ਆਂਗਣਵਾੜੀ ਸੈਂਟਰਾਂ ਦਾ ਸਮਾਂ ਬਦਲਣ ਅਤੇ ਤਨਖਾਹਾਂ ਨਾ ਮਿਲਣ ਦੇ ਵਿਰੋਧ ਵਿਚ ਆਂਗਣਵਾੜੀ ਮੁਲਾਜ਼ਮ ਯੂਨੀਅਨ ਕਰੇਗੀ ਸੰਘਰਸ਼
ਸ੍ਰੀ ਮੁਕਤਸਰ ਸਾਹਿਬ ,17 ਮਈ – ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਪੰਜਾਬ ਸਰਕਾਰ ਅਤੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਤੇ ਗੌਰ ਨਾ ਕੀਤਾ ਗਿਆ ਤਾਂ ਜਥੇਬੰਦੀ ਵੱਲੋਂ ਵੱਡੇ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ । ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਪੰਜਾਬ ਵਿਚ ਇਸ ਵੇਲੇ 47 ਡਿਗਰੀ ਤੱਕ ਤਾਪਮਾਨ ਚਲਾ ਜਾਂਦਾ ਹੈ । ਪਰ ਆਂਗਣਵਾੜੀ ਸੈਂਟਰਾਂ ਦਾ ਸਮਾਂ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਬਰਾਬਰ ਤਬਦੀਲ ਨਹੀਂ ਕੀਤਾ ਗਿਆ । ਉਹਨਾਂ ਦੋਸ਼ ਲਗਾਇਆ ਕਿ ਵਿਭਾਗ ਦੀ ਮੰਤਰੀ ਡਾਕਟਰ ਬਲਜੀਤ ਕੌਰ ਇਸ ਸਬੰਧੀ ਗੱਲ ਹੀ ਨਹੀਂ ਸੁਣ ਰਹੀ ਜਦੋਂ ਕਿ ਉਹਨਾਂ ਨੂੰ ਕਈ ਵਾਰ ਮਿਲ ਕੇ ਮੰਗ ਪੱਤਰ ਦਿੱਤੇ ਗਏ ਹਨ । ਉਹਨਾਂ ਕਿਹਾ ਕਿ ਆਂਗਣਵਾੜੀ ਸੈਂਟਰਾਂ ਵਿਚ ਬੱਚਿਆਂ ਦੇ ਲਈ ਪੀਣ ਲਈ ਸਾਫ਼ ਸੁਥਰਾ ਪਾਣੀ ਨਹੀਂ ਹੈ । ਕਈਆਂ ਸੈਂਟਰਾਂ ਵਿਚ ਬਿਜਲੀ ਨਹੀਂ , ਪੱਖੇ ਨਹੀਂ ਹਨ ਤੇ ਹੋਰ ਸਹੂਲਤਾਂ ਤੋਂ ਸੱਖਣੇ ਹਨ । ਭਾਵੇਂ ਆਂਗਣਵਾੜੀ ਸੈਂਟਰਾਂ ਦੇ ਬੱਚੇ 2017 ਤੋਂ ਸਰਕਾਰ ਨੇ ਖੋਹ ਕੇ ਪ੍ਰਾਇਮਰੀ ਸਕੂਲਾਂ ਵਿਚ ਬਿਠਾਏ ਹੋਏ ਹਨ । ਪਰ ਜਿੰਨਾਂ ਸੈਂਟਰਾਂ ਵਿਚ ਬੱਚੇ ਆਉਂਦੇ ਹਨ ਉਹਨਾਂ ਨਿੱਕੇ ਨਿੱਕੇ ਬੱਚਿਆਂ ਦਾ ਗਰਮੀਂ ਕਾਰਨ ਬੁਰਾ ਹਾਲ ਹੋ ਰਿਹਾ ਹੈ । ਉਹਨਾਂ ਇਹ ਵੀ ਕਿਹਾ ਕਿ ਸੂਬੇ ਭਰ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਮਾਰਚ ਮਹੀਨੇ ਤੋਂ ਬਾਅਦ ਤਨਖਾਹਾਂ ਨਹੀਂ ਮਿਲੀਆਂ । ਜਿਸ ਕਰਕੇ ਵਰਕਰਾਂ ਤੇ ਹੈਲਪਰਾਂ ਘੋਰ ਨਿਰਾਸ਼ਾਂ ਵਿਚ ਹਨ । ਉਹਨਾਂ ਕਿਹਾ ਕਿ ਅਜਿਹਾ ਪਿਛਲੇਂ 30 ਸਾਲਾਂ ਵਿਚ ਨਹੀਂ ਹੋਇਆ । ਇਹ ਪਹਿਲੀ ਵਾਰ ਹੈ ਕਿ ਸਰਕਾਰ ਯੂਨੀਅਨ ਦੀ ਗੱਲ ਨਹੀਂ ਸੁਣ ਰਹੀ । ਜਿਸ ਕਰਕੇ ਜਥੇਬੰਦੀ ਸੰਘਰਸ਼ ਕਰੇਗੀ ।