ਏਪੀ ਢਿੱਲੋਂ ਦੇ ਘਰ ‘ਤੇ ਫਾਇਰਿੰਗ ਮਾਮਲੇ ਦਾ ਮੁਲਜ਼ਮ ਕੈਨੇਡਾ ਤੋਂ ਹੋਵੇਗਾ ਡਿਪੋਰਟ, ਇਮੀਗ੍ਰੇਸ਼ਨ ਬੋਰਡ ਦਾ ਵੱਡਾ ਫੈਸਲਾ
ਇਸ ਦੇ ਬਾਵਜੂਦ ਬੋਰਡ ਨੇ ਸਪੱਸ਼ਟ ਕੀਤਾ ਕਿ ਸੰਗਠਿਤ ਅਪਰਾਧ ਨਾਲ ਜੁੜੇ ਲੋਕਾਂ ਨੂੰ ਕੈਨੇਡਾ ਵਿੱਚ ਰਹਿਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ।

ਚੰਡੀਗੜ੍ਹ
ਕੈਨੇਡਾ ਦੀਆਂ ਇਮੀਗ੍ਰੇਸ਼ਨ ਅਥਾਰਿਟੀਆਂ ਨੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਮੰਨੇ ਜਾਂਦੇ ਸ਼ੂਟਰ ਅਭਿਜੀਤ ਕਿੰਗਰਾ ਨੂੰ ਦੇਸ਼ ਤੋਂ ਕੱਢਣ ਦੇ ਹੁਕਮ ਜਾਰੀ ਕੀਤੇ ਹਨ। ਅਭਿਜੀਤ ਦਾ ਨਾਮ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ‘ਤੇ ਹੋਈ ਗੋਲੀਬਾਰੀ ਦੀ ਘਟਨਾ ਨਾਲ ਜੋੜਿਆ ਗਿਆ ਸੀ। ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ (IRB) ਨੇ ਆਪਣੇ ਫੈਸਲੇ ਵਿੱਚ ਕਿਹਾ ਹੈ ਕਿ ਕਿੰਗਰਾ ਨੂੰ ਕੈਨੇਡਾ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਹਾਲਾਂਕਿ ਕਿੰਗਰਾ ਨੇ ਦਲੀਲ ਦਿੱਤੀ ਕਿ ਜੇ ਉਸ ਨੂੰ ਭਾਰਤ ਭੇਜਿਆ ਗਿਆ ਤਾਂ ਉਸ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਇਸ ਦੇ ਬਾਵਜੂਦ ਬੋਰਡ ਨੇ ਸਪੱਸ਼ਟ ਕੀਤਾ ਕਿ ਸੰਗਠਿਤ ਅਪਰਾਧ ਨਾਲ ਜੁੜੇ ਲੋਕਾਂ ਨੂੰ ਕੈਨੇਡਾ ਵਿੱਚ ਰਹਿਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ।
ਕਈ ਗੰਭੀਰ ਮਾਮਲਿਆਂ ਨਾਲ ਜੁੜਿਆ ਸੀ ਨਾਮ
ਅਭਿਜੀਤ ਕਿੰਗਰਾ ਪਿਛਲੇ ਕਰੀਬ ਇੱਕ ਸਾਲ ਤੋਂ ਕੈਨੇਡਾ ਦੀ ਜੇਲ੍ਹ ਵਿੱਚ ਬੰਦ ਹੈ। ਜਾਂਚ ਏਜੰਸੀਆਂ ਨੇ ਏਪੀ ਢਿੱਲੋਂ ਦੇ ਘਰ ‘ਤੇ ਗੋਲੀਬਾਰੀ ਤੋਂ ਇਲਾਵਾ ਉਸ ਖ਼ਿਲਾਫ਼ ਹੋਰ ਅਪਰਾਧਿਕ ਮਾਮਲੇ ਵੀ ਦਰਜ ਕੀਤੇ ਹੋਏ ਹਨ। ਉਸ ਦਾ ਨਾਮ ਜਬਰੀ ਵਸੂਲੀ ਅਤੇ ਧਮਕੀਆਂ ਦੇ ਕਈ ਮਾਮਲਿਆਂ ਵਿੱਚ ਵੀ ਸਾਹਮਣੇ ਆਇਆ ਸੀ। ਵੱਖ-ਵੱਖ ਅਪਰਾਧਿਕ ਮਾਮਲਿਆਂ ਵਿੱਚ ਉਸ ਨੂੰ ਪਹਿਲਾਂ ਹੀ 6 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ ਨੇ 15 ਜੂਨ ਨੂੰ ਉਸ ਦੇ ਡਿਪੋਰਟੇਸ਼ਨ ਦਾ ਹੁਕਮ ਜਾਰੀ ਕੀਤਾ ਸੀ।
ਸੁਣਵਾਈ ਦੌਰਾਨ ਕਿੰਗਰਾ ਨੇ ਏਪੀ ਢਿੱਲੋਂ ਦੇ ਘਰ ‘ਤੇ ਹੋਏ ਹਮਲੇ ਸਬੰਧੀ ਅਹਿਮ ਖੁਲਾਸਾ ਵੀ ਕੀਤਾ। ਉਸ ਨੇ ਦੱਸਿਆ ਕਿ ਇੱਕ ਸਾਥੀ ਵੱਲੋਂ ਉਸ ਨੂੰ ਬ੍ਰਿਟਿਸ਼ ਕੋਲੰਬੀਆ ਜਾ ਕੇ ਗੋਲੀਬਾਰੀ ਕਰਨ ਦੇ ਬਦਲੇ 4,000 ਕੈਨੇਡੀਅਨ ਡਾਲਰ ਦੀ ਪੇਸ਼ਕਸ਼ ਕੀਤੀ ਗਈ ਸੀ।
2024 ਵਿੱਚ ਏਪੀ ਢਿੱਲੋਂ ਦੇ ਘਰ ‘ਤੇ ਹੋਇਆ ਸੀ ਹਮਲਾ
ਇਹ ਘਟਨਾ 2 ਸਤੰਬਰ 2024 ਨੂੰ ਬ੍ਰਿਟਿਸ਼ ਕੋਲੰਬੀਆ ਦੇ ਵੈਨਕੂਵਰ ਆਈਲੈਂਡ ਵਿੱਚ ਸਥਿਤ ਏਪੀ ਢਿੱਲੋਂ ਦੇ ਘਰ ‘ਤੇ ਵਾਪਰੀ ਸੀ। ਜਾਂਚ ਅਧਿਕਾਰੀਆਂ ਮੁਤਾਬਕ ਦੋ ਹਮਲਾਵਰ ਰਾਤ ਸਮੇਂ ਜਾਇਦਾਦ ‘ਤੇ ਪਹੁੰਚੇ ਸਨ। ਕਿੰਗਰਾ ਨੇ ਘਰ ਵੱਲ ਕਈ ਰਾਊਂਡ ਫਾਇਰ ਕੀਤੇ। ਅਧਿਕਾਰੀਆਂ ਦਾ ਦਾਅਵਾ ਹੈ ਕਿ ਕੁੱਲ 14 ਗੋਲੀਆਂ ਚਲਾਈਆਂ ਗਈਆਂ ਸਨ। ਇਸ ਦੌਰਾਨ ਉਸ ਦੇ ਇੱਕ ਸਾਥੀ ਨੇ ਘਰ ਦੇ ਬਾਹਰ ਖੜ੍ਹੀਆਂ ਗੱਡੀਆਂ ‘ਤੇ ਜਲਣਸ਼ੀਲ ਪਦਾਰਥ ਪਾ ਕੇ ਉਨ੍ਹਾਂ ਨੂੰ ਅੱਗ ਲਗਾ ਦਿੱਤੀ ਅਤੇ ਦੋਵੇਂ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।
ਹਮਲੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕੀਤੀ ਗਈ ਸੀ ਸਾਂਝੀ
ਮਾਮਲੇ ਦੀ ਜਾਂਚ ਵਿੱਚ ਇੱਕ ਵੀਡੀਓ ਮਹੱਤਵਪੂਰਨ ਸਬੂਤ ਵਜੋਂ ਸਾਹਮਣੇ ਆਈ। ਕਿੰਗਰਾ ਨੇ ਮੰਨਿਆ ਕਿ ਉਸ ਨੇ ਆਪਣੇ ਮੋਬਾਈਲ ਫੋਨ ਨਾਲ ਗੋਲੀਬਾਰੀ ਦੀ ਵੀਡੀਓ ਬਣਾਈ ਸੀ। ਜਾਂਚਕਰਤਾਵਾਂ ਦੇ ਅਨੁਸਾਰ ਘਟਨਾ ਤੋਂ ਕੁਝ ਘੰਟਿਆਂ ਬਾਅਦ ਇਹ ਵੀਡੀਓ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਸੋਸ਼ਲ ਮੀਡੀਆ ਅਕਾਊਂਟਾਂ ‘ਤੇ ਅਪਲੋਡ ਕਰ ਦਿੱਤੀ ਗਈ ਸੀ। ਫੁਟੇਜ ਵਿੱਚ ਗੋਲੀਬਾਰੀ ਦੀ ਪੂਰੀ ਘਟਨਾ ਦਿਖਾਈ ਗਈ ਸੀ, ਜੋ ਬਾਅਦ ਵਿੱਚ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਗਈ।
-(ਟੀਵੀ 9 ਪੰਜਾਬੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


