ਪਰਿਵਾਰਕ ਵਿਵਾਦ ਨੇ ਧਾਰਿਆ ਖ਼ੂਨੀ ਰੂਪ, ਕੈਬ ਡਰਾਈਵਰ ਵੱਲੋਂ 7 ਕਤਲ
ਪਤਨੀ, ਸੱਸ ਅਤੇ ਸਹੁਰੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਬਣਾਇਆ ਨਿਸ਼ਾਨਾ, ਵਾਰਦਾਤ ਤੋਂ ਬਾਅਦ ਲਾਸ਼ਾਂ ਟਿਕਾਣੇ ਲਗਾਉਣ ਤੇ ਸਬੂਤ ਮਿਟਾਉਣ ਦੀ ਕੋਸ਼ਿਸ਼; 45 ਸਾਲਾ ਮੁਲਜ਼ਮ ਗ੍ਰਿਫ਼ਤਾਰ

ਬੈਂਗਲੁਰੂ: ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਦੇ ਰਾਜਾਜੀਨਗਰ ਇਲਾਕੇ ਵਿੱਚ ਘਰੇਲੂ ਝਗੜੇ ਨੇ ਭਿਆਨਕ ਰੂਪ ਧਾਰ ਲਿਆ। ਇੱਥੇ ਇੱਕ 45 ਸਾਲਾ ਕੈਬ ਡਰਾਈਵਰ ਨੇ ਆਪਣੀ ਪਤਨੀ ਸਮੇਤ ਸਹੁਰੇ ਪਰਿਵਾਰ ਦੇ ਸੱਤ ਜੀਆਂ ਦਾ ਕਤਲ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਹੜਕੰਪ ਮਚ ਗਿਆ। ਪੁਲਿਸ ਨੇ ਮੁਲਜ਼ਮ ਦੀ ਪਛਾਣ ਇੰਦੂਸ਼ੇਖਰ ਵਜੋਂ ਕਰਦਿਆਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਅਨੁਸਾਰ ਮੁਲਜ਼ਮ ਨੇ ਆਪਣੀ ਪਤਨੀ ਨਾਲ ਲਗਾਤਾਰ ਹੁੰਦੇ ਝਗੜਿਆਂ ਨੂੰ ਵਾਰਦਾਤ ਦਾ ਕਾਰਨ ਦੱਸਿਆ ਹੈ। ਉਸ ਦਾ ਕਹਿਣਾ ਸੀ ਕਿ ਜਦੋਂ ਵੀ ਉਹ ਘਰੇਲੂ ਵਿਵਾਦ ਬਾਰੇ ਸਹੁਰੇ ਪਰਿਵਾਰ ਨੂੰ ਦੱਸਦਾ ਸੀ ਤਾਂ ਉਹ ਆਪਣੀ ਧੀ ਦਾ ਪੱਖ ਲੈਂਦੇ ਸਨ। ਇਸੇ ਗੱਲ ਤੋਂ ਨਾਰਾਜ਼ ਹੋ ਕੇ ਉਸ ਨੇ ਕਥਿਤ ਤੌਰ ’ਤੇ ਸਾਰਿਆਂ ਨੂੰ ਮਾਰਨ ਦੀ ਯੋਜਨਾ ਬਣਾਈ। ਪੁਲਿਸ ਵੱਲੋਂ ਉਸ ਦੇ ਬਿਆਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਸੱਤ ਜੀਆਂ ਦੀ ਮੌਤ ਨਾਲ ਇਲਾਕੇ ’ਚ ਮਚਿਆ ਹੜਕੰਪ
ਇਸ ਵਾਰਦਾਤ ਵਿੱਚ ਜਾਨ ਗੁਆਉਣ ਵਾਲਿਆਂ ਵਿੱਚ ਮੁਲਜ਼ਮ ਦੀ ਪਤਨੀ ਸੁਨੀਤਾ, ਸੱਸ ਰੂਪਵਤੀ, ਦੋ ਸਾਲੇ ਸ਼ਿਵਕੁਮਾਰ ਅਤੇ ਸ਼ੰਕਰ, ਦੋ ਭਰਜਾਈਆਂ ਦਿਵਿਆ ਅਤੇ ਨਲਿਨੀ ਤੋਂ ਇਲਾਵਾ ਇੱਕ ਸਾਲੇ ਦਾ 7 ਸਾਲਾ ਪੁੱਤਰ ਸ਼ਾਮਲ ਹੈ।
ਮੁੱਢਲੀ ਜਾਣਕਾਰੀ ਮੁਤਾਬਕ ਮੁਲਜ਼ਮ ਨੇ ਪਹਿਲਾਂ ਆਪਣੀ ਪਤਨੀ ਦਾ ਕਤਲ ਕੀਤਾ। ਇਸ ਤੋਂ ਬਾਅਦ ਉਸ ਨੇ ਦੋਵਾਂ ਸਾਲਿਆਂ ਨੂੰ ਪਾਰਟੀ ਦੇਣ ਦੇ ਬਹਾਨੇ ਬੁਲਾਇਆ ਅਤੇ ਉਨ੍ਹਾਂ ਦੀ ਵੀ ਹੱਤਿਆ ਕਰ ਦਿੱਤੀ। ਫਿਰ ਸਹੁਰੇ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਵੀ ਕਥਿਤ ਤੌਰ ’ਤੇ ਨਿਸ਼ਾਨਾ ਬਣਾਇਆ।
ਲਾਸ਼ਾਂ ਵੱਖ-ਵੱਖ ਥਾਵਾਂ ’ਤੇ ਸੁੱਟੀਆਂ, ਸਬੂਤ ਮਿਟਾਉਣ ਲਈ ਰਸਾਇਣਾਂ ਦੀ ਵਰਤੋਂ
ਪੁਲਿਸ ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮੁਲਜ਼ਮ ਨੇ ਕਤਲਾਂ ਤੋਂ ਬਾਅਦ ਵਾਰਦਾਤ ਦੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ। ਦੋਸ਼ ਹੈ ਕਿ ਉਸ ਨੇ ਲਾਸ਼ਾਂ ਨੂੰ ਵੱਖ-ਵੱਖ ਥਾਵਾਂ ’ਤੇ ਸੁੱਟਿਆ ਅਤੇ ਖ਼ੂਨ ਦੇ ਨਿਸ਼ਾਨ ਸਾਫ਼ ਕਰਨ ਲਈ ਰਸਾਇਣਾਂ ਦੀ ਵਰਤੋਂ ਕੀਤੀ, ਤਾਂ ਜੋ ਪੁਲਿਸ ਨੂੰ ਘਟਨਾ ਬਾਰੇ ਕੋਈ ਸੁਰਾਗ ਨਾ ਮਿਲ ਸਕੇ।
ਪੁਲਿਸ ਨੇ ਮਾਮਲੇ ਦੀ ਜਾਂਚ ਦੌਰਾਨ ਇੱਕ ਲਾਸ਼ ਬਰਾਮਦ ਕਰ ਲਈ ਹੈ, ਜਦਕਿ ਬਾਕੀ ਲਾਸ਼ਾਂ ਦੀ ਭਾਲ ਜਾਰੀ ਹੈ। ਜਾਂਚ ਏਜੰਸੀਆਂ ਵੱਲੋਂ ਕਤਲਾਂ ਦੇ ਪਿੱਛੇ ਦੇ ਕਾਰਨਾਂ, ਵਾਰਦਾਤ ਦੀ ਪੂਰੀ ਯੋਜਨਾ ਅਤੇ ਸਬੂਤ ਮਿਟਾਉਣ ਦੇ ਯਤਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
-(ਜਗਬਾਣੀ)
ਨੋਟ– ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


