Monday, June 29, 2026
Google search engine
Homeਤਾਜ਼ਾ ਖਬਰCBSE ਦੀ ਨਵੀਂ ਤਿੰਨ-ਭਾਸ਼ਾ ਨੀਤੀ ਲਾਗੂ, ਜਾਣੋ ਕਿਨ੍ਹਾਂ ਵਿਦਿਆਰਥੀਆਂ ਲਈ ਤੀਜੀ ਭਾਸ਼ਾ...

CBSE ਦੀ ਨਵੀਂ ਤਿੰਨ-ਭਾਸ਼ਾ ਨੀਤੀ ਲਾਗੂ, ਜਾਣੋ ਕਿਨ੍ਹਾਂ ਵਿਦਿਆਰਥੀਆਂ ਲਈ ਤੀਜੀ ਭਾਸ਼ਾ ਹੋਵੇਗੀ ਲਾਜ਼ਮੀ ਤੇ ਕਿਸ ਨੂੰ ਮਿਲੇਗੀ ਛੋਟ

CBSE ਦੀ ਨਵੀਂ ਤਿੰਨ-ਭਾਸ਼ਾ ਨੀਤੀ ਲਾਗੂ, ਜਾਣੋ ਕਿਨ੍ਹਾਂ ਵਿਦਿਆਰਥੀਆਂ ਲਈ ਤੀਜੀ ਭਾਸ਼ਾ ਹੋਵੇਗੀ ਲਾਜ਼ਮੀ ਤੇ ਕਿਸ ਨੂੰ ਮਿਲੇਗੀ ਛੋਟ

ਇਸ ਨੀਤੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਭਾਰਤੀ ਭਾਸ਼ਾਵਾਂ ਨਾਲ ਜੋੜਨਾ, ਬਹੁ-ਭਾਸ਼ਾਈ ਯੋਗਤਾ ਵਿਕਸਿਤ ਕਰਨਾ ਅਤੇ ਸਿੱਖਿਆ ਨੂੰ ਹੋਰ ਵਿਹਾਰਕ ਅਤੇ ਪ੍ਰਭਾਵਸ਼ਾਲੀ ਬਣਾਉਣਾ ਹੈ।

ਦਿੱਲੀ
ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਵੱਲੋਂ ਰਾਸ਼ਟਰੀ ਸਿੱਖਿਆ ਨੀਤੀ (NEP) 2020 ਦੇ ਤਹਿਤ 2026-27 ਅਕਾਦਮਿਕ ਸੈਸ਼ਨ ਤੋਂ ਤਿੰਨ-ਭਾਸ਼ਾ ਨੀਤੀ ਨੂੰ ਲਾਗੂ ਕਰਨ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਸਕੂਲਾਂ ਵਿੱਚ ਭਾਸ਼ਾ ਸਿੱਖਿਆ ਦੇ ਨਿਯਮਾਂ ਵਿੱਚ ਅਹਿਮ ਤਬਦੀਲੀਆਂ ਹੋਣਗੀਆਂ। ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਨਵੀਂ ਵਿਵਸਥਾ ਨਾਲ ਕਿਸੇ ਵੀ ਵਿਦਿਆਰਥੀ ਦੀ ਪੜ੍ਹਾਈ ਪ੍ਰਭਾਵਿਤ ਨਹੀਂ ਹੋਵੇਗੀ ਅਤੇ ਜਿੱਥੇ ਲੋੜ ਹੋਵੇਗੀ ਉੱਥੇ ਵਿਸ਼ੇਸ਼ ਰਿਆਇਤਾਂ ਵੀ ਦਿੱਤੀਆਂ ਜਾਣਗੀਆਂ। ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਲਈ ਵੱਖਰੇ ਨਿਯਮ ਬਣਾਏ ਗਏ ਹਨ ਤਾਂ ਜੋ ਇਹ ਪ੍ਰਣਾਲੀ ਪੜਾਅਵਾਰ ਢੰਗ ਨਾਲ ਲਾਗੂ ਕੀਤੀ ਜਾ ਸਕੇ। ਇਸ ਨੀਤੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਭਾਰਤੀ ਭਾਸ਼ਾਵਾਂ ਨਾਲ ਜੋੜਨਾ, ਬਹੁ-ਭਾਸ਼ਾਈ ਯੋਗਤਾ ਵਿਕਸਿਤ ਕਰਨਾ ਅਤੇ ਸਿੱਖਿਆ ਨੂੰ ਹੋਰ ਵਿਹਾਰਕ ਅਤੇ ਪ੍ਰਭਾਵਸ਼ਾਲੀ ਬਣਾਉਣਾ ਹੈ।

ਨਵੇਂ ਨਿਯਮਾਂ ਅਨੁਸਾਰ ਵਿਦਿਆਰਥੀਆਂ ਲਈ ਤਿੰਨ ਭਾਸ਼ਾਵਾਂ ਦਾ ਅਧਿਐਨ ਕਰਨਾ ਲਾਜ਼ਮੀ ਹੋਵੇਗਾ, ਜਿਨ੍ਹਾਂ ਵਿੱਚੋਂ ਘੱਟੋ-ਘੱਟ ਦੋ ਭਾਰਤੀ ਭਾਸ਼ਾਵਾਂ ਹੋਣੀਆਂ ਜ਼ਰੂਰੀ ਹਨ। ਤੀਜੀ ਭਾਸ਼ਾ ਭਾਰਤੀ ਜਾਂ ਵਿਦੇਸ਼ੀ ਹੋ ਸਕਦੀ ਹੈ, ਪਰ ਇਹ ਵਿਕਲਪ ਉਦੋਂ ਹੀ ਲਾਗੂ ਹੋਵੇਗਾ ਜਦੋਂ ਬਾਕੀ ਦੋ ਭਾਸ਼ਾਵਾਂ ਭਾਰਤੀ ਹੋਣ।

ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਮਿਲੀ ਰਾਹਤ
2026-27 ਅਕਾਦਮਿਕ ਸਾਲ ਵਿੱਚ ਦਸਵੀਂ ਜਮਾਤ ਵਿੱਚ ਪੜ੍ਹ ਰਹੇ ਵਿਦਿਆਰਥੀਆਂ ‘ਤੇ ਇਹ ਨਵੀਂ ਵਿਵਸਥਾ ਲਾਗੂ ਨਹੀਂ ਹੋਵੇਗੀ। ਉਹ ਪਹਿਲਾਂ ਵਾਂਗ ਦੋ ਭਾਸ਼ਾਵਾਂ ਨਾਲ ਹੀ ਆਪਣੀ ਪੜ੍ਹਾਈ ਜਾਰੀ ਰੱਖ ਸਕਣਗੇ ਅਤੇ ਉਨ੍ਹਾਂ ਲਈ ਤੀਜੀ ਭਾਸ਼ਾ ਪੜ੍ਹਨਾ ਲਾਜ਼ਮੀ ਨਹੀਂ ਹੋਵੇਗਾ।

9ਵੀਂ ਜਮਾਤ ਲਈ ਨਵੇਂ ਨਿਯਮ
2026-27 ਸੈਸ਼ਨ ਵਿੱਚ 9ਵੀਂ ਜਮਾਤ ਵਿੱਚ ਦਾਖਲਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਤਿੰਨ ਭਾਸ਼ਾਵਾਂ ਦਾ ਅਧਿਐਨ ਕਰਨਾ ਹੋਵੇਗਾ। ਜੇਕਰ ਕੋਈ ਵਿਦਿਆਰਥੀ ਪਹਿਲਾਂ ਹੀ ਦੋ ਭਾਰਤੀ ਭਾਸ਼ਾਵਾਂ ਪੜ੍ਹ ਰਿਹਾ ਹੈ ਤਾਂ ਉਹ ਅੰਗਰੇਜ਼ੀ, ਫਰੈਂਚ ਜਾਂ ਹੋਰ ਕਿਸੇ ਵਿਦੇਸ਼ੀ ਭਾਸ਼ਾ ਨੂੰ ਤੀਜੀ ਭਾਸ਼ਾ ਵਜੋਂ ਚੁਣ ਸਕਦਾ ਹੈ। ਪਰ ਜੇਕਰ ਕੋਈ ਵਿਦਿਆਰਥੀ ਇੱਕ ਭਾਰਤੀ ਅਤੇ ਇੱਕ ਵਿਦੇਸ਼ੀ ਭਾਸ਼ਾ ਪੜ੍ਹ ਰਿਹਾ ਹੈ ਤਾਂ ਉਸ ਲਈ ਇੱਕ ਹੋਰ ਭਾਰਤੀ ਭਾਸ਼ਾ ਲੈਣੀ ਲਾਜ਼ਮੀ ਹੋਵੇਗੀ। ਜਿਨ੍ਹਾਂ ਵਿਦਿਆਰਥੀਆਂ ਨੇ ਪਹਿਲਾਂ ਹੀ ਦੋ ਵਿਦੇਸ਼ੀ ਭਾਸ਼ਾਵਾਂ ਚੁਣੀਆਂ ਹਨ, ਉਨ੍ਹਾਂ ਨੂੰ ਵਿਸ਼ੇਸ਼ ਰਿਆਇਤ ਦਿੱਤੀ ਜਾਵੇਗੀ, ਪਰ ਉਨ੍ਹਾਂ ਨੂੰ ਇੱਕ ਭਾਰਤੀ ਭਾਸ਼ਾ ਵੀ ਸ਼ਾਮਲ ਕਰਨੀ ਪਵੇਗੀ।

ਤੀਜੀ ਭਾਸ਼ਾ ਦੀ ਪ੍ਰੀਖਿਆ ਕਿਵੇਂ ਹੋਵੇਗੀ?
9ਵੀਂ ਜਮਾਤ ਦੇ ਵਿਦਿਆਰਥੀਆਂ ਲਈ ਤੀਜੀ ਭਾਸ਼ਾ ਦਾ ਮੁਲਾਂਕਣ ਸਿਰਫ਼ ਸਕੂਲ ਪੱਧਰ ‘ਤੇ ਕੀਤਾ ਜਾਵੇਗਾ। ਜਦੋਂ ਇਹ ਵਿਦਿਆਰਥੀ 2027-28 ਵਿੱਚ 10ਵੀਂ ਜਮਾਤ ਵਿੱਚ ਪਹੁੰਚਣਗੇ ਤਾਂ ਵੀ ਇਸ ਵਿਸ਼ੇ ਲਈ CBSE ਵੱਲੋਂ ਕੋਈ ਬੋਰਡ ਪ੍ਰੀਖਿਆ ਨਹੀਂ ਕਰਵਾਈ ਜਾਵੇਗੀ। ਇਸ ਭਾਸ਼ਾ ਲਈ ਪਾਠ ਸਮੱਗਰੀ CBSE ਅਤੇ NCERT ਵੱਲੋਂ ਉਪਲਬਧ ਕਰਵਾਈ ਜਾਵੇਗੀ।

6ਵੀਂ ਤੋਂ 8ਵੀਂ ਜਮਾਤ ਦੇ ਵਿਦਿਆਰਥੀਆਂ ‘ਤੇ ਕੀ ਹੋਵੇਗਾ ਅਸਰ?
2026-27 ਅਕਾਦਮਿਕ ਸਾਲ ਵਿੱਚ 7ਵੀਂ ਅਤੇ 8ਵੀਂ ਜਮਾਤ ਦੇ ਵਿਦਿਆਰਥੀ ਜਦੋਂ ਅੱਗੇ ਚੱਲ ਕੇ 9ਵੀਂ ਅਤੇ 10ਵੀਂ ਵਿੱਚ ਪਹੁੰਚਣਗੇ ਤਾਂ ਉਨ੍ਹਾਂ ਲਈ ਵੀ ਤਿੰਨ ਭਾਸ਼ਾਵਾਂ ਦਾ ਅਧਿਐਨ ਲਾਜ਼ਮੀ ਹੋਵੇਗਾ। ਜੇਕਰ ਕਿਸੇ ਵਿਦਿਆਰਥੀ ਨੇ ਦੋ ਵਿਦੇਸ਼ੀ ਭਾਸ਼ਾਵਾਂ ਦੀ ਚੋਣ ਕੀਤੀ ਹੋਵੇਗੀ ਤਾਂ ਉਸ ਨੂੰ ਇੱਕ ਵਾਧੂ ਭਾਰਤੀ ਭਾਸ਼ਾ ਵੀ ਪੜ੍ਹਨੀ ਪਵੇਗੀ। ਇਸ ਭਾਸ਼ਾ ਦਾ ਮੁਲਾਂਕਣ ਸਕੂਲ ਪੱਧਰ ‘ਤੇ ਹੀ ਕੀਤਾ ਜਾਵੇਗਾ ਅਤੇ 10ਵੀਂ ਵਿੱਚ ਇਸ ਦੀ ਕੋਈ ਬੋਰਡ ਪ੍ਰੀਖਿਆ ਨਹੀਂ ਹੋਵੇਗੀ।

2026-27 ਅਕਾਦਮਿਕ ਸਾਲ ਵਿੱਚ 6ਵੀਂ ਅਤੇ ਇਸ ਤੋਂ ਹੇਠਲੀਆਂ ਜਮਾਤਾਂ ਦੇ ਵਿਦਿਆਰਥੀਆਂ ਲਈ ਭਵਿੱਖ ਵਿੱਚ ਤੀਜੀ ਭਾਸ਼ਾ ਦੀ ਬੋਰਡ ਪ੍ਰੀਖਿਆ ਵੀ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਲਈ 22 ਨਿਰਧਾਰਤ ਭਾਰਤੀ ਭਾਸ਼ਾਵਾਂ ਵਿੱਚ ਪਾਠ ਪੁਸਤਕਾਂ ਉਪਲਬਧ ਕਰਵਾਈਆਂ ਜਾਣਗੀਆਂ।

ਕਿਨ੍ਹਾਂ ਵਿਦਿਆਰਥੀਆਂ ਨੂੰ ਮਿਲੇਗੀ ਛੋਟ?
CBSE ਨੇ RPwD ਐਕਟ-2016 ਅਨੁਸਾਰ ਦਿਵਿਆਂਗ ਵਿਦਿਆਰਥੀਆਂ (CwSN) ਲਈ ਲੋੜੀਂਦੀਆਂ ਸਹੂਲਤਾਂ ਦੇਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਵਿਦੇਸ਼ਾਂ ਵਿੱਚ ਸਥਿਤ CBSE ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਅਤੇ ਵਿਦੇਸ਼ ਤੋਂ ਭਾਰਤ ਵਾਪਸ ਆਉਣ ਵਾਲੇ ਵਿਦਿਆਰਥੀਆਂ ਨੂੰ ਤੀਜੀ ਭਾਰਤੀ ਭਾਸ਼ਾ ਪੜ੍ਹਨ ਤੋਂ ਛੋਟ ਮਿਲੇਗੀ। ਜੇਕਰ ਕਿਸੇ ਵਿਦਿਆਰਥੀ ਦੇ ਮਾਪਿਆਂ ਦੀ ਨੌਕਰੀ ਕਾਰਨ ਕਿਸੇ ਹੋਰ ਰਾਜ ਵਿੱਚ ਤਬਦੀਲੀ ਹੁੰਦੀ ਹੈ ਤਾਂ ਉਹ ਪਹਿਲਾਂ ਚੁਣੀ ਹੋਈ ਭਾਸ਼ਾ ਪ੍ਰਣਾਲੀ ਨੂੰ ਜਾਰੀ ਰੱਖ ਸਕਣਗੇ।

ਸਕੂਲਾਂ ਵਿੱਚ ਅਧਿਆਪਕਾਂ ਲਈ ਵੀ ਹੋਣਗੇ ਵਿਸ਼ੇਸ਼ ਪ੍ਰਬੰਧ
ਨਵੀਂ ਨੀਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ CBSE ਨੇ ਸਕੂਲਾਂ ਨੂੰ ਯੋਗ ਅਧਿਆਪਕਾਂ ਦੀ ਨਿਯੁਕਤੀ, ਸੇਵਾਮੁਕਤ ਅਧਿਆਪਕਾਂ ਦੀ ਸੇਵਾ, ਪੋਸਟ ਗ੍ਰੈਜੂਏਟ ਅਧਿਆਪਕਾਂ ਦੀ ਮਦਦ, ਸਹੋਦਿਆ ਕਲੱਸਟਰਾਂ ਦੇ ਸਹਿਯੋਗ ਅਤੇ ਆਨਲਾਈਨ ਤੇ ਹਾਈਬ੍ਰਿਡ ਸਿੱਖਿਆ ਦੀ ਵਰਤੋਂ ਕਰਨ ਦੀ ਮਨਜ਼ੂਰੀ ਦਿੱਤੀ ਹੈ। ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਇਸ ਨੀਤੀ ਦਾ ਮਕਸਦ ਵਿਦਿਆਰਥੀਆਂ ‘ਤੇ ਵਾਧੂ ਪ੍ਰੀਖਿਆਵਾਂ ਦਾ ਬੋਝ ਪਾਉਣਾ ਨਹੀਂ, ਸਗੋਂ ਉਨ੍ਹਾਂ ਨੂੰ ਭਾਰਤੀ ਭਾਸ਼ਾਵਾਂ ਨਾਲ ਜੋੜ ਕੇ ਬਹੁ-ਭਾਸ਼ਾਈ ਅਤੇ ਸੰਪੂਰਨ ਸਿੱਖਿਆ ਪ੍ਰਦਾਨ ਕਰਨਾ ਹੈ।

-(ਟੀਵੀ 9 ਪੰਜਾਬੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments