ਪਾਣੀ ਦੀ ਗੁਣਵੱਤਾ ’ਤੇ ਵਿਵਾਦ ਮਗਰੋਂ ਬਿਸਲੇਰੀ ਨੇ ਤੋੜੀ ਚੁੱਪ, ਕੰਪਨੀ ਨੇ ਜਾਂਚ ਰਿਪੋਰਟਾਂ ’ਤੇ ਚੁੱਕੇ ਸਵਾਲ
FSSAI ਦੀ ਕਾਰਵਾਈ ਬਾਰੇ ਕੰਪਨੀ ਦਾ ਸਪੱਸ਼ਟੀਕਰਨ, ਕਿਹਾ- ਮਾਮਲਾ 14 ਮਹੀਨੇ ਪੁਰਾਣਾ; ਸੁਤੰਤਰ ਲੈਬ ਦੀ ਜਾਂਚ ਵਿੱਚ ਪਾਣੀ ਸੁਰੱਖਿਆ ਮਾਪਦੰਡਾਂ ’ਤੇ ਖਰਾ ਉਤਰਿਆ

ਨਵੀਂ ਦਿੱਲੀ- ਪੈਕਡ ਪੀਣ ਵਾਲੇ ਪਾਣੀ ਦੇ ਪ੍ਰਸਿੱਧ ਬ੍ਰਾਂਡ ਬਿਸਲੇਰੀ (Bisleri) ਦੇ ਪਾਣੀ ਦੇ ਨਮੂਨੇ ਲੈਬਾਰਟਰੀ ਜਾਂਚ ਵਿੱਚ ਫੇਲ੍ਹ ਹੋਣ ਅਤੇ ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ (FSSAI) ਵੱਲੋਂ ਕਾਨੂੰਨੀ ਕਾਰਵਾਈ ਦੀ ਮਨਜ਼ੂਰੀ ਦੇਣ ਦੇ ਮਾਮਲੇ ਵਿੱਚ ਹੁਣ ਕੰਪਨੀ ਦਾ ਪੱਖ ਸਾਹਮਣੇ ਆਇਆ ਹੈ। ਬਿਸਲੇਰੀ ਇੰਟਰਨੈਸ਼ਨਲ ਨੇ ਅਧਿਕਾਰਤ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਇਹ ਮਾਮਲਾ ਲਗਭਗ 14 ਮਹੀਨੇ ਪੁਰਾਣਾ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਉਸੇ ਬੈਚ ਦੇ ਪਾਣੀ ਦੀ ਇੱਕ ਸੁਤੰਤਰ ਅਤੇ FSSAI ਤੋਂ ਮਾਨਤਾ ਪ੍ਰਾਪਤ ਲੈਬਾਰਟਰੀ ਵਿੱਚ ਜਾਂਚ ਕਰਵਾਈ ਗਈ ਸੀ, ਜਿਸ ਵਿੱਚ ਪਾਣੀ ਸਾਰੇ ਸੁਰੱਖਿਆ ਮਾਪਦੰਡਾਂ ’ਤੇ ਖਰਾ ਉਤਰਿਆ।
ਕੰਪਨੀ ਨੇ ਸੋਮਵਾਰ ਨੂੰ ਜਾਰੀ ਬਿਆਨ ਵਿੱਚ ਦੱਸਿਆ ਕਿ 30 ਸਤੰਬਰ 2025 ਨੂੰ FSSAI ਦੀ ਟੀਮ ਨੇ ਗੋਆ ਸਥਿਤ ਉਸ ਦੇ ਪਲਾਂਟ ਤੋਂ ਪਾਣੀ ਦੇ ਛੇ ਨਮੂਨੇ ਇਕੱਠੇ ਕੀਤੇ ਸਨ। ਇਨ੍ਹਾਂ ਵਿੱਚੋਂ ਪੰਜ ਨਮੂਨੇ ਗੁਣਵੱਤਾ ਦੇ ਸਾਰੇ ਮਾਪਦੰਡਾਂ ’ਤੇ ਸਹੀ ਪਾਏ ਗਏ, ਜਦਕਿ ਛੇਵੇਂ ਨਮੂਨੇ ਦੀ ਮੁੱਢਲੀ ਜਾਂਚ ਵਿੱਚ ਬਰੋਮੇਟ (Bromate) ਦੀ ਮਾਤਰਾ 12 ਮਾਈਕ੍ਰੋਗ੍ਰਾਮ ਪ੍ਰਤੀ ਲੀਟਰ ਮਿਲੀ ਸੀ। ਇਹ ਮਾਤਰਾ ਨਿਰਧਾਰਤ ਸੀਮਾ 10 ਮਾਈਕ੍ਰੋਗ੍ਰਾਮ ਪ੍ਰਤੀ ਲੀਟਰ ਤੋਂ ਵੱਧ ਸੀ।
ਦੋ ਲੈਬਾਰਟਰੀਆਂ ਦੀਆਂ ਰਿਪੋਰਟਾਂ ’ਚ ਸਾਹਮਣੇ ਆਇਆ ਫਰਕ
ਬਿਸਲੇਰੀ ਅਨੁਸਾਰ, ਨਵੰਬਰ 2025 ਵਿੱਚ ਅਪੀਲ ਕਰਨ ਤੋਂ ਬਾਅਦ ਪਾਣੀ ਦੇ ਨਮੂਨੇ ਇੱਕ ਰੈਫਰਲ ਲੈਬਾਰਟਰੀ ਵਿੱਚ ਭੇਜੇ ਗਏ ਸਨ। ਉੱਥੇ ਜਾਂਚ ਦੌਰਾਨ ਬਰੋਮੇਟ ਦੀ ਮਾਤਰਾ ਨਿਰਧਾਰਤ ਹੱਦ ਅੰਦਰ ਪਾਈ ਗਈ, ਪਰ PAHs (ਪੌਲੀਨਿਊਕਲੀਅਰ ਐਰੋਮੈਟਿਕ ਹਾਈਡਰੋਕਾਰਬਨ) ਦੀ ਮੌਜੂਦਗੀ ਦਰਜ ਕੀਤੀ ਗਈ।
ਕੰਪਨੀ ਨੇ ਦਾਅਵਾ ਕੀਤਾ ਕਿ ਦੋਵਾਂ ਲੈਬਾਰਟਰੀਆਂ ਦੀਆਂ ਰਿਪੋਰਟਾਂ ਵਿੱਚ ਅੰਤਰ ਹੋਣ ਕਾਰਨ ਉਸ ਨੇ ਉਸੇ ਉਤਪਾਦਨ ਮਿਤੀ ਅਤੇ ਲਾਟ ਦੇ ਨਮੂਨੇ ਦੀ ਇੱਕ ਹੋਰ ਸੁਤੰਤਰ ਜਾਂਚ ਕਰਵਾਈ। ਇਹ ਜਾਂਚ FSSAI ਤੋਂ ਮਾਨਤਾ ਪ੍ਰਾਪਤ ਬਾਹਰੀ ਲੈਬਾਰਟਰੀ ਵਿੱਚ ਹੋਈ, ਜਿਸ ਵਿੱਚ ਪਾਣੀ ਨੂੰ ਸਾਰੇ ਸੁਰੱਖਿਆ ਮਾਪਦੰਡਾਂ ਅਨੁਸਾਰ ਸਹੀ ਪਾਇਆ ਗਿਆ।


ਪਾਣੀ ਦੀ ਸੁਰੱਖਿਆ ਨੂੰ ਦੱਸਿਆ ਸਭ ਤੋਂ ਵੱਡੀ ਤਰਜੀਹ
ਕੰਪਨੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਪੀਣ ਵਾਲੇ ਪਾਣੀ ਦੀ ਸੁਰੱਖਿਆ ਉਸ ਦੀ ਸਭ ਤੋਂ ਵੱਡੀ ਤਰਜੀਹ ਹੈ। ਬਿਸਲੇਰੀ ਮੁਤਾਬਕ, ਕੰਪਨੀ ਆਪਣੇ ਉਤਪਾਦਾਂ ਦੀ ਗੁਣਵੱਤਾ ’ਤੇ ਸਖ਼ਤ ਨਜ਼ਰ ਰੱਖਦੀ ਹੈ ਅਤੇ ਇਸ ਮਾਮਲੇ ਨੂੰ ਨਿਯਮਾਂ ਅਨੁਸਾਰ ਸੁਲਝਾਉਣ ਲਈ FSSAI ਨਾਲ ਸਹਿਯੋਗ ਜਾਰੀ ਰੱਖੇਗੀ।
ਕੀ ਹੈ ਪੂਰਾ ਵਿਵਾਦ?
ਦੱਸਣਯੋਗ ਹੈ ਕਿ ਗੋਆ ਸਥਿਤ ਬਿਸਲੇਰੀ ਪਲਾਂਟ ਤੋਂ ਲਏ ਗਏ ਪਾਣੀ ਦੇ ਨਮੂਨਿਆਂ ਦੀਆਂ ਦੋ ਵੱਖ-ਵੱਖ ਲੈਬਾਰਟਰੀ ਜਾਂਚਾਂ ਵਿੱਚ ਖ਼ਾਮੀਆਂ ਸਾਹਮਣੇ ਆਉਣ ਤੋਂ ਬਾਅਦ FSSAI ਨੇ 22 ਨਵੰਬਰ 2026 ਨੂੰ ਕੰਪਨੀ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਦੀ ਮਨਜ਼ੂਰੀ ਦਿੱਤੀ ਸੀ। ਇਸ ਮਾਮਲੇ ਵਿੱਚ ਪਾਣੀ ਅੰਦਰ ਬਰੋਮੇਟ ਅਤੇ PAHs ਦੀ ਮੌਜੂਦਗੀ ਨੂੰ ਲੈ ਕੇ ਸਵਾਲ ਉੱਠੇ ਸਨ। ਹੁਣ ਕੰਪਨੀ ਵੱਲੋਂ ਆਪਣਾ ਪੱਖ ਰੱਖਣ ਤੋਂ ਬਾਅਦ ਇਸ ਮਾਮਲੇ ਵਿੱਚ ਦੋਵਾਂ ਧਿਰਾਂ ਦੀਆਂ ਰਿਪੋਰਟਾਂ ਅਤੇ ਦਾਅਵਿਆਂ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ।
-(ਪੀਟੀਸੀ ਨਿਊਜ)
ਨੋਟ– ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


