਉਤਪਾਦਨ ਸਮਰੱਥਾ ’ਤੇ ਦਬਾਅ ਵਧ ਗਿਆ ਹੈ।

ਕੇਂਦਰੀ ਪੂਲ ਤੋਂ ਮਹਿੰਗੀ ਬਿਜਲੀ ਲੈਣ ਦੇ ਬਾਵਜੂਦ ਨਹੀਂ ਬਣ ਰਿਹਾ ਸੰਤੁਲਨ

ਥਰਮਲ ਪਲਾਂਟਾਂ ਤੋਂ ਘੱਟ ਬਿਜਲੀ ਮਿਲਣ ਕਾਰਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਨੂੰ ਕੇਂਦਰੀ ਪੂਲ ਤੋਂ ਵੱਡੀ ਮਾਤਰਾ ਵਿੱਚ ਬਿਜਲੀ ਖ਼ਰੀਦਣੀ ਪੈ ਰਹੀ ਹੈ। ਅਧਿਕਾਰੀਆਂ ਮੁਤਾਬਕ ਕੋਲੇ ਦੀ ਸਪਲਾਈ ਤਾਂ ਹੋ ਰਹੀ ਹੈ, ਪਰ ਮੌਜੂਦਾ ਲੋੜ ਦੇ ਮੁਕਾਬਲੇ ਇਸ ਦੀ ਮਾਤਰਾ ਘੱਟ ਹੈ।

ਬਿਜਲੀ ਦੀ ਮੰਗ ਅਤੇ ਉਪਲਬਧਤਾ ਵਿਚਕਾਰ ਵਧ ਰਹੇ ਫ਼ਰਕ ਦਾ ਅਸਰ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਵਿੱਚ ਵੀ ਨਜ਼ਰ ਆ ਰਿਹਾ ਹੈ। ਕਈ ਥਾਵਾਂ ’ਤੇ ਲੋਕਾਂ ਨੂੰ ਅਣ-ਐਲਾਨੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਬਿਜਲੀ ਮੰਤਰੀ ਦੀ ਚਿਤਾਵਨੀ ਤੋਂ ਬਾਅਦ ਹਾਲਾਤ ਹੋਰ ਚਿੰਤਾਜਨਕ

ਕੁਝ ਦਿਨ ਪਹਿਲਾਂ ਪੰਜਾਬ ਦੇ ਬਿਜਲੀ ਮੰਤਰੀ ਵੱਲੋਂ ਵੀ ਥਰਮਲ ਪਲਾਂਟਾਂ ਵਿੱਚ ਕੋਲੇ ਦੇ ਘਟਦੇ ਭੰਡਾਰ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਗਈ ਸੀ। ਉਨ੍ਹਾਂ ਕਿਹਾ ਸੀ ਕਿ ਜੇਕਰ ਕੇਂਦਰ ਵੱਲੋਂ ਸਮੇਂ ਸਿਰ ਲੋੜੀਂਦਾ ਕੋਲਾ ਨਾ ਮਿਲਿਆ ਤਾਂ ਸੂਬੇ ਵਿੱਚ ਬਿਜਲੀ ਦੀ ਸਥਿਤੀ ਗੰਭੀਰ ਹੋ ਸਕਦੀ ਹੈ।

ਹੁਣ ਮੰਗ ਵਿੱਚ ਹੋਏ ਵੱਡੇ ਵਾਧੇ ਅਤੇ ਪਲਾਂਟਾਂ ਦੇ ਪ੍ਰਭਾਵਿਤ ਹੋਣ ਕਾਰਨ ਉਹ ਚਿਤਾਵਨੀ ਹਕੀਕਤ ਬਣਦੀ ਦਿਖਾਈ ਦੇ ਰਹੀ ਹੈ।

ਬਿਜਲੀ ਦੀ ਮੰਗ 16,500 ਮੈਗਾਵਾਟ ਤੋਂ ਵੀ ਉੱਪਰ

ਪੰਜਾਬ ਵਿੱਚ ਬਿਜਲੀ ਦੀ ਮੰਗ ਨੇ ਨਵਾਂ ਪੱਧਰ ਛੂਹ ਲਿਆ ਹੈ। ਵੀਰਵਾਰ ਰਾਤ 12 ਵਜੇ ਸੂਬੇ ਵਿੱਚ ਬਿਜਲੀ ਦੀ ਮੰਗ 11,655 ਮੈਗਾਵਾਟ ਦਰਜ ਕੀਤੀ ਗਈ ਸੀ। ਸ਼ੁੱਕਰਵਾਰ ਸਵੇਰੇ 8:30 ਵਜੇ ਤੱਕ ਇਹ ਵਧ ਕੇ 14,195 ਮੈਗਾਵਾਟ ਹੋ ਗਈ ਅਤੇ ਦਿਨ ਚੜ੍ਹਨ ਦੇ ਨਾਲ ਮੰਗ 16,500 ਮੈਗਾਵਾਟ ਤੋਂ ਪਾਰ ਚਲੀ ਗਈ।

ਇਸ ਦੇ ਮੁਕਾਬਲੇ ਪੰਜਾਬ ਦਾ ਆਪਣਾ ਬਿਜਲੀ ਉਤਪਾਦਨ ਸਵੇਰ ਤੱਕ ਕਰੀਬ 4,000 ਮੈਗਾਵਾਟ ਹੀ ਰਿਹਾ। ਮੰਗ ਪੂਰੀ ਕਰਨ ਲਈ ਲਗਭਗ 7,100 ਮੈਗਾਵਾਟ ਬਿਜਲੀ ਕੇਂਦਰੀ ਪੂਲ ਤੋਂ ਲੈਣੀ ਪਈ।

ਕਈ ਥਰਮਲ ਯੂਨਿਟਾਂ ’ਤੇ ਪਿਆ ਅਸਰ

ਰਾਜਪੁਰਾ ਅਤੇ ਤਲਵੰਡੀ ਸਾਬੋ ਦੇ ਪ੍ਰਾਈਵੇਟ ਥਰਮਲ ਪਲਾਂਟਾਂ ਦਾ ਇੱਕ-ਇੱਕ ਯੂਨਿਟ ਬੰਦ ਰਹਿਣ ਕਾਰਨ ਸਵੇਰ ਤੱਕ ਨਿੱਜੀ ਥਰਮਲ ਪਲਾਂਟਾਂ ਤੋਂ ਕਰੀਬ 1,700 ਮੈਗਾਵਾਟ ਬਿਜਲੀ ਹੀ ਪੈਦਾ ਹੋ ਸਕੀ।

ਸਰਕਾਰੀ ਖੇਤਰ ਦੇ ਰੂਪਨਗਰ ਅਤੇ ਗੋਇੰਦਵਾਲ ਸਾਹਿਬ ਥਰਮਲ ਪਲਾਂਟਾਂ ਦੇ ਵੀ ਇੱਕ-ਇੱਕ ਯੂਨਿਟ ’ਤੇ ਅਸਰ ਪਿਆ। ਹਾਲਾਂਕਿ ਗੋਇੰਦਵਾਲ ਸਾਹਿਬ ਦਾ ਪ੍ਰਭਾਵਿਤ ਯੂਨਿਟ ਬਾਅਦ ਵਿੱਚ ਮੁੜ ਚਾਲੂ ਕਰ ਦਿੱਤਾ ਗਿਆ।

ਰਾਤ ਸਮੇਂ ਸੋਲਰ ਬਿਜਲੀ ਦਾ ਸਹਾਰਾ ਵੀ ਖ਼ਤਮ

ਦਿਨ ਵੇਲੇ ਪੰਜਾਬ ਨੂੰ ਸੋਲਰ ਪ੍ਰੋਜੈਕਟਾਂ ਤੋਂ ਲਗਭਗ 385 ਮੈਗਾਵਾਟ ਬਿਜਲੀ ਮਿਲ ਰਹੀ ਹੈ। ਇਸ ਤੋਂ ਇਲਾਵਾ ਕਰੀਬ 17 ਮੈਗਾਵਾਟ ਬਿਜਲੀ ਹੋਰ ਬਦਲਵੇਂ ਸਰੋਤਾਂ ਤੋਂ ਹਾਸਲ ਹੋ ਰਹੀ ਹੈ। ਪਰ ਸੂਰਜ ਡੁੱਬਣ ਤੋਂ ਬਾਅਦ ਸੋਲਰ ਬਿਜਲੀ ਦਾ ਉਤਪਾਦਨ ਜ਼ੀਰੋ ਹੋ ਜਾਂਦਾ ਹੈ।

ਇਸ ਕਾਰਨ ਰਾਤ ਦੇ ਸਮੇਂ ਬਿਜਲੀ ਦੀ ਕਮੀ ਹੋਰ ਵਧ ਜਾਂਦੀ ਹੈ। ਗਰਮੀ ਅਤੇ ਹੁੰਮਸ ਵਿਚਕਾਰ ਲੱਗ ਰਹੇ ਲੰਬੇ ਕੱਟਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ।

11,770 ਮੈਗਾਵਾਟ ਤੱਕ ਕੇਂਦਰੀ ਬਿਜਲੀ ’ਤੇ ਨਿਰਭਰਤਾ

ਸੂਬੇ ਵਿੱਚ ਮੰਗ ਅਤੇ ਉਤਪਾਦਨ ਵਿਚਕਾਰ ਵੱਡਾ ਅੰਤਰ ਹੋਣ ਕਾਰਨ ਪੀਐੱਸਪੀਸੀਐੱਲ ਨੂੰ ਕੇਂਦਰੀ ਪੂਲ ਤੋਂ ਭਾਰੀ ਮਾਤਰਾ ਵਿੱਚ ਬਿਜਲੀ ਖ਼ਰੀਦਣੀ ਪੈ ਰਹੀ ਹੈ। ਅੱਜ ਕਰੀਬ 11,770 ਮੈਗਾਵਾਟ ਬਿਜਲੀ ਕੇਂਦਰੀ ਪੂਲ ਤੋਂ ਲਈ ਜਾ ਰਹੀ ਹੈ।

ਜੇਕਰ ਆਉਣ ਵਾਲੇ ਦਿਨਾਂ ਵਿੱਚ ਥਰਮਲ ਪਲਾਂਟਾਂ ਲਈ ਕੋਲੇ ਦੀ ਸਪਲਾਈ ਵਿੱਚ ਸੁਧਾਰ ਨਾ ਹੋਇਆ ਅਤੇ ਬਿਜਲੀ ਦੀ ਮੰਗ ਇਸੇ ਤਰ੍ਹਾਂ ਉੱਚੀ ਰਹੀ ਤਾਂ ਪੰਜਾਬ ਵਿੱਚ ਬਿਜਲੀ ਕੱਟਾਂ ਦੀ ਸਮੱਸਿਆ ਹੋਰ ਗੰਭੀਰ ਹੋਣ ਦਾ ਖ਼ਦਸ਼ਾ ਹੈ।

-(ਟੀਵੀ 9 ਪੰਜਾਬੀ)

ਨੋਟਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀਤੇ ਪੜ੍ਹੋ ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ਤੇ ਜਾ ਕੇ ਪੜ੍ਹੋ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments