11 ਰੁਪਏ ਦੀ IV ਸੈਟ ਮਰੀਜ਼ ਨੂੰ 325 ਰੁਪਏ ’ਚ ਵੇਚਣ ਦਾ ਦਾਅਵਾ, ਮਹਾਰਾਸ਼ਟਰ FDA ਨੇ ਕੇਂਦਰ ਤੋਂ ਕੀਤੀ ਸਖ਼ਤ ਕਾਰਵਾਈ ਦੀ ਮੰਗ
ਤੁਕਾਰਾਮ ਮੁੰਡੇ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇੱਕ ਪੋਸਟ ਰਾਹੀਂ ਇਸ ਮੁੱਦੇ ਨੂੰ ਉਜਾਗਰ ਕੀਤਾ। ਉਨ੍ਹਾਂ ਮੁਤਾਬਕ ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਨੂੰ ਲੋੜੀਂਦੇ ਇਨਪੇਸ਼ੈਂਟ ਮੈਡੀਕਲ ਸਾਮਾਨ ਦੀਆਂ ਕੀਮਤਾਂ ਵਿੱਚ ਕਾਫ਼ੀ ਵਾਧਾ ਕੀਤਾ ਜਾ ਰਿਹਾ ਹੈ।

ਨਵੀਂ ਦਿੱਲੀ
ਮਹਾਰਾਸ਼ਟਰ ਦੇ ਖ਼ੁਰਾਕ ਅਤੇ ਦਵਾਈ ਪ੍ਰਸ਼ਾਸਨ (FDA) ਨੇ ਮੈਡੀਕਲ ਸਾਮਾਨ ਦੀਆਂ ਕੀਮਤਾਂ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। FDA ਦੇ ਮੁਖੀ ਅਤੇ ਆਈਏਐੱਸ ਅਧਿਕਾਰੀ ਤੁਕਾਰਾਮ ਮੁੰਡੇ ਨੇ ਦਾਅਵਾ ਕੀਤਾ ਹੈ ਕਿ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਦਿੱਤੇ ਜਾਣ ਵਾਲੇ ਕੁਝ ਮੈਡੀਕਲ ਉਪਕਰਨਾਂ ਦੀ ਕੀਮਤ ਉਨ੍ਹਾਂ ਦੀ ਅਸਲ ਖ਼ਰੀਦ ਲਾਗਤ ਨਾਲੋਂ ਕਈ ਗੁਣਾ ਵੱਧ ਵਸੂਲੀ ਜਾ ਰਹੀ ਹੈ।
ਤੁਕਾਰਾਮ ਮੁੰਡੇ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇੱਕ ਪੋਸਟ ਰਾਹੀਂ ਇਸ ਮੁੱਦੇ ਨੂੰ ਉਜਾਗਰ ਕੀਤਾ। ਉਨ੍ਹਾਂ ਮੁਤਾਬਕ ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਨੂੰ ਲੋੜੀਂਦੇ ਇਨਪੇਸ਼ੈਂਟ ਮੈਡੀਕਲ ਸਾਮਾਨ ਦੀਆਂ ਕੀਮਤਾਂ ਵਿੱਚ ਕਾਫ਼ੀ ਵਾਧਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਇਸ ਤਰ੍ਹਾਂ ਦੀ ਮੁਨਾਫ਼ਾਖੋਰੀ ’ਤੇ ਰੋਕ ਲਗਾਉਣ ਅਤੇ ਕੀਮਤਾਂ ਨੂੰ ਨਿਯਮਤ ਕਰਨ ਦੀ ਲੋੜ ਦੱਸੀ ਹੈ।
ਮਹਾਰਾਸ਼ਟਰ FDA ਵੱਲੋਂ ਕੀਤੀ ਗਈ ਲਾਗਤ ਅਤੇ ਵਿਕਰੀ ਕੀਮਤ ਦੀ ਤੁਲਨਾ ਵਿੱਚ ਕਈ ਮੈਡੀਕਲ ਉਪਕਰਨਾਂ ਵਿੱਚ ਵੱਡਾ ਅੰਤਰ ਸਾਹਮਣੇ ਆਉਣ ਦਾ ਦਾਅਵਾ ਕੀਤਾ ਗਿਆ ਹੈ। ਰਿਪੋਰਟ ਅਨੁਸਾਰ 11 ਰੁਪਏ ਦੀ ਕੀਮਤ ਵਾਲਾ IV ਇੰਫਿਊਜ਼ਨ ਸੈਟ ਮਰੀਜ਼ ਨੂੰ 325 ਰੁਪਏ ਵਿੱਚ ਵੇਚਿਆ ਗਿਆ। ਇਸੇ ਤਰ੍ਹਾਂ 40 ਰੁਪਏ ਦਾ ਨੇਬੁਲਾਈਜ਼ਰ ਮਾਸਕ 715 ਰੁਪਏ ਅਤੇ 22.50 ਰੁਪਏ ਵਿੱਚ ਖ਼ਰੀਦੀ ਗਈ IV ਕੈਨੂਲਾ 424 ਰੁਪਏ ਤੱਕ ਵੇਚੇ ਜਾਣ ਦੀ ਗੱਲ ਸਾਹਮਣੇ ਆਈ ਹੈ।
FDA ਨੇ IV ਸੈਟ, ਸਰਿੰਜ, ਨੇਬੁਲਾਈਜ਼ਰ, ਆਕਸੀਜਨ ਮਾਸਕ ਸਮੇਤ ਕਈ ਤਰ੍ਹਾਂ ਦੇ ਮੈਡੀਕਲ ਅਤੇ ਸਰਜੀਕਲ ਸਾਮਾਨ ਦੀਆਂ ਕੀਮਤਾਂ ਦੀ ਜਾਂਚ ਕੀਤੀ ਹੈ। ਵਿਭਾਗ ਵੱਲੋਂ ਕੀਤੀ ਗਈ ਤੁਲਨਾ ਵਿੱਚ ਖ਼ਰੀਦ ਕੀਮਤ ਅਤੇ ਮਰੀਜ਼ਾਂ ਤੋਂ ਵਸੂਲੀ ਜਾ ਰਹੀ ਰਕਮ ਵਿਚਕਾਰ ਕਾਫ਼ੀ ਅੰਤਰ ਪਾਇਆ ਗਿਆ।
ਮਹਾਰਾਸ਼ਟਰ FDA ਨੇ ਇਸ ਸਬੰਧੀ ਆਪਣੀ ਰਿਪੋਰਟ ਫਾਰਮਾਸਿਊਟੀਕਲਜ਼ ਵਿਭਾਗ ਦੇ ਕੇਂਦਰੀ ਸਕੱਤਰ ਨੂੰ ਭੇਜੀ ਹੈ। ਵਿਭਾਗ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਜੀਕਲ ਅਤੇ ਹੋਰ ਜ਼ਰੂਰੀ ਮੈਡੀਕਲ ਸਾਮਾਨ ਦੀਆਂ ਕੀਮਤਾਂ ਨੂੰ ਨਿਯੰਤਰਣ ਹੇਠ ਲਿਆਂਦਾ ਜਾਵੇ, ਤਾਂ ਜੋ ਮਰੀਜ਼ਾਂ ’ਤੇ ਵਾਧੂ ਵਿੱਤੀ ਬੋਝ ਨਾ ਪਵੇ।
ਤੁਕਾਰਾਮ ਮੁੰਡੇ ਨੇ ਮੈਡੀਕਲ ਸਾਮਾਨ ਦੀ ਕੀਮਤਾਂ ਵਿੱਚ ਕਥਿਤ ਬੇਤਹਾਸ਼ਾ ਵਾਧੇ ਨੂੰ ਰੋਕਣ ਲਈ ਇਨ੍ਹਾਂ ਉਤਪਾਦਾਂ ਨੂੰ ਡਰੱਗ ਪ੍ਰਾਈਸ ਕੰਟਰੋਲ ਆਰਡਰ (DPCO), 2013 ਦੇ ਦਾਇਰੇ ਵਿੱਚ ਲਿਆਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੀਮਤਾਂ ’ਤੇ ਨਿਯੰਤਰਣ ਨਾਲ ਮਰੀਜ਼ਾਂ ਤੋਂ ਵਸੂਲੀ ਜਾਣ ਵਾਲੀ ਰਕਮ ਨੂੰ ਵਾਜਬ ਪੱਧਰ ’ਤੇ ਰੱਖਣ ਵਿੱਚ ਮਦਦ ਮਿਲ ਸਕਦੀ ਹੈ।
FDA ਦੀ ਇਸ ਕਾਰਵਾਈ ਨਾਲ ਹਸਪਤਾਲਾਂ ਵਿੱਚ ਵਰਤੇ ਜਾਣ ਵਾਲੇ ਮੈਡੀਕਲ ਸਾਮਾਨ ਦੀ ਕੀਮਤ ਨਿਰਧਾਰਨ ਅਤੇ ਮਰੀਜ਼ਾਂ ਤੋਂ ਵਸੂਲੀ ਜਾਣ ਵਾਲੀ ਰਕਮ ਨੂੰ ਲੈ ਕੇ ਇੱਕ ਵਾਰ ਫਿਰ ਚਰਚਾ ਤੇਜ਼ ਹੋ ਗਈ ਹੈ।
-(ਪੰਜਾਬੀ ਜਾਗਰਣ)
ਨੋਟ– ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


