ਸਾਨੂੰ ਕੋਈ ਰੋਕ ਕੇ ਵਿਖਾਵੇ, ਪ੍ਰਸ਼ਾਸਨ ਭਾਵੇਂ ਲਾ ਲਏ ਜਿੰਨਾ ਮਰਜੀ ਜ਼ੋਰ
— ਕਿਰਾਏਦਾਰ ਦੁਕਾਨਦਾਰ ਹੋਏ ਆਕੀ —
ਸ੍ਰੀ ਮੁਕਤਸਰ ਸਾਹਿਬ, 23 ਅਪ੍ਰੈਲ – ਜਿਲਾ ਰੈਡ ਕਰਾਸ ਸੁਸਾਇਟੀ ਵੱਲੋਂ ਮਾਈ ਭਾਗੋ ਮਾਰਕੀਟ ਵਿਖੇ ਬਣਾਈਆਂ ਗਈਆਂ ਦੁਕਾਨਾਂ ਕਿਰਾਏ ’ਤੇ ਦਿੱਤੀਆਂ ਹੋਈਆਂ ਹਨ। ਇਨਾਂ ਦੁਕਾਨਾਂ ਅੱਗੇ ਆਮ ਲੋਕਾਂ ਦੀ ਸਹੂਲਤ ਲਈ ਧੁੱਪ ਅਤੇ ਗਰਮੀ ਤੋਂ ਬਚਾਅ ਵਾਸਤੇ ਵਰਾਂਡੇ ਬਣਾਏ ਹੋਏ ਹਨ। ਜਿਲਾ ਰੈਡ ਕਰਾਸ ਸੁਸਾਇਟੀ ਵੱਲੋਂ ਇਨਾਂ ਦੁਕਾਨਦਾਰਾਂ ਨਾਲ ਲਿਖਤੀ ਇਕਰਾਰਨਾਮਾ ਹੋਇਆ ਹੈ ਕਿ ਕੋਈ ਵੀ ਦੁਕਾਨਦਾਰ ਇਸ ਸਰਕਾਰੀ ਵਰਾਂਡੇ ਵਿਚ ਨਾ ਤਾਂ ਕੋਈ ਆਪਣੇ ਸਮਾਨ ਰੱਖੇਗਾ ਅਤੇ ਨਾ ਹੀ ਇਸ ਦੀ ਕਿਸੇ ਹੋਰ ਤਰੀਕੇ ਨਾਲ ਵਰਤੋਂ ਕਰੇਗਾ। ਪਰੰਤੂ ਇਕਰਾਰਨਾਮੇ ਵਾਲੀਆਂ ਸ਼ਰਤਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਪ੍ਰਸ਼ਾਸਨ ਨੂੰ ਟਿਚ ਸਮਝਦੇ ਹੋਏ ਦੁਕਾਨਦਾਰਾਂ ਨੇ ਇਹਨਾਂ ਵਰਾਂਡਿਆਂ ਉਪਰ ਗੈਰ ਕਾਨੂੰਨੀ ਢੰਗ ਨਾਲ ਕਬਜਾ ਜਮਾਇਆ ਹੋਇਆ ਹੈ। ਐਨਾ ਹੀ ਨਹੀਂ ਇਨਾਂ ਦੁਕਾਨਦਾਰਾਂ ਵੱਲੋਂ ਸਰਕਾਰੀ ਸੜਕ ’ਤੇ ਵੀ ਕਈ-ਕਈ ਫੁੱਟ ਨਜਾਇਜ ਕਬਜਾ ਕੀਤਾ ਹੋਇਆ ਹੈ। ਲੋਕਾਂ ਦੀ ਸਹੂਲਤ ਲਈ ਬਣਾਏ ਗਏ ਵਰਾਂਡਿਆਂ ਨੂੰ ਇਹ ਦੁਕਾਨਦਾਰ ਆਪਣੇ ਨਿੱਜੀ ਹਿੱਤਾਂ ਲਈ ਵਰਤ ਰਹੇ ਹਨ। ਸਰਕਾਰੀ ਸੜਕ ਉਪਰ ਆਪਣਾ ਸਮਾਨ ਰੱਖਣ ਕਾਰਣ ਟ੍ਰੈਫਿਕ ਵਿਚ ਅੜਚਣ ਪੈਦਾ ਹੁੰਦੀ ਹੈ ਅਤੇ ਆਮ ਲੋਕਾਂ ਦੀ ਆਵਾਜਾਈ ਵਿਚ ਭਾਰੀ ਵਿਘਨ ਪੈਂਦਾ ਹੈ। ਜਿਲਾ ਪ੍ਰਸ਼ਾਸਨ ਨੇ ਕਈ ਵਾਰ ਇਨਾਂ ਦੁਕਾਨਦਾਰਾਂ ਨੂੰ ਇਹ ਵਰਾਂਡੇ ਖਾਲੀ ਕਰਨ ਲਈ ਹਦਾਇਤ ਵੀ ਕੀਤੀ ਸੀ। ਪਰੰਤੂ ਇਹਨਾਂ ਦੁਕਾਨਦਾਰਾਂ ’ਤੇ ਕੋਈ ਅਸਰ ਨਹੀਂ ਹੋਇਆ। ਇਸੇ ਮਹੀਨੇ ਦੇ ਸ਼ੁਰੂ ਵਿਚ ਇਹਨਾਂ ਦੁਕਾਨਦਾਰਾਂ ਨੂੰ ਜਿਲਾ ਰੈਡ ਕਰਾਸ ਸੁਸਾਇਟੀ ਵੱਲੋਂ ਨੋਟਿਸ ਵੀ ਜਾਰੀ ਕੀਤੇ ਗਏ ਸਨ। ਜਾਰੀ ਕੀਤੇ ਨੋਟਿਸਾਂ ਵਿਚ ਸਪੱਸ਼ਟ ਹਦਾਇਤ ਕੀਤੀ ਗਈ ਸੀ ਕਿ ਦੁਕਾਨਾਂ ਅੱਗੇ ਬਣੇ ਵਰਾਂਡੇ ਤੁਰੰਤ ਖਾਲੀ ਕੀਤੇ ਜਾਣ। ਅਜਿਹਾ ਨਾ ਕੀਤੇ ਜਾਣ ਦੀ ਸੂਰਤ ਵਿਚ ਸਬੰਧਤ ਦੁਕਾਨਦਾਰਾਂ ਦੇ ਇਕਰਾਰਨਾਮੇ ਕੈਂਸਲ ਕਰ ਦਿੱਤੇ ਜਾਣਗੇ। ਪਰੰਤੂ ਬੜੇ ਦੁੱਖ ਦੀ ਗੱਲ ਹੈ ਕਿ ਕਰੀਬ ਪੱਚੀ ਦਿਨ ਪਹਿਲਾਂ ਜਾਰੀ ਕੀਤੇ ਗਏ ਇਸ ਨੋਟਿਸ ’ਤੇ ਨਜਾਇਜ ਕਬਜਾ ਧਾਰਕ ਦੁਕਾਨਦਾਰਾਂ ਨੇ ਅਜੇ ਤੱਕ ਵੀ ਕੋਈ ਅਮਲ ਨਹੀਂ ਕੀਤਾ। ਪ੍ਰਸ਼ਾਸਨ ਅੱਖਾਂ ਮੀਟੀ ਬੈਠਾ ਹੈ। ਇਹ ਦੁਕਾਨਦਾਰ ਆਕੀ ਹੋਏ ਬੈਠੇ ਹਨ ਅਤੇ ਪ੍ਰਸ਼ਾਸਨ ਦੇ ਹੁਕਮਾਂ ਨੂੰ ਚਿੜਾ ਰਹੇ ਹਨ। ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਨੇ ਮਾਈ ਭਾਗੋ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਕੀਤੇ ਨਜਾਇਨ ਕਬਜੇ ਪ੍ਰਸ਼ਾਸਨ ਵੱਲੋਂ ਨਾ ਛੁਡਵਾਏ ਜਾਣ ਦੀ ਪੁਰਜੋਰ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਨਾਂ ਇਹ ਵੀ ਸ਼ੱਕ ਜਾਹਿਰ ਕੀਤਾ ਹੈ ਕਿ ਇਹ ਸਭ ਕੁਝ ਜਿਲਾ ਰੈਡ ਕਰਾਸ ਸੁਸਾਇਟੀ ਅਤੇ ਪ੍ਰਸ਼ਾਸ਼ਨ ਦੇ ਕੁਝ ਭਿ੍ਰਸ਼ਟ ਕਰਮਚਾਰੀਆਂ ਦੀ ਮਿਲੀ ਭੁਗਤ ਨਾਲ ਕੀਤਾ ਜਾਪਦਾ ਹੈ। ਪ੍ਰਧਾਨ ਢੋਸੀਵਾਲ ਨੇ ਜਿਲੇ ਦੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਆਈ.ਏ.ਐਸ. ਅਤੇ ਜਿਲਾ ਰੈਡ ਕਰਾਸ ਸੁਸਾਇਟੀ ਸਮੇਤ ਸਥਾਨਕ ਨਗਰ ਕੌਂਸਲ ਤੋਂ ਮੰਗ ਕੀਤੀ ਹੈ ਕਿ ਇਨਾਂ ਦੁਕਾਨਦਾਰਾਂ ਤੋਂ ਸਰਕਾਰੀ ਵਰਾਂਡੇ ਤੁਰੰਤ ਖਾਲੀ ਕਰਵਾਏ ਜਾਣ ਅਤੇ ਸਰਕਾਰੀ ਸੜਕ ’ਤੇ ਨਜਾਇਜ ਕਬਜਾ ਕਰਨ ਵਾਲੇ ਦੁਕਾਨਦਾਰਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਇਨਾਂ ਦੇ ਇਕਰਾਰਨਾਮੇ ਕੈਂਸਲ ਕੀਤੇ ਜਾਣ। ਪ੍ਰਧਾਨ ਢੋਸੀਵਾਲ ਨੇ ਇਹ ਵੀ ਮੰਗ ਕੀਤੀ ਹੈ ਕਿ ਅਜਿਹੇ ਦੁਕਾਨਦਾਰਾਂ ਵਿਰੁੱਧ ਕਾਰਵਾਈ ਨਾ ਕਰਨ ਵਾਲੇ ਅਧਿਕਾਰੀਆਂ/ਕਰਮਚਾਰੀਆਂ ਵਿਰੁੱਧ ਵੀ ਸਖਤ ਕਾਰਵਾਈ ਕੀਤੀ ਜਾਵੇ।
ਫੋਟੋ ਕੈਪਸ਼ਨ : ਦੁਕਾਨਦਾਰਾਂ ਵੱਲੋਂ ਸਰਕਾਰੀ ਵਰਾਂਡਿਆਂ ਅਤੇ ਸੜਕ ਉਪਰ ਨਜਾਇਜ ਕਬਜੇ ਦਾ ਦ੍ਰਿਸ਼।