‘ਆਸ਼ਰਮ 4’ ਦੀ ਸ਼ੂਟਿੰਗ ਮੁਕੰਮਲ, ਬਾਬਾ ਨਿਰਾਲਾ ਦੇ ਨਵੇਂ ਅਧਿਆਏ ਲਈ ਤਿਆਰ ਬੌਬੀ ਦਿਓਲ
ਪ੍ਰਕਾਸ਼ ਝਾਅ ਅਤੇ ਬੌਬੀ ਦਿਓਲ ਨੇ ਟੀਮ ਨਾਲ ਮਨਾਇਆ ਜਸ਼ਨ, 2026 ਦੇ ਅੰਤ ਤੱਕ ਜਾਂ 2027 ਦੀ ਸ਼ੁਰੂਆਤ ’ਚ ਰਿਲੀਜ਼ ਹੋਣ ਦੇ ਆਸਾਰ

ਮੁੰਬਈ- OTT ਦੀ ਮਸ਼ਹੂਰ ਵੈੱਬ ਸੀਰੀਜ਼ ‘ਆਸ਼ਰਮ’ ਦੇ ਚੌਥੇ ਸੀਜ਼ਨ ਨੂੰ ਲੈ ਕੇ ਦਰਸ਼ਕਾਂ ਦੀ ਉਡੀਕ ਹੋਰ ਵਧ ਗਈ ਹੈ। ਸੀਰੀਜ਼ ਦੀ ਸ਼ੂਟਿੰਗ ਪੂਰੀ ਹੋਣ ਤੋਂ ਬਾਅਦ ਅਦਾਕਾਰ ਬੌਬੀ ਦਿਓਲ ਅਤੇ ਨਿਰਦੇਸ਼ਕ ਪ੍ਰਕਾਸ਼ ਝਾਅ ਨੇ ਪੂਰੀ ਟੀਮ ਨਾਲ ਕੇਕ ਕੱਟ ਕੇ ਖੁਸ਼ੀ ਸਾਂਝੀ ਕੀਤੀ। ਇਸ ਮੌਕੇ ਸੀਰੀਜ਼ ਦੀ ਕਾਸਟ ਵੀ ਮੌਜੂਦ ਰਹੀ। ਜਸ਼ਨ ਦੌਰਾਨ ਕੇਕ ’ਤੇ ‘ਜਪਨਾਮ, ਇਟਸ ਅ ਰੈਪ – ਆਸ਼ਰਮ ਸੀਜ਼ਨ 4’ ਲਿਖਿਆ ਹੋਇਆ ਸੀ।
ਅਗਸਤ ਵਿੱਚ ਸ਼ੁਰੂ ਹੋਈ ਸੀ ਸ਼ੂਟਿੰਗ, ਹੁਣ ਪੂਰੀ ਹੋਈ
‘ਆਸ਼ਰਮ 4’ ਦੀ ਸ਼ੂਟਿੰਗ ਇਸ ਸਾਲ ਅਗਸਤ ਵਿੱਚ ਸ਼ੁਰੂ ਹੋਈ ਸੀ। ਸ਼ੂਟਿੰਗ ਪੂਰੀ ਹੋਣ ਦੀ ਜਾਣਕਾਰੀ ਪ੍ਰਕਾਸ਼ ਝਾਅ ਪ੍ਰੋਡਕਸ਼ਨ ਵੱਲੋਂ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ’ਤੇ ਸਾਂਝੀ ਕੀਤੀ ਗਈ। ਇਸ ਤੋਂ ਪਹਿਲਾਂ ਪ੍ਰੋਡਕਸ਼ਨ ਹਾਊਸ ਨੇ ਸ਼ੂਟਿੰਗ ਸ਼ੁਰੂ ਹੋਣ ਮੌਕੇ ਕਲੈਪਰਬੋਰਡ ਦੀ ਤਸਵੀਰ ਪੋਸਟ ਕਰਦਿਆਂ ਸੀਰੀਜ਼ ਦੇ ਨਵੇਂ ਅਧਿਆਏ ਦੀ ਸ਼ੁਰੂਆਤ ਦਾ ਐਲਾਨ ਕੀਤਾ ਸੀ।
ਬਾਬਾ ਨਿਰਾਲਾ ਦੇ ਕਿਰਦਾਰ ਵਿੱਚ ਮੁੜ ਨਜ਼ਰ ਆਉਣਗੇ ਬੌਬੀ ਦਿਓਲ
ਚੌਥੇ ਸੀਜ਼ਨ ਵਿੱਚ ਬੌਬੀ ਦਿਓਲ ਇੱਕ ਵਾਰ ਫਿਰ ਬਾਬਾ ਨਿਰਾਲਾ ਦੇ ਕਿਰਦਾਰ ਵਿੱਚ ਦਰਸ਼ਕਾਂ ਸਾਹਮਣੇ ਆਉਣਗੇ। ਉਨ੍ਹਾਂ ਦੇ ਨਾਲ ਅਦਿਤੀ ਪੋਹਨਕਰ, ਚੰਦਨ ਰਾਏ ਸਾਨਿਆਲ, ਦਰਸ਼ਨ ਕੁਮਾਰ, ਅਨੁਪ੍ਰਿਆ ਗੋਇਨਕਾ, ਈਸ਼ਾ ਗੁਪਤਾ, ਅਧਿਅਇਨ ਸੁਮਨ ਅਤੇ ਤ੍ਰਿਧਾ ਚੌਧਰੀ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।
ਧਰਮ ਦੀ ਆੜ ਵਿੱਚ ਸਾਮਰਾਜ ਖੜ੍ਹਾ ਕਰਨ ਵਾਲੇ ਬਾਬਾ ਦੀ ਕਹਾਣੀ
ਪ੍ਰਕਾਸ਼ ਝਾਅ ਦੇ ਨਿਰਦੇਸ਼ਨ ਹੇਠ ਬਣੀ ‘ਆਸ਼ਰਮ’ ਦੀ ਕਹਾਣੀ ਬਾਬਾ ਨਿਰਾਲਾ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਖ਼ੁਦ ਨੂੰ ਰੱਬ ਦਾ ਦੂਤ ਦੱਸ ਕੇ ਲੋਕਾਂ ਦੀ ਆਸਥਾ ਦਾ ਫਾਇਦਾ ਚੁੱਕਦਾ ਹੈ। ਸੀਰੀਜ਼ ਵਿੱਚ ਧਰਮ ਦੀ ਆੜ ਹੇਠ ਸਿਆਸਤ, ਅਪਰਾਧ ਅਤੇ ਅੰਧਵਿਸ਼ਵਾਸ ਦੀ ਵਰਤੋਂ ਕਰਕੇ ਸਾਮਰਾਜ ਖੜ੍ਹਾ ਕਰਨ ਵਾਲੇ ਬਾਬਾ ਦੇ ਕਾਲੇ ਕਾਰਨਾਮਿਆਂ ਨੂੰ ਦਰਸਾਇਆ ਗਿਆ ਹੈ।
2026 ਦੇ ਅੰਤ ਜਾਂ 2027 ਦੀ ਸ਼ੁਰੂਆਤ ਵਿੱਚ ਹੋ ਸਕਦੀ ਹੈ ਰਿਲੀਜ਼
‘ਆਸ਼ਰਮ’ ਦਾ ਪਹਿਲਾ ਸੀਜ਼ਨ 28 ਅਗਸਤ 2020 ਨੂੰ MX ਪਲੇਅਰ ’ਤੇ ਰਿਲੀਜ਼ ਹੋਇਆ ਸੀ। ਦੂਜਾ ਸੀਜ਼ਨ 11 ਨਵੰਬਰ 2020 ਨੂੰ ਆਇਆ, ਜਦਕਿ ਤੀਜਾ ਸੀਜ਼ਨ ਜੂਨ 2022 ਵਿੱਚ ਦਰਸ਼ਕਾਂ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ। ਹੁਣ ਚੌਥੇ ਸੀਜ਼ਨ ਦੀ ਸ਼ੂਟਿੰਗ ਪੂਰੀ ਹੋਣ ਤੋਂ ਬਾਅਦ ਪ੍ਰਸ਼ੰਸਕਾਂ ਨੂੰ ਇਸ ਦੀ ਰਿਲੀਜ਼ ਦਾ ਇੰਤਜ਼ਾਰ ਹੈ। ਉਪਲਬਧ ਜਾਣਕਾਰੀ ਅਨੁਸਾਰ ‘ਆਸ਼ਰਮ 4’ 2026 ਦੇ ਅਖੀਰ ਜਾਂ 2027 ਦੀ ਸ਼ੁਰੂਆਤ ਵਿੱਚ OTT ’ਤੇ ਰਿਲੀਜ਼ ਹੋ ਸਕਦੀ ਹੈ। ਹਾਲਾਂਕਿ, ਨਿਰਮਾਤਾਵਾਂ ਵੱਲੋਂ ਅਜੇ ਤੱਕ ਰਿਲੀਜ਼ ਦੀ ਅਧਿਕਾਰਤ ਤਾਰੀਖ ਦਾ ਐਲਾਨ ਨਹੀਂ ਕੀਤਾ ਗਿਆ ਹੈ।
-(ਪੀਟੀਸੀ ਨਿਊਜ)
ਨੋਟ– ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


