Saturday, September 12, 2026
Google search engine
Homeਤਾਜ਼ਾ ਖਬਰਪੰਜਾਬ ਵਿੱਚ ਬਿਜਲੀ ਦੀ ਮੰਗ ਨੇ ਤੋੜੇ ਰਿਕਾਰਡ, ਕਈ ਇਲਾਕਿਆਂ ਵਿੱਚ ਲੰਬੇ...

ਪੰਜਾਬ ਵਿੱਚ ਬਿਜਲੀ ਦੀ ਮੰਗ ਨੇ ਤੋੜੇ ਰਿਕਾਰਡ, ਕਈ ਇਲਾਕਿਆਂ ਵਿੱਚ ਲੰਬੇ ਕੱਟਾਂ ਨਾਲ ਲੋਕ-ਉਦਯੋਗ ਪਰੇਸ਼ਾਨ

ਪੰਜਾਬ ਵਿੱਚ ਬਿਜਲੀ ਦੀ ਮੰਗ ਨੇ ਤੋੜੇ ਰਿਕਾਰਡ, ਕਈ ਇਲਾਕਿਆਂ ਵਿੱਚ ਲੰਬੇ ਕੱਟਾਂ ਨਾਲ ਲੋਕ-ਉਦਯੋਗ ਪਰੇਸ਼ਾਨ

ਸ਼ੁੱਕਰਵਾਰ ਨੂੰ ਸੂਬੇ ਵਿੱਚ ਬਿਜਲੀ ਦੀ ਮੰਗ 16,619 ਮੈਗਾਵਾਟ ਤੱਕ ਪਹੁੰਚ ਗਈ, ਜੋ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰਾਂ ਵਿੱਚੋਂ ਇੱਕ ਹੈ। ਮੰਗ ਅਤੇ ਉਤਪਾਦਨ ਵਿਚਲੇ ਵੱਡੇ ਫਰਕ ਕਾਰਨ ਕਈ ਇਲਾਕਿਆਂ ਵਿੱਚ ਬਿਜਲੀ ਕੱਟ ਲਗਾਉਣੇ ਪਏ ਹਨ।

ਚੰਡੀਗੜ੍ਹ

ਪੰਜਾਬ ਵਿੱਚ ਬਿਜਲੀ ਦੀ ਵਧਦੀ ਮੰਗ ਅਤੇ ਥਰਮਲ ਪਲਾਂਟਾਂ ਵਿੱਚ ਕੋਲੇ ਦੇ ਘਟਦੇ ਭੰਡਾਰ ਨੇ ਬਿਜਲੀ ਸਪਲਾਈ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ। ਸ਼ੁੱਕਰਵਾਰ ਨੂੰ ਸੂਬੇ ਵਿੱਚ ਬਿਜਲੀ ਦੀ ਮੰਗ 16,619 ਮੈਗਾਵਾਟ ਤੱਕ ਪਹੁੰਚ ਗਈ, ਜੋ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰਾਂ ਵਿੱਚੋਂ ਇੱਕ ਹੈ। ਮੰਗ ਅਤੇ ਉਤਪਾਦਨ ਵਿਚਲੇ ਵੱਡੇ ਫਰਕ ਕਾਰਨ ਕਈ ਇਲਾਕਿਆਂ ਵਿੱਚ ਬਿਜਲੀ ਕੱਟ ਲਗਾਉਣੇ ਪਏ ਹਨ।

ਸਥਿਤੀ ਨੂੰ ਹੋਰ ਗੰਭੀਰ ਬਣਾਉਂਦਿਆਂ ਰਾਜਪੁਰਾ ਸਥਿਤ ਨਾਭਾ ਪਾਵਰ ਲਿਮਟਿਡ ਦੇ ਥਰਮਲ ਪਲਾਂਟ ਵਿੱਚ 700 ਮੈਗਾਵਾਟ ਸਮਰੱਥਾ ਵਾਲਾ ਯੂਨਿਟ ਨੰਬਰ-1 ਤਕਨੀਕੀ ਖਰਾਬੀ ਕਾਰਨ ਬੰਦ ਹੋ ਗਿਆ। ਇਸ ਪਲਾਂਟ ਦਾ ਦੂਜਾ 700 ਮੈਗਾਵਾਟ ਵਾਲਾ ਯੂਨਿਟ ਵੀ ਪਹਿਲਾਂ ਤੋਂ ਹੀ ਬੰਦ ਹੈ। ਇਸ ਕਾਰਨ ਰਾਜਪੁਰਾ ਪਲਾਂਟ ਤੋਂ ਬਿਜਲੀ ਉਤਪਾਦਨ ਨੂੰ ਵੱਡਾ ਝਟਕਾ ਲੱਗਾ ਹੈ।

ਇਸ ਤੋਂ ਇਲਾਵਾ ਰੋਪੜ ਥਰਮਲ ਪਲਾਂਟ ਦਾ 210 ਮੈਗਾਵਾਟ ਵਾਲਾ ਯੂਨਿਟ ਨੰਬਰ-6 ਅਤੇ ਤਲਵੰਡੀ ਸਾਬੋ ਥਰਮਲ ਪਲਾਂਟ ਦਾ 660 ਮੈਗਾਵਾਟ ਵਾਲਾ ਯੂਨਿਟ ਨੰਬਰ-2 ਵੀ ਬੰਦ ਚੱਲ ਰਹੇ ਹਨ। ਹਾਈਡਲ ਪ੍ਰੋਜੈਕਟਾਂ ਵਿੱਚ ਰਣਜੀਤ ਸਾਗਰ ਡੈਮ ਦੇ 300-300 ਮੈਗਾਵਾਟ ਸਮਰੱਥਾ ਵਾਲੇ ਯੂਨਿਟ ਨੰਬਰ-3 ਅਤੇ 4 ਤੋਂ ਇਲਾਵਾ UBDC ਦੇ ਤਿੰਨ ਯੂਨਿਟ ਵੀ ਉਤਪਾਦਨ ਤੋਂ ਬਾਹਰ ਹਨ। ਇਨ੍ਹਾਂ ਯੂਨਿਟਾਂ ਦੇ ਬੰਦ ਹੋਣ ਨਾਲ ਕੁੱਲ ਮਿਲਾ ਕੇ ਲਗਭਗ 1,915 ਮੈਗਾਵਾਟ ਬਿਜਲੀ ਉਤਪਾਦਨ ਪ੍ਰਭਾਵਿਤ ਹੋਇਆ ਹੈ।

ਆਪਣੀ ਬਿਜਲੀ ਘੱਟ, ਗਰਿੱਡ ਤੋਂ ਵੱਡੀ ਮਾਤਰਾ ਵਿੱਚ ਲੈਣੀ ਪਈ

ਸ਼ੁੱਕਰਵਾਰ ਨੂੰ ਪਾਵਰਕੌਮ ਆਪਣੇ ਸਰੋਤਾਂ ਤੋਂ ਸਿਰਫ਼ 4,162 ਮੈਗਾਵਾਟ ਬਿਜਲੀ ਪੈਦਾ ਕਰ ਸਕਿਆ। ਮੰਗ ਪੂਰੀ ਕਰਨ ਲਈ ਉੱਤਰੀ ਗਰਿੱਡ ਤੋਂ ਕਰੀਬ 11,747 ਮੈਗਾਵਾਟ ਬਿਜਲੀ ਲੈਣੀ ਪਈ। ਉਤਪਾਦਨ ਵਿੱਚ ਆਈ ਕਮੀ ਦਾ ਸਿੱਧਾ ਅਸਰ ਸੂਬੇ ਦੇ ਵੱਖ-ਵੱਖ ਖੇਤਰਾਂ ਵਿੱਚ ਬਿਜਲੀ ਸਪਲਾਈ ’ਤੇ ਪਿਆ।

ਰਿਪੋਰਟਾਂ ਮੁਤਾਬਕ ਉਦਯੋਗਿਕ ਖੇਤਰਾਂ ਵਿੱਚ ਕਰੀਬ ਸਾਢੇ ਚਾਰ ਘੰਟਿਆਂ ਦੇ ਕੱਟ ਲਗਾਏ ਗਏ, ਜਦਕਿ ਜ਼ਿਲ੍ਹਾ ਹੈੱਡਕੁਆਰਟਰਾਂ ਵਿੱਚ ਤਿੰਨ ਤੋਂ ਚਾਰ ਘੰਟੇ ਤੱਕ ਬਿਜਲੀ ਬੰਦ ਰਹੀ। ਪੇਂਡੂ ਖੇਤਰਾਂ ਵਿੱਚ ਵੀ ਕੱਟ ਲਗਾਉਣੇ ਪਏ। ਖੇਤੀਬਾੜੀ ਸੈਕਟਰ ਨੂੰ ਵੀ ਲੋੜ ਮੁਤਾਬਕ ਬਿਜਲੀ ਨਹੀਂ ਮਿਲ ਸਕੀ ਅਤੇ ਸਪਲਾਈ ਲਗਭਗ ਪੰਜ ਤੋਂ ਛੇ ਘੰਟਿਆਂ ਤੱਕ ਸੀਮਤ ਰਹੀ।

ਜਲੰਧਰ ਵਿੱਚ ਲੰਬੇ ਕੱਟਾਂ ਖ਼ਿਲਾਫ਼ ਲੋਕਾਂ ਦਾ ਪ੍ਰਦਰਸ਼ਨ

ਬਿਜਲੀ ਕੱਟਾਂ ਤੋਂ ਪਰੇਸ਼ਾਨ ਜਲੰਧਰ ਦੇ ਉਦਯੋਗਿਕ ਖੇਤਰ ਨਾਲ ਸਬੰਧਤ ਲੋਕਾਂ ਨੇ ਰਾਤ ਕਰੀਬ 11:30 ਵਜੇ ਸੋਢਲ ਚੌਕ ’ਤੇ ਜਾਮ ਲਗਾ ਕੇ ਰੋਸ ਪ੍ਰਗਟਾਇਆ। ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਅਤੇ PSPCL ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਦੋਸ਼ ਲਾਇਆ ਕਿ ਉਨ੍ਹਾਂ ਦੇ ਇਲਾਕੇ ਵਿੱਚ ਲੰਬੇ ਸਮੇਂ ਤੱਕ ਬਿਜਲੀ ਬੰਦ ਰਹਿੰਦੀ ਹੈ।

ਲੋਕਾਂ ਮੁਤਾਬਕ ਸ਼ਾਮ ਕਰੀਬ 7 ਵਜੇ ਤੋਂ ਅਗਲੇ ਦਿਨ ਸਵੇਰੇ 6 ਵਜੇ ਤੱਕ 10 ਤੋਂ 11 ਘੰਟਿਆਂ ਤੱਕ ਬਿਜਲੀ ਦੀ ਸਪਲਾਈ ਪ੍ਰਭਾਵਿਤ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਨਾ ਹੋਣ ਕਾਰਨ ਘਰਾਂ ਵਿੱਚ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋ ਰਹੀ ਹੈ ਅਤੇ ਗਰਮੀ ਤੇ ਹੁੰਮਸ ਕਾਰਨ ਰਾਤ ਨੂੰ ਲੋਕਾਂ ਲਈ ਸੌਣਾ ਮੁਸ਼ਕਲ ਹੋ ਗਿਆ ਹੈ।

ਉਦਯੋਗਪਤੀਆਂ ਅਤੇ ਸਥਾਨਕ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਲੰਬੇ ਬਿਜਲੀ ਕੱਟਾਂ ਕਾਰਨ ਫੈਕਟਰੀਆਂ ਦਾ ਉਤਪਾਦਨ ਪ੍ਰਭਾਵਿਤ ਹੋ ਰਿਹਾ ਹੈ। ਇਸ ਦਾ ਅਸਰ ਮਜ਼ਦੂਰਾਂ, ਕਾਰੋਬਾਰ ਅਤੇ ਰੋਜ਼ਾਨਾ ਦੇ ਘਰੇਲੂ ਕੰਮਾਂ ’ਤੇ ਵੀ ਪੈ ਰਿਹਾ ਹੈ।

ਰਾਜਪੁਰਾ ਪਲਾਂਟ ਕੋਲ ਤਿੰਨ ਦਿਨਾਂ ਦਾ ਹੀ ਕੋਲਾ

ਬਿਜਲੀ ਸੰਕਟ ਦੇ ਵਿਚਕਾਰ ਥਰਮਲ ਪਲਾਂਟਾਂ ਵਿੱਚ ਕੋਲੇ ਦੇ ਭੰਡਾਰ ਨੂੰ ਲੈ ਕੇ ਵੀ ਚਿੰਤਾ ਵਧੀ ਹੋਈ ਹੈ। ਜਾਣਕਾਰੀ ਅਨੁਸਾਰ ਥਰਮਲ ਪਲਾਂਟਾਂ ਵਿੱਚ ਆਮ ਤੌਰ ’ਤੇ ਕਰੀਬ 20 ਦਿਨਾਂ ਦਾ ਕੋਲਾ ਭੰਡਾਰ ਰੱਖਣਾ ਜ਼ਰੂਰੀ ਮੰਨਿਆ ਜਾਂਦਾ ਹੈ।

ਰਾਜਪੁਰਾ ਥਰਮਲ ਪਲਾਂਟ ਕੋਲ ਮੌਜੂਦਾ ਸਮੇਂ ਲਗਭਗ 18 ਫੀਸਦੀ ਕੋਲਾ ਭੰਡਾਰ ਹੈ, ਜੋ ਮੌਜੂਦਾ ਖਪਤ ਦੇ ਹਿਸਾਬ ਨਾਲ ਸਿਰਫ਼ ਤਿੰਨ ਦਿਨਾਂ ਲਈ ਕਾਫ਼ੀ ਦੱਸਿਆ ਜਾ ਰਿਹਾ ਹੈ। ਤਲਵੰਡੀ ਸਾਬੋ ਥਰਮਲ ਪਲਾਂਟ ਵਿੱਚ ਕਰੀਬ 23 ਫੀਸਦੀ ਭੰਡਾਰ ਮੌਜੂਦ ਹੈ, ਜੋ ਲਗਭਗ ਸੱਤ ਦਿਨਾਂ ਦੀ ਲੋੜ ਪੂਰੀ ਕਰ ਸਕਦਾ ਹੈ।

ਹਾਲਾਂਕਿ ਦੋਵੇਂ ਨਿੱਜੀ ਥਰਮਲ ਪਲਾਂਟਾਂ ਨੂੰ ਉਨ੍ਹਾਂ ਦੀ ਰੋਜ਼ਾਨਾ ਖਪਤ ਮੁਤਾਬਕ ਕੋਲੇ ਦੀ ਸਪਲਾਈ ਜਾਰੀ ਹੋਣ ਦੀ ਜਾਣਕਾਰੀ ਹੈ।

ਦੂਜੇ ਪਾਸੇ ਸਰਕਾਰੀ ਲਹਿਰਾ ਮੁਹੱਬਤ ਥਰਮਲ ਪਲਾਂਟ ਵਿੱਚ ਕਰੀਬ 68 ਫੀਸਦੀ ਕੋਲਾ ਭੰਡਾਰ ਮੌਜੂਦ ਹੈ, ਜੋ ਲਗਭਗ 12 ਦਿਨਾਂ ਲਈ ਕਾਫ਼ੀ ਹੈ। ਰੋਪੜ ਥਰਮਲ ਪਲਾਂਟ ਵਿੱਚ ਕੋਲੇ ਦਾ ਭੰਡਾਰ 169 ਫੀਸਦੀ ਦੱਸਿਆ ਗਿਆ ਹੈ, ਜੋ ਮੌਜੂਦਾ ਖਪਤ ਦੇ ਹਿਸਾਬ ਨਾਲ ਕਰੀਬ 66 ਦਿਨਾਂ ਤੱਕ ਚੱਲ ਸਕਦਾ ਹੈ।

ਅਧਿਕਾਰੀਆਂ ’ਤੇ ਸ਼ਿਕਾਇਤਾਂ ਨੂੰ ਨਜ਼ਰਅੰਦਾਜ਼ ਕਰਨ ਦੇ ਦੋਸ਼

ਜਲੰਧਰ ਵਿੱਚ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਬਿਜਲੀ ਵਿਭਾਗ ਦੇ ਸਥਾਨਕ ਅਧਿਕਾਰੀਆਂ ’ਤੇ ਵੀ ਗੰਭੀਰ ਦੋਸ਼ ਲਗਾਏ। ਉਨ੍ਹਾਂ ਦਾ ਕਹਿਣਾ ਹੈ ਕਿ JEs ਅਤੇ XENs ਕੋਲ ਸ਼ਿਕਾਇਤਾਂ ਦਰਜ ਕਰਵਾਉਣ ਦੇ ਬਾਵਜੂਦ ਸਮੱਸਿਆ ਦਾ ਹੱਲ ਨਹੀਂ ਕੀਤਾ ਜਾਂਦਾ।

ਪ੍ਰਦਰਸ਼ਨਕਾਰੀਆਂ ਮੁਤਾਬਕ ਅਧਿਕਾਰੀ ਅਕਸਰ ਇਹ ਕਹਿ ਕੇ ਮਾਮਲਾ ਟਾਲ ਦਿੰਦੇ ਹਨ ਕਿ ਬਿਜਲੀ ਕੱਟਾਂ ਸਬੰਧੀ ਹੁਕਮ ਪਟਿਆਲਾ ਹੈੱਡਕੁਆਰਟਰ ਤੋਂ ਜਾਰੀ ਹੋਏ ਹਨ। ਲੋਕਾਂ ਨੇ ਸਵਾਲ ਉਠਾਇਆ ਕਿ ਜੇਕਰ ਸਥਾਨਕ ਅਧਿਕਾਰੀ ਵੀ ਲੋਕਾਂ ਦੀਆਂ ਸ਼ਿਕਾਇਤਾਂ ਦਾ ਹੱਲ ਨਹੀਂ ਕਰਨਗੇ ਤਾਂ ਫਿਰ ਆਮ ਖਪਤਕਾਰ ਆਪਣੀ ਸਮੱਸਿਆ ਲੈ ਕੇ ਕਿੱਥੇ ਜਾਵੇ।

ਲੋਕਾਂ ਦੀ ਮੰਗ—ਕਾਗਜ਼ਾਂ ’ਤੇ ਰਾਹਤ ਨਹੀਂ, ਨਿਰਵਿਘਨ ਬਿਜਲੀ ਚਾਹੀਦੀ

ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮੁਫ਼ਤ ਬਿਜਲੀ ਅਤੇ ਬਿੱਲ ਮੁਆਫ਼ੀ ਦੇ ਦਾਅਵਿਆਂ ਦੀ ਬਜਾਏ ਸੂਬੇ ਵਿੱਚ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਬਿਜਲੀ ਕੱਟਾਂ ਦੀ ਸਮੱਸਿਆ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਸੜਕਾਂ ’ਤੇ ਪੱਕਾ ਧਰਨਾ ਲਗਾਇਆ ਜਾ ਸਕਦਾ ਹੈ।

ਬਿਜਲੀ ਮੰਤਰੀ ਪਹਿਲਾਂ ਹੀ ਕੋਲੇ ਦੀ ਕਮੀ ਬਾਰੇ ਕਰ ਚੁੱਕੇ ਹਨ ਚੇਤਾਵਨੀ

ਇਸ ਤੋਂ ਕੁਝ ਦਿਨ ਪਹਿਲਾਂ ਪੰਜਾਬ ਦੇ ਬਿਜਲੀ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਵੀਡੀਓ ਜਾਰੀ ਕਰਕੇ ਦੇਸ਼ ਪੱਧਰ ’ਤੇ ਕੋਲੇ ਦੀ ਕਮੀ ਕਾਰਨ ਪੈਦਾ ਹੋ ਰਹੀ ਸਥਿਤੀ ਬਾਰੇ ਜਾਣਕਾਰੀ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਕੋਲੇ ਦੀ ਘਾਟ ਦਾ ਅਸਰ ਪੰਜਾਬ ਦੇ ਬਿਜਲੀ ਉਤਪਾਦਨ ’ਤੇ ਵੀ ਪੈ ਰਿਹਾ ਹੈ ਅਤੇ ਕਈ ਨਿੱਜੀ ਬਿਜਲੀ ਘਰਾਂ ਕੋਲ ਸੀਮਤ ਕੋਲਾ ਭੰਡਾਰ ਬਚਿਆ ਹੈ।

ਮੰਤਰੀ ਮੁਤਾਬਕ ਰਾਜਪੁਰਾ ਸਥਿਤ ਨਾਭਾ ਪਾਵਰ ਲਿਮਟਿਡ ਅਤੇ ਮਾਨਸਾ ਦਾ ਤਲਵੰਡੀ ਸਾਬੋ ਪਾਵਰ ਪਲਾਂਟ ਕੇਂਦਰ ਵੱਲੋਂ ਸਪਲਾਈ ਕੀਤੇ ਜਾਣ ਵਾਲੇ ਕੋਲੇ ’ਤੇ ਵੱਡੇ ਪੱਧਰ ’ਤੇ ਨਿਰਭਰ ਹਨ। ਲੋੜ ਅਨੁਸਾਰ ਕੋਲਾ ਨਾ ਮਿਲਣ ਕਾਰਨ ਦੋਵੇਂ ਪਲਾਂਟ ਆਪਣੀ ਪੂਰੀ ਸਮਰੱਥਾ ਮੁਤਾਬਕ ਉਤਪਾਦਨ ਨਹੀਂ ਕਰ ਪਾ ਰਹੇ। ਇਸ ਸਥਿਤੀ ਨੇ ਪੰਜਾਬ ਵਿੱਚ ਬਿਜਲੀ ਦੀ ਮੰਗ ਪੂਰੀ ਕਰਨ ਨੂੰ ਲੈ ਕੇ ਸਰਕਾਰ ਅਤੇ ਪਾਵਰਕੌਮ ਸਾਹਮਣੇ ਨਵੀਂ ਚੁਣੌਤੀ ਖੜ੍ਹੀ ਕਰ ਦਿੱਤੀ ਹੈ।

-(ਪੀਟੀਸੀ ਨਿਊਜ)

ਨੋਟਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀਤੇ ਪੜ੍ਹੋ ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ਤੇ ਜਾ ਕੇ ਪੜ੍ਹੋ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments