‘ਫੈਂਟਮ’ ਗੀਤ ਦੀ ਰਿਲੀਜ਼ ਨੇ ਮੂਸੇਵਾਲਾ ਪਰਿਵਾਰ ਨੂੰ ਕੀਤਾ ਨਾਰਾਜ਼, ਸਾਗਾ ਮਿਊਜ਼ਿਕ ਖ਼ਿਲਾਫ਼ ਕਾਨੂੰਨੀ ਲੜਾਈ ਦੇ ਸੰਕੇਤ
ਬਲਕੌਰ ਸਿੰਘ ਤੇ ਚਰਨ ਕੌਰ ਨੇ ਬਿਨਾਂ ਮਨਜ਼ੂਰੀ ਗੀਤ ਜਾਰੀ ਕਰਨ ਦਾ ਲਾਇਆ ਇਲਜ਼ਾਮ, ਹੋਰ ਸੰਗੀਤ ਕੰਪਨੀਆਂ ਨੂੰ ਵੀ ਪਰਿਵਾਰ ਨਾਲ ਸੰਪਰਕ ਕਰਨ ਦੀ ਦਿੱਤੀ ਨਸੀਹਤ

ਚੰਡੀਗੜ੍ਹ- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ ‘ਫੈਂਟਮ’ ਦੀ ਰਿਲੀਜ਼ ਨੂੰ ਲੈ ਕੇ ਸੰਗੀਤ ਜਗਤ ਵਿੱਚ ਵਿਵਾਦ ਛਿੜ ਗਿਆ ਹੈ। ਸਿੱਧੂ ਦੇ ਮਾਪਿਆਂ ਬਲਕੌਰ ਸਿੰਘ ਅਤੇ ਚਰਨ ਕੌਰ ਨੇ ਸਾਗਾ ਮਿਊਜ਼ਿਕ ’ਤੇ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਗੀਤ ਰਿਲੀਜ਼ ਕਰਨ ਦੇ ਦੋਸ਼ ਲਗਾਉਂਦਿਆਂ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ।
ਪਰਿਵਾਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਾਗਾ ਮਿਊਜ਼ਿਕ ਨੇ ‘ਫੈਂਟਮ’ ਗੀਤ ਉਨ੍ਹਾਂ ਦੀ ਇਜਾਜ਼ਤ ਜਾਂ ਅਧਿਕਾਰਤ ਪ੍ਰਵਾਨਗੀ ਤੋਂ ਬਿਨਾਂ ਜਾਰੀ ਕੀਤਾ ਹੈ। ਉਨ੍ਹਾਂ ਦੱਸਿਆ ਕਿ ਗੀਤ ਦੀ ਰਿਲੀਜ਼ ਰੋਕਣ ਅਤੇ ਆਪਸੀ ਗੱਲਬਾਤ ਰਾਹੀਂ ਮਾਮਲੇ ਨੂੰ ਸੁਲਝਾਉਣ ਲਈ ਸੰਗੀਤ ਲੇਬਲ ਨੂੰ ਬੇਨਤੀ ਕੀਤੀ ਗਈ ਸੀ, ਪਰ ਇਸ ਦੇ ਬਾਵਜੂਦ ਗੀਤ ਰਿਲੀਜ਼ ਕਰ ਦਿੱਤਾ ਗਿਆ।
ਬਲਕੌਰ ਸਿੰਘ ਅਤੇ ਚਰਨ ਕੌਰ ਨੇ ਇਹ ਵੀ ਦਾਅਵਾ ਕੀਤਾ ਕਿ ਸਾਗਾ ਮਿਊਜ਼ਿਕ ਕੋਲ ਗੀਤ ਜਾਰੀ ਕਰਨ ਦੀ ਮਨਜ਼ੂਰੀ ਸਬੰਧੀ ਕੋਈ ਜਾਇਜ਼ ਦਸਤਾਵੇਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਵਿਰਾਸਤ ਅਤੇ ਉਸ ਦੇ ਅਧਿਕਾਰਾਂ ਦੀ ਰਾਖੀ ਲਈ ਪਰਿਵਾਰ ਕਾਨੂੰਨੀ ਕਾਰਵਾਈ ਕਰਨ ਦੀ ਤਿਆਰੀ ਕਰ ਰਿਹਾ ਹੈ।
ਮੂਸੇਵਾਲਾ ਦੇ ਮਾਪਿਆਂ ਨੇ ਹੋਰ ਕਲਾਕਾਰਾਂ ਅਤੇ ਸੰਗੀਤ ਲੇਬਲਾਂ ਨੂੰ ਵੀ ਅਪੀਲ ਕੀਤੀ ਹੈ ਕਿ ਸਿੱਧੂ ਦੇ ਕਿਸੇ ਵੀ ਗੀਤ ਦੀ ਰਿਲੀਜ਼ ਜਾਂ ਜਨਤਕ ਐਲਾਨ ਤੋਂ ਪਹਿਲਾਂ ਪਰਿਵਾਰ ਨਾਲ ਸੰਪਰਕ ਕੀਤਾ ਜਾਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਸਿੱਧੂ ਦੇ ਸੰਗੀਤ ਅਤੇ ਗੀਤਾਂ ਨਾਲ ਜੁੜੇ ਸਾਰੇ ਮਾਮਲਿਆਂ ਵਿੱਚ ਪਰਿਵਾਰ ਦੀ ਸਹਿਮਤੀ ਅਤੇ ਅਧਿਕਾਰਾਂ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ।
ਪਰਿਵਾਰ ਨੇ ਦੁਹਰਾਇਆ ਕਿ ਉਹ ਆਪਣੇ ਪੁੱਤਰ ਦੀ ਵਿਰਾਸਤ ਨੂੰ ਸੰਭਾਲਣ ਅਤੇ ਉਸ ਨਾਲ ਜੁੜੇ ਅਧਿਕਾਰਾਂ ਦੀ ਰਾਖੀ ਲਈ ਹਰ ਸੰਭਵ ਕਦਮ ਚੁੱਕਣਗੇ।
-(ਪੀਟੀਸੀ ਨਿਊਜ)
ਨੋਟ– ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


