ਖਾਨ ਸਰ ਤੇ ਅੰਜਨਾ ਕਸ਼ਯਪ ਦੀ ਕਾਨੂੰਨੀ ਖਿੱਚੋਤਾਣ ਮੁੱਕੀ, ਆਪਸੀ ਸਹਿਮਤੀ ਨਾਲ ਕੇਸ ਦਾ ਨਿਪਟਾਰਾ
ਦਿੱਲੀ ਹਾਈ ਕੋਰਟ ’ਚ ਦੋਵਾਂ ਧਿਰਾਂ ਨੇ ਵਿਵਾਦ ਅੱਗੇ ਨਾ ਵਧਾਉਣ ’ਤੇ ਜਤਾਈ ਸਹਿਮਤੀ, ਖਾਨ ਸਰ ਸਮੇਤ 6 ਧਿਰਾਂ ਨਾਲ ਵਿਚੋਲਗੀ ਰਾਹੀਂ ਬਣੀ ਗੱਲ

ਨਵੀਂ ਦਿੱਲੀ: ਪੱਤਰਕਾਰ ਅੰਜਨਾ ਓਮ ਕਸ਼ਯਪ ਅਤੇ ਅਧਿਆਪਕ ਫੈਸਲ ਖਾਨ ਉਰਫ਼ ਖਾਨ ਸਰ ਵਿਚਾਲੇ ਚੱਲ ਰਿਹਾ ਮਾਣਹਾਨੀ ਦਾ ਕਾਨੂੰਨੀ ਮਾਮਲਾ ਆਪਸੀ ਸਮਝੌਤੇ ਨਾਲ ਖ਼ਤਮ ਹੋ ਗਿਆ ਹੈ। ਦੋਵਾਂ ਧਿਰਾਂ ਨੇ ਦਿੱਲੀ ਹਾਈ ਕੋਰਟ ਵਿੱਚ ਸਹਿਮਤੀ ਬਣਨ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਅਦਾਲਤ ਨੇ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ।
ਜਸਟਿਸ ਤੁਸ਼ਾਰ ਰਾਓ ਗੇਡੇਲਾ ਦੇ ਬੈਂਚ ਸਾਹਮਣੇ ਸੁਣਵਾਈ ਦੌਰਾਨ ਅੰਜਨਾ ਓਮ ਕਸ਼ਯਪ ਦੀ ਵਕੀਲ ਵਰਿੰਦਾ ਭੰਡਾਰੀ ਨੇ ਦੱਸਿਆ ਕਿ ਖਾਨ ਸਰ ਸਮੇਤ ਸਾਰੇ 6 ਬਚਾਅ ਪੱਖਾਂ ਨਾਲ ਸਮਝੌਤਾ ਹੋ ਚੁੱਕਾ ਹੈ। ਦੋਵਾਂ ਧਿਰਾਂ ਨੇ ਅਦਾਲਤ ਨੂੰ ਦੱਸਿਆ ਕਿ ਆਪਸੀ ਸਹਿਮਤੀ ਨਾਲ ਵਿਵਾਦ ਸੁਲਝਾ ਲਿਆ ਗਿਆ ਹੈ ਅਤੇ ਹੁਣ ਉਹ ਇਸ ਮਾਮਲੇ ਨੂੰ ਹੋਰ ਅੱਗੇ ਨਹੀਂ ਵਧਾਉਣਾ ਚਾਹੁੰਦੇ।
ਸੋਸ਼ਲ ਮੀਡੀਆ ’ਤੇ ਪਾਈ ਸਮੱਗਰੀ ਬਣੀ ਸੀ ਵਿਵਾਦ ਦੀ ਵਜ੍ਹਾ
ਦਰਅਸਲ, ਅੰਜਨਾ ਓਮ ਕਸ਼ਯਪ ਨੇ ਦੋਸ਼ ਲਾਇਆ ਸੀ ਕਿ ਸੋਸ਼ਲ ਮੀਡੀਆ ’ਤੇ ਉਨ੍ਹਾਂ ਖ਼ਿਲਾਫ਼ ਇਤਰਾਜ਼ਯੋਗ ਅਤੇ ਮਾਣਹਾਨੀ ਕਰਨ ਵਾਲੀ ਸਮੱਗਰੀ ਸਾਂਝੀ ਕੀਤੀ ਜਾ ਰਹੀ ਹੈ। ਇਸ ਸਬੰਧੀ ਉਨ੍ਹਾਂ ਨੇ ਖਾਨ ਸਰ ਸਮੇਤ ਹੋਰ ਵਿਅਕਤੀਆਂ ਵਿਰੁੱਧ ਦਿੱਲੀ ਹਾਈ ਕੋਰਟ ਵਿੱਚ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਸੀ।
ਅਦਾਲਤੀ ਵਿਚੋਲਗੀ ਨਾਲ ਸੁਲਝਿਆ ਮਾਮਲਾ
ਸੁਣਵਾਈ ਦੌਰਾਨ ਦੋਵਾਂ ਧਿਰਾਂ ਦੇ ਵਕੀਲਾਂ ਨੇ ਦੱਸਿਆ ਕਿ ਆਪਸੀ ਗੱਲਬਾਤ ਰਾਹੀਂ ਸਾਰੇ ਵਿਵਾਦਿਤ ਮੁੱਦਿਆਂ ਦਾ ਹੱਲ ਕੱਢ ਲਿਆ ਗਿਆ ਹੈ। ਸਹਿਮਤੀ ਬਣਨ ਤੋਂ ਬਾਅਦ ਅਦਾਲਤ ਨੇ ਸਮਝੌਤੇ ਦੇ ਆਧਾਰ ’ਤੇ ਕੇਸ ਦਾ ਨਿਪਟਾਰਾ ਕਰ ਦਿੱਤਾ।
ਸਟਾਰ ਟੀਚਰਜ਼ ਸਬੰਧੀ ਬਿਆਨ ਤੋਂ ਵਧਿਆ ਸੀ ਵਿਵਾਦ
ਇਸ ਮਾਮਲੇ ਦੀ ਸ਼ੁਰੂਆਤ ਅੰਜਨਾ ਓਮ ਕਸ਼ਯਪ ਵੱਲੋਂ ਸਟਾਰ ਟੀਚਰਜ਼ ਬਾਰੇ ਕੀਤੀ ਗਈ ਟਿੱਪਣੀ ਤੋਂ ਹੋਈ ਸੀ। ਇਸ ਬਿਆਨ ਨੂੰ ਲੈ ਕੇ ਆਨਲਾਈਨ ਪੜ੍ਹਾਉਣ ਵਾਲੇ ਕਈ ਅਧਿਆਪਕਾਂ ਨੇ ਇਤਰਾਜ਼ ਜਤਾਇਆ ਸੀ। ਇਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਉਨ੍ਹਾਂ ਖ਼ਿਲਾਫ਼ ਕਈ ਪੋਸਟਾਂ ਸਾਂਝੀਆਂ ਕੀਤੀਆਂ ਗਈਆਂ ਸਨ।
ਵਿਵਾਦ ਨੂੰ ਸੁਲਝਾਉਣ ਲਈ ਦਿੱਲੀ ਹਾਈ ਕੋਰਟ ਨੇ ਜੁਲਾਈ ਮਹੀਨੇ ਵਿੱਚ ਸੀਨੀਅਰ ਵਕੀਲ ਰਾਜਸ਼ੇਖਰ ਰਾਓ ਨੂੰ ਵਿਚੋਲਗੀਕਾਰ ਨਿਯੁਕਤ ਕੀਤਾ ਸੀ। ਉਨ੍ਹਾਂ ਦੀ ਵਿਚੋਲਗੀ ਰਾਹੀਂ ਦੋਵਾਂ ਧਿਰਾਂ ਵਿਚਾਲੇ ਗੱਲਬਾਤ ਹੋਈ ਅਤੇ ਆਖ਼ਰਕਾਰ ਸਮਝੌਤਾ ਸਿਰੇ ਚੜ੍ਹ ਗਿਆ। ਅਦਾਲਤ ਵੱਲੋਂ ਪਟੀਸ਼ਨ ਦਾ ਨਿਪਟਾਰਾ ਕੀਤੇ ਜਾਣ ਨਾਲ ਇਸ ਮਾਣਹਾਨੀ ਮਾਮਲੇ ਦੀ ਕਾਨੂੰਨੀ ਕਾਰਵਾਈ ਖ਼ਤਮ ਹੋ ਗਈ ਹੈ।
-(ਪੰਜਾਬੀ ਜਾਗਰਣ)
ਨੋਟ– ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


