KBC ਦੇ ਵਿਵਾਦਿਤ ਸਵਾਲ ਨੇ ਪੰਜਾਬ ’ਚ ਛੇੜੀ ਚਰਚਾ, ਅਮਿਤਾਭ ਬੱਚਨ ਅਤੇ ਸੋਨੀ ਟੀਵੀ ਨੂੰ ਕਾਨੂੰਨੀ ਨੋਟਿਸ
ਵਾਇਰਲ ਵੀਡੀਓ ’ਚ ਪੰਜਾਬ ਦੇ ਪੁਲਿਸ ਥਾਣਿਆਂ ’ਤੇ ਬੰਬ ਹਮਲਿਆਂ ਬਾਰੇ ਸਵਾਲ ਪੁੱਛਣ ’ਤੇ ਇਤਰਾਜ਼; ਸੰਗਰੂਰ ਦੇ ਵਕੀਲ ਨੇ ਕਲਿੱਪ ਹਟਾਉਣ ਅਤੇ ਮੁਆਫ਼ੀ ਦੀ ਕੀਤੀ ਮੰਗ

ਨਵੀਂ ਦਿੱਲੀ- ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਦੇ ਮਸ਼ਹੂਰ ਕੁਇਜ਼ ਸ਼ੋਅ ‘ਕੌਣ ਬਣੇਗਾ ਕਰੋੜਪਤੀ’ (KBC) ਨਾਲ ਜੁੜਿਆ ਇੱਕ ਮਾਮਲਾ ਕਾਨੂੰਨੀ ਵਿਵਾਦ ਦਾ ਰੂਪ ਧਾਰਦਾ ਨਜ਼ਰ ਆ ਰਿਹਾ ਹੈ। ਪੰਜਾਬ ਦੇ ਸੰਗਰੂਰ ਦੇ ਇੱਕ ਵਕੀਲ ਨੇ ਅਮਿਤਾਭ ਬੱਚਨ ਅਤੇ ਸੋਨੀ ਟੀਵੀ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਇਹ ਨੋਟਿਸ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇੱਕ ਵੀਡੀਓ ਦੇ ਸਬੰਧ ਵਿੱਚ ਜਾਰੀ ਕੀਤਾ ਗਿਆ ਹੈ।
ਕਥਿਤ ਵੀਡੀਓ ਵਿੱਚ ਅਮਿਤਾਭ ਬੱਚਨ ਸ਼ੋਅ ਦੌਰਾਨ ਪੰਜਾਬ ਦੇ ਪੁਲਿਸ ਥਾਣਿਆਂ ’ਤੇ ਹੋਏ ਬੰਬ ਹਮਲਿਆਂ ਨਾਲ ਸਬੰਧਤ ਸਵਾਲ ਪੁੱਛਦੇ ਦਿਖਾਈ ਦੇ ਰਹੇ ਹਨ। ਇਸ ਸਵਾਲ ਨੂੰ ਲੈ ਕੇ ਵਕੀਲ ਨੇ ਇਤਰਾਜ਼ ਜਤਾਇਆ ਹੈ।
ਸਵਾਲ ਰਾਹੀਂ ਪੰਜਾਬ ਦੀ ਛਵੀ ਖ਼ਰਾਬ ਕਰਨ ਦਾ ਦੋਸ਼
ਵਕੀਲ ਇੰਦਰਜੀਤ ਅਰੋੜਾ ਦਾ ਕਹਿਣਾ ਹੈ ਕਿ ਵੀਡੀਓ ਵਿੱਚ ਦਿਖਾਇਆ ਗਿਆ ਸਵਾਲ ਪੰਜਾਬ ਦੀ ਨਕਾਰਾਤਮਕ ਤਸਵੀਰ ਪੇਸ਼ ਕਰਦਾ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਇਸ ਕਲਿੱਪ ਨੂੰ ਰਾਸ਼ਟਰੀ ਮੀਡੀਆ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਤੁਰੰਤ ਹਟਾਇਆ ਜਾਵੇ।
ਵਕੀਲ ਮੁਤਾਬਕ, ਜੇਕਰ ਇਹ ਵੀਡੀਓ KBC ਦੇ ਕਿਸੇ ਅਸਲੀ ਐਪੀਸੋਡ ਦਾ ਹਿੱਸਾ ਹੈ ਤਾਂ ਅਮਿਤਾਭ ਬੱਚਨ ਅਤੇ ਸਬੰਧਤ ਟੀਵੀ ਚੈਨਲ ਨੂੰ ਬਿਨਾਂ ਸ਼ਰਤ ਮੁਆਫ਼ੀ ਮੰਗਣੀ ਚਾਹੀਦੀ ਹੈ।
12.50 ਲੱਖ ਰੁਪਏ ਲਈ ਮੁਕਾਬਲੇਬਾਜ਼ ਨੂੰ ਪੁੱਛਿਆ ਗਿਆ ਸੀ ਸਵਾਲ
‘ਦ ਸਟੇਟਸਮੈਨ’ ਦੀ ਰਿਪੋਰਟ ਅਨੁਸਾਰ, ਅਰੋੜਾ ਨੇ ਦੱਸਿਆ ਕਿ ਇੱਕ ਗਾਹਕ ਉਨ੍ਹਾਂ ਕੋਲ ਸਕ੍ਰੀਨਸ਼ਾਟ ਅਤੇ ਵੀਡੀਓ ਕਲਿੱਪ ਲੈ ਕੇ ਆਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਮਾਮਲੇ ਦਾ ਨੋਟਿਸ ਲਿਆ।
ਕਥਿਤ ਕਲਿੱਪ ਵਿੱਚ ਅਮਿਤਾਭ ਬੱਚਨ ਇੱਕ ਮੁਕਾਬਲੇਬਾਜ਼ ਨੂੰ 12 ਲੱਖ 50 ਹਜ਼ਾਰ ਰੁਪਏ ਦੀ ਰਕਮ ਲਈ ਸਵਾਲ ਪੁੱਛਦੇ ਦਿਖਾਈ ਦਿੰਦੇ ਹਨ। ਸਵਾਲ ਸੀ ਕਿ ਕਿਹੜੇ ਸੂਬੇ ਵਿੱਚ ਅਪਰਾਧੀਆਂ ਨੇ ਬਿਨਾਂ ਕਿਸੇ ਡਰ ਦੇ ਪੁਲਿਸ ਥਾਣੇ ’ਤੇ ਬੰਬ ਨਾਲ ਹਮਲਾ ਕੀਤਾ ਸੀ?
ਵਕੀਲ ਨੇ ਸਵਾਲ ਦੀ ਪ੍ਰਸੰਗਿਕਤਾ ’ਤੇ ਵੀ ਉਂਗਲ ਚੁੱਕੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਆਮ ਗਿਆਨ ਦੀ ਪਰਖ ਕਰਨ ਦੀ ਬਜਾਏ ਕਿਸੇ ਖ਼ਾਸ ਸੂਬੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਜਾਪਦੀ ਹੈ।
ਵੀਡੀਓ ਦੀ ਸੱਚਾਈ ’ਤੇ ਵੀ ਉੱਠੇ ਸਵਾਲ
ਇੰਦਰਜੀਤ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅਮਿਤਾਭ ਬੱਚਨ ਅਤੇ ਸੋਨੀ ਟੀਵੀ ਦੋਵਾਂ ਨੂੰ ਕਾਨੂੰਨੀ ਨੋਟਿਸ ਭੇਜ ਕੇ ਸਪੱਸ਼ਟੀਕਰਨ ਮੰਗਿਆ ਗਿਆ ਹੈ।
ਉੱਧਰ, ਵਾਇਰਲ ਵੀਡੀਓ ਦੀ ਅਸਲੀਅਤ ਬਾਰੇ ਵੀ ਅਜੇ ਸਥਿਤੀ ਸਪੱਸ਼ਟ ਨਹੀਂ ਹੈ। ਇਸ ਕਲਿੱਪ ਨੂੰ AI ਰਾਹੀਂ ਤਿਆਰ ਕੀਤੀ ਗਈ ਵੀਡੀਓ ਹੋਣ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ। ਇਸ ਲਈ ਵੀਡੀਓ ਦੀ ਸੱਚਾਈ ਅਤੇ KBC ਦੇ ਅਸਲੀ ਐਪੀਸੋਡ ਨਾਲ ਇਸ ਦੇ ਸਬੰਧ ਦੀ ਪੁਸ਼ਟੀ ਹੋਣੀ ਬਾਕੀ ਹੈ। ਸਬੰਧਤ ਚੈਨਲ ਵੱਲੋਂ ਜਵਾਬ ਆਉਣ ਤੋਂ ਬਾਅਦ ਹੀ ਮਾਮਲੇ ਦੀ ਅਸਲ ਤਸਵੀਰ ਸਾਹਮਣੇ ਆ ਸਕੇਗੀ।
-(ਪੰਜਾਬੀ ਜਾਗਰਣ)
ਨੋਟ– ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


