Monday, November 23, 2026
Google search engine
Homeਤਾਜ਼ਾ ਖਬਰਪੰਜਾਬ ਦੇ ਦੋ ‘ਆਪ’ ਵਿਧਾਇਕਾਂ ਤੱਕ ਪਹੁੰਚੀ ED ਜਾਂਚ ਦੀਆਂ ਤਾਰਾਂ, ਅਮਨਦੀਪ...

ਪੰਜਾਬ ਦੇ ਦੋ ‘ਆਪ’ ਵਿਧਾਇਕਾਂ ਤੱਕ ਪਹੁੰਚੀ ED ਜਾਂਚ ਦੀਆਂ ਤਾਰਾਂ, ਅਮਨਦੀਪ ਅਰੋੜਾ ਦੇ ਪਰਿਵਾਰਕ ਮੈਂਬਰਾਂ ਸਮੇਤ 10 ਤੋਂ ਵੱਧ ਲੋਕਾਂ ਨੂੰ ਸੱਦਾ

ਪੰਜਾਬ ਦੇ ਦੋ ‘ਆਪ’ ਵਿਧਾਇਕਾਂ ਤੱਕ ਪਹੁੰਚੀ ED ਜਾਂਚ ਦੀਆਂ ਤਾਰਾਂ, ਅਮਨਦੀਪ ਅਰੋੜਾ ਦੇ ਪਰਿਵਾਰਕ ਮੈਂਬਰਾਂ ਸਮੇਤ 10 ਤੋਂ ਵੱਧ ਲੋਕਾਂ ਨੂੰ ਸੱਦਾ

ਧਰਮਕੋਟ ਦੇ ਵਿਧਾਇਕ ਲਾਡੀ ਢੋਸ ਨੂੰ ਵੀ ਪੁੱਛਗਿੱਛ ਲਈ ਬੁਲਾਇਆ, ਚੰਡੀਗੜ੍ਹ ਦਫ਼ਤਰ ’ਚ ਵੱਖ-ਵੱਖ ਦਿਨਾਂ ’ਤੇ ਹੋਵੇਗੀ ਪੇਸ਼ੀ; ਇੱਕ ਕਰੋੜ ਤੋਂ ਵੱਧ ਦੇ ਕਥਿਤ ਮੁਆਵਜ਼ਾ ਘਪਲੇ ਨਾਲ ਜੁੜਿਆ ਮਾਮਲਾ

ਚੰਡੀਗੜ੍ਹ- ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨਾਲ ਜੁੜੇ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਜਾਂਚ ਤੇਜ਼ ਹੋ ਗਈ ਹੈ। ਮੋਗਾ ਤੋਂ ਵਿਧਾਇਕ ਅਮਨਦੀਪ ਕੌਰ ਅਰੋੜਾ ਅਤੇ ਉਨ੍ਹਾਂ ਦੇ ਪਤੀ ਰਾਕੇਸ਼ ਅਰੋੜਾ ਤੋਂ ਬਾਅਦ ਹੁਣ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੂੰ ਵੀ ਜਾਂਚ ਏਜੰਸੀ ਨੇ ਸੰਮਨ ਭੇਜਿਆ ਹੈ।

ਮਿਲੀ ਜਾਣਕਾਰੀ ਅਨੁਸਾਰ, ਈਡੀ ਵੱਲੋਂ ਇਸ ਮਾਮਲੇ ਵਿੱਚ 10 ਤੋਂ ਵੱਧ ਵਿਅਕਤੀਆਂ ਨੂੰ ਪੁੱਛਗਿੱਛ ਲਈ ਤਲਬ ਕੀਤਾ ਗਿਆ ਹੈ। ਇਨ੍ਹਾਂ ਵਿੱਚ ਮੌਜੂਦਾ ਅਤੇ ਸਾਬਕਾ ਸਰਕਾਰੀ ਅਧਿਕਾਰੀਆਂ ਤੋਂ ਇਲਾਵਾ ਵਿਧਾਇਕ ਅਮਨਦੀਪ ਕੌਰ ਅਰੋੜਾ ਦੇ ਪਰਿਵਾਰਕ ਮੈਂਬਰ ਵੀ ਸ਼ਾਮਲ ਹਨ। ਸਾਰੇ ਵਿਅਕਤੀਆਂ ਨੂੰ ਵੱਖ-ਵੱਖ ਤਰੀਕਾਂ ’ਤੇ ਚੰਡੀਗੜ੍ਹ ਸਥਿਤ ਈਡੀ ਦੇ ਜ਼ੋਨਲ ਦਫ਼ਤਰ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ।

ਇਨ੍ਹਾਂ ਤਰੀਕਾਂ ’ਤੇ ਜਾਂਚ ਏਜੰਸੀ ਸਾਹਮਣੇ ਹੋਵੇਗੀ ਪੇਸ਼ੀ

ਸੂਤਰਾਂ ਮੁਤਾਬਕ, ਲਖਵਿੰਦਰ ਸਿੰਘ ਨੂੰ 23 ਨਵੰਬਰ, ਰਾਕੇਸ਼ ਅਰੋੜਾ ਨੂੰ 25 ਨਵੰਬਰ ਅਤੇ ਵਿਧਾਇਕ ਅਮਨਦੀਪ ਕੌਰ ਅਰੋੜਾ ਨੂੰ 26 ਨਵੰਬਰ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ।

ਇਸੇ ਤਰ੍ਹਾਂ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਅਤੇ ਜਸਪਾਲ ਸਿੰਘ ਨੂੰ 27 ਨਵੰਬਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ। ਬਲਜਿੰਦਰ ਸਿੰਘ ਨੂੰ 30 ਨਵੰਬਰ ਅਤੇ ਅਮਰਿੰਦਰ ਸਿੰਘ ਨੂੰ 2 ਦਸੰਬਰ ਦੀ ਤਰੀਕ ਦਿੱਤੀ ਗਈ ਹੈ।

ਇਸ ਤੋਂ ਇਲਾਵਾ ਮੋਗਾ ਦੇ ਜ਼ਿਲ੍ਹਾ ਮਾਲ ਅਧਿਕਾਰੀ ਗੁਰਦੇਵ ਸਿੰਘ ਧੰਮ, ਪਟਵਾਰੀ ਨਿਰਵੈਰ ਸਿੰਘ ਅਤੇ ਸਾਬਕਾ ਤਹਿਸੀਲਦਾਰ ਲਖਵਿੰਦਰ ਸਿੰਘ ਗਿੱਲ ਸਮੇਤ ਹੋਰ ਵਿਅਕਤੀਆਂ ਨੂੰ ਵੀ ਜਾਂਚ ਵਿੱਚ ਸ਼ਾਮਲ ਹੋਣ ਲਈ ਸੰਮਨ ਜਾਰੀ ਕੀਤੇ ਗਏ ਹਨ।

ED ਦੀ ਛਾਪੇਮਾਰੀ ਤੋਂ ਬਾਅਦ ਅਮਨਦੀਪ ਅਰੋੜਾ ਨੇ ਚੁੱਕੇ ਸਨ ਸਿਆਸੀ ਬਦਲਾਖੋਰੀ ਦੇ ਸਵਾਲ

ਇਸ ਮਹੀਨੇ ਦੇ ਸ਼ੁਰੂ ਵਿੱਚ ਈਡੀ ਨੇ ਵਿਧਾਇਕ ਅਮਨਦੀਪ ਕੌਰ ਅਰੋੜਾ ਨਾਲ ਸਬੰਧਤ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਸੀ। ਇਸ ਕਾਰਵਾਈ ਤੋਂ ਬਾਅਦ ਉਨ੍ਹਾਂ ਨੇ ਭਾਜਪਾ ’ਤੇ ਸਿਆਸੀ ਬਦਲਾਖੋਰੀ ਦੇ ਦੋਸ਼ ਲਗਾਏ ਸਨ।

ਵਿਧਾਇਕ ਦਾ ਦਾਅਵਾ ਸੀ ਕਿ ਈਡੀ ਦੀ ਕਈ ਘੰਟਿਆਂ ਤੱਕ ਚੱਲੀ ਕਾਰਵਾਈ ਦੌਰਾਨ ਉਨ੍ਹਾਂ ’ਤੇ ਭਾਜਪਾ ਵਿੱਚ ਸ਼ਾਮਲ ਹੋਣ ਲਈ ਦਬਾਅ ਬਣਾਇਆ ਗਿਆ ਸੀ। ਉਨ੍ਹਾਂ ਮੁਤਾਬਕ, ਉਨ੍ਹਾਂ ਨੂੰ ਮੰਤਰੀ ਦਾ ਅਹੁਦਾ ਦੇਣ ਤੱਕ ਦੀ ਪੇਸ਼ਕਸ਼ ਕੀਤੀ ਗਈ ਸੀ। ਉਨ੍ਹਾਂ ਇਹ ਵੀ ਦਾਅਵਾ ਕੀਤਾ ਸੀ ਕਿ ਛਾਪੇਮਾਰੀ ਦੌਰਾਨ ਜਾਂਚ ਏਜੰਸੀ ਨੂੰ ਕੋਈ ਪੈਸਾ ਬਰਾਮਦ ਨਹੀਂ ਹੋਇਆ।

ਨੈਸ਼ਨਲ ਹਾਈਵੇਅ ਲਈ ਜ਼ਮੀਨ ਐਕਵਾਇਰ ਕਰਨ ਸਮੇਂ ਸਾਹਮਣੇ ਆਇਆ ਸੀ ਮਾਮਲਾ

ਈਡੀ ਦੀ ਜਾਂਚ ਮੋਗਾ ਜ਼ਿਲ੍ਹੇ ਦੇ ਪਿੰਡ ਅਧਰਾਮਨ ਵਿੱਚ ਸਰਕਾਰੀ ਜ਼ਮੀਨ ਦੇ ਮਾਲ ਰਿਕਾਰਡ ਨਾਲ ਕਥਿਤ ਛੇੜਛਾੜ ਕਰਕੇ ਮੁਆਵਜ਼ੇ ਦੀ ਰਕਮ ਗਲਤ ਢੰਗ ਨਾਲ ਹਾਸਲ ਕਰਨ ਦੇ ਮਾਮਲੇ ਨਾਲ ਸਬੰਧਤ ਹੈ।

ਇਹ ਮਾਮਲਾ ਨੈਸ਼ਨਲ ਹਾਈਵੇਅ ਨੰਬਰ 754A ਦੇ ਨਿਰਮਾਣ ਲਈ ਜ਼ਮੀਨ ਐਕਵਾਇਰ ਕਰਨ ਸਮੇਂ ਸਾਹਮਣੇ ਆਇਆ ਸੀ। ਦੋਸ਼ ਹਨ ਕਿ ਮਾਲ ਰਿਕਾਰਡ ਵਿੱਚ ਕਥਿਤ ਹੇਰਾਫੇਰੀ ਕਰਕੇ ਸਰਕਾਰੀ ਮੁਆਵਜ਼ੇ ਦੀ ਇੱਕ ਕਰੋੜ ਰੁਪਏ ਤੋਂ ਵੱਧ ਦੀ ਰਕਮ ਗਲਤ ਤਰੀਕੇ ਨਾਲ ਜਾਰੀ ਕਰਵਾਈ ਗਈ।

ਇਸ ਸਬੰਧ ਵਿੱਚ ਮੋਗਾ ਪੁਲਿਸ ਦੇ ਧਰਮਕੋਟ ਥਾਣੇ ਵਿੱਚ ਐੱਫਆਈਆਰ ਦਰਜ ਕੀਤੀ ਗਈ ਸੀ। ਇਸੇ ਕੇਸ ਦੇ ਆਧਾਰ ’ਤੇ ਈਡੀ ਨੇ ਮਨੀ ਲਾਂਡਰਿੰਗ ਦੇ ਸ਼ੱਕ ਤਹਿਤ ਜਾਂਚ ਸ਼ੁਰੂ ਕੀਤੀ ਹੈ।

-(ਟੀਵੀ 9 ਪੰਜਾਬੀ)

ਨੋਟ– ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments