ਨਕਲੀ ਡਾਕਟਰਾਂ ਦਾ ਵੱਡਾ ਪਰਦਾਫ਼ਾਸ਼, 11ਵੀਂ ਪਾਸ ਨੌਜਵਾਨ ਨੇ ਫਰਜ਼ੀ MBBS ਡਿਗਰੀ ਨਾਲ ਹਸਪਤਾਲਾਂ ’ਚ ਬਣਾਈ ਪਛਾਣ
ਪੰਜ ਸੂਬਿਆਂ ’ਚ ਚੱਲ ਰਿਹਾ ਸੀ ਕਰੋੜਾਂ ਦਾ ਗੋਰਖਧੰਦਾ, 350 ਨੌਜਵਾਨਾਂ ਨੂੰ 5 ਤੋਂ 8 ਲੱਖ ਰੁਪਏ ’ਚ ਵੇਚੇ ਗਏ ਜਾਅਲੀ ਮੈਡੀਕਲ ਸਰਟੀਫਿਕੇਟ

ਜੈਪੁਰ : ਦੇਸ਼ ਵਿੱਚ ਜਾਅਲੀ ਡਿਗਰੀਆਂ ਦੇ ਸਹਾਰੇ ਮੈਡੀਕਲ ਖੇਤਰ ਵਿੱਚ ਨੌਕਰੀਆਂ ਹਾਸਲ ਕਰਨ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਦੇ ਕਈ ਵੱਡੇ ਹਸਪਤਾਲਾਂ ਵਿੱਚ ਜੂਨੀਅਰ ਰੈਜ਼ੀਡੈਂਟ ਵਜੋਂ ਕੰਮ ਕਰ ਰਹੇ ਰਾਜਸਥਾਨ ਦੇ ਕਰੌਲੀ ਵਾਸੀ ਰਾਮਕਿਸ਼ੋਰ ਮਹਾਵਰ ਨੂੰ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐੱਸਓਜੀ) ਨੇ ਗ੍ਰਿਫ਼ਤਾਰ ਕੀਤਾ ਹੈ। ਹੈਰਾਨੀ ਦੀ ਗੱਲ ਹੈ ਕਿ ਮੁਲਜ਼ਮ ਸਿਰਫ਼ 11ਵੀਂ ਜਮਾਤ ਤੱਕ ਪੜ੍ਹਿਆ ਹੋਇਆ ਸੀ, ਪਰ ਉਸ ਨੇ ਜਾਅਲੀ MBBS ਅਤੇ MD ਦੀਆਂ ਡਿਗਰੀਆਂ ਬਣਵਾ ਕੇ ਮੈਡੀਕਲ ਕੌਂਸਲ ਵਿੱਚ ਰਜਿਸਟ੍ਰੇਸ਼ਨ ਕਰਵਾ ਲਈ ਅਤੇ ਹਸਪਤਾਲ ਵਿੱਚ ਨੌਕਰੀ ਵੀ ਹਾਸਲ ਕਰ ਲਈ।
ਰਾਮਕਿਸ਼ੋਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਐੱਸਓਜੀ ਨੇ ਜਾਂਚ ਦਾ ਘੇਰਾ ਵਧਾਉਂਦਿਆਂ ਵੱਖ-ਵੱਖ ਸੂਬਿਆਂ ਵਿੱਚ ਛਾਪੇਮਾਰੀ ਕੀਤੀ ਅਤੇ ਤਿੰਨ ਹੋਰ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਪੁਲਿਸ ਮੁਤਾਬਕ, ਪੰਜ ਸੂਬਿਆਂ ਵਿੱਚ ਫੈਲੇ ਇਸ ਗਿਰੋਹ ਨੇ 40 ਯੂਨੀਵਰਸਿਟੀਆਂ ਅਤੇ ਸੰਸਥਾਵਾਂ ਦੇ ਨਾਂ ’ਤੇ ਜਾਅਲੀ ਸਰਟੀਫਿਕੇਟ ਤਿਆਰ ਕੀਤੇ ਸਨ। ਇਸ ਨੈੱਟਵਰਕ ਨੇ ਕਰੀਬ 350 ਨੌਜਵਾਨਾਂ ਨੂੰ 5 ਤੋਂ 8 ਲੱਖ ਰੁਪਏ ਤੱਕ ਵਸੂਲ ਕੇ ਨਕਲੀ MBBS ਅਤੇ MD ਡਿਗਰੀਆਂ ਵੇਚੀਆਂ।
ਇਸ ਰੈਕੇਟ ਦਾ ਖੁਲਾਸਾ ਰਾਜਸਥਾਨ ਮੈਡੀਕਲ ਕੌਂਸਲ ਦੀ ਸ਼ਿਕਾਇਤ ਤੋਂ ਬਾਅਦ ਹੋਇਆ। ਕੌਂਸਲ ਦੇ ਰਜਿਸਟਰਾਰ ਨੇ 6 ਅਕਤੂਬਰ 2024 ਨੂੰ ਜੈਪੁਰ ਦੇ ਅਸ਼ੋਕ ਨਗਰ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਵਿੱਚ ਦੱਸਿਆ ਗਿਆ ਸੀ ਕਿ ਕੁਝ ਵਿਅਕਤੀ ਜਾਅਲੀ ਵਿੱਦਿਅਕ ਦਸਤਾਵੇਜ਼ਾਂ ਦੇ ਆਧਾਰ ’ਤੇ ਮੈਡੀਕਲ ਕੌਂਸਲ ਵਿੱਚ ਰਜਿਸਟ੍ਰੇਸ਼ਨ ਕਰਵਾ ਰਹੇ ਹਨ। ਜਾਂਚ ਦੌਰਾਨ ਪੁਲਿਸ ਰਾਮਕਿਸ਼ੋਰ ਤੱਕ ਪਹੁੰਚੀ ਅਤੇ ਉਸ ਤੋਂ ਪੁੱਛਗਿੱਛ ਵਿੱਚ ਹੋਰ ਮੁਲਜ਼ਮਾਂ ਦੀ ਸ਼ਮੂਲੀਅਤ ਵੀ ਸਾਹਮਣੇ ਆਈ।
ਆਨਲਾਈਨ ਚੱਲਦਾ ਸੀ ਪੂਰਾ ਨੈੱਟਵਰਕ, ਕਿਸੇ ਦੀ ਡਿਊਟੀ ਡਿਗਰੀ ਬਣਾਉਣ ਤੇ ਕਿਸੇ ਦੀ ਵੇਚਣ ਦੀ
ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਗਿਰੋਹ ਦੇ ਮੈਂਬਰ ਆਨਲਾਈਨ ਮਾਧਿਅਮਾਂ ਰਾਹੀਂ ਇੱਕ-ਦੂਜੇ ਦੇ ਸੰਪਰਕ ਵਿੱਚ ਰਹਿੰਦੇ ਸਨ ਅਤੇ ਉਨ੍ਹਾਂ ਨੇ ਕਦੇ ਆਹਮੋ-ਸਾਹਮਣੇ ਮੁਲਾਕਾਤ ਵੀ ਨਹੀਂ ਕੀਤੀ ਸੀ। ਗਿਰੋਹ ਦੇ ਹਰ ਮੈਂਬਰ ਨੂੰ ਵੱਖਰੀ ਜ਼ਿੰਮੇਵਾਰੀ ਸੌਂਪੀ ਗਈ ਸੀ। ਕੋਈ ਨੌਜਵਾਨਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਡਿਗਰੀਆਂ ਦਾ ਸੌਦਾ ਕਰਦਾ ਸੀ, ਕੋਈ ਜਾਅਲੀ ਸਰਟੀਫਿਕੇਟ ਤਿਆਰ ਕਰਦਾ ਸੀ ਅਤੇ ਕੋਈ ਇਨ੍ਹਾਂ ਦਸਤਾਵੇਜ਼ਾਂ ਨੂੰ ਯੂਨੀਵਰਸਿਟੀਆਂ ਦੀਆਂ ਵੈੱਬਸਾਈਟਾਂ ’ਤੇ ਅਪਲੋਡ ਕਰਨ ਦਾ ਕੰਮ ਕਰਦਾ ਸੀ।
ਜਾਂਚ ਵਿੱਚ ਗਿਰੋਹ ਦੇ ਸਰਗਨਾ ਵਜੋਂ ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਵਾਸੀ ਖੁੱਰਮ ਤੌਫ਼ੀਕ ਦਾ ਨਾਂ ਸਾਹਮਣੇ ਆਇਆ ਹੈ। ਉਹ 2022 ਤੋਂ ਤਕਨੀਕੀ ਤਰੀਕਿਆਂ ਨਾਲ ਸੁਰੱਖਿਆ ਪ੍ਰਣਾਲੀ ਵਿੱਚ ਸੰਨ੍ਹ ਲਗਾ ਕੇ ਜਾਅਲੀ ਡਿਗਰੀਆਂ ਯੂਨੀਵਰਸਿਟੀਆਂ ਦੀਆਂ ਵੈੱਬਸਾਈਟਾਂ ’ਤੇ ਅਪਲੋਡ ਕਰਦਾ ਸੀ। ਉਸ ਨੂੰ ਵੀਰਵਾਰ ਨੂੰ ਲਖਨਊ ਤੋਂ ਗ੍ਰਿਫ਼ਤਾਰ ਕੀਤਾ ਗਿਆ।
ਗਿਰੋਹ ਦਾ ਇੱਕ ਹੋਰ ਮੈਂਬਰ ਗਵਾਲੀਅਰ ਦਾ ਰਹਿਣ ਵਾਲਾ ਮਨੀਸ਼ ਮਾਂਝੀ ਹੈ, ਜੋ ਜਾਅਲੀ ਅੰਕ-ਸੂਚੀਆਂ ਅਤੇ ਡਿਪਲੋਮੇ ਤਿਆਰ ਕਰਨ ਦਾ ਕੰਮ ਕਰਦਾ ਸੀ।
ਇਸ ਤੋਂ ਇਲਾਵਾ ਪੱਛਮੀ ਬੰਗਾਲ ਦੇ ਪੱਛਮੀ ਮੇਦਿਨੀਪੁਰ ਵਾਸੀ ਸੱਤਿਆਜੀਤ ਪਾਣੀਗ੍ਰਹੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ ਸੋਸ਼ਲ ਮੀਡੀਆ ਰਾਹੀਂ ਨੌਜਵਾਨਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਜਾਅਲੀ ਡਿਗਰੀਆਂ ਦਾ ਸੌਦਾ ਕਰਦਾ ਸੀ। ਉਸ ਨੂੰ ਵੀਰਵਾਰ ਨੂੰ ਮੁੰਬਈ ਤੋਂ ਕਾਬੂ ਕੀਤਾ ਗਿਆ।
ਗਿਰੋਹ ਵੱਲੋਂ ਸੋਸ਼ਲ ਮੀਡੀਆ ’ਤੇ ‘ਮੈਡੀਕਲ ਐਜੂਕੇਸ਼ਨ’ ਦੇ ਨਾਂ ਹੇਠ ਇਸ਼ਤਿਹਾਰ ਦਿੱਤੇ ਜਾਂਦੇ ਸਨ, ਜਿਨ੍ਹਾਂ ਰਾਹੀਂ ਨੌਜਵਾਨਾਂ ਨੂੰ ਫਰਜ਼ੀ ਡਿਗਰੀਆਂ ਖਰੀਦਣ ਲਈ ਲੁਭਾਇਆ ਜਾਂਦਾ ਸੀ। ਸ਼ੁੱਕਰਵਾਰ ਨੂੰ ਜੈਪੁਰ ਸਥਿਤ ਐੱਸਓਜੀ ਦਫ਼ਤਰ ਵਿੱਚ ਚਾਰੋਂ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਗਈ। ਪੁਲਿਸ ਹੁਣ ਇਸ ਮਾਮਲੇ ਨਾਲ ਜੁੜੇ ਹੋਰ ਲੋਕਾਂ ਦੀ ਭਾਲ ਕਰ ਰਹੀ ਹੈ।
-( ਪੰਜਾਬੀ ਜਾਗਰਣ)
ਨੋਟ– ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


