ਜਲੰਧਰ BSF ਚੌਕ ਬਲਾਸਟ ਮਾਮਲੇ ‘ਚ ਵੱਡਾ ਖੁਲਾਸਾ, ਜਮਸ਼ੇਰ ਤੋਂ ਸ਼ੱਕੀ ਦਬੋਚਿਆ; ISI ਨਾਲ ਜੁੜੇ ਤਾਰ
ਫਿਲਹਾਲ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਕੋਈ ਤਸਵੀਰ ਜਾਂ ਵੀਡੀਓ ਸਾਹਮਣੇ ਨਹੀਂ ਲਿਆਂਦੀ ਗਈ।

ਜਲੰਧਰ- ਜਲੰਧਰ ਦੇ BSF ਚੌਕ ਕੋਲ ਹੋਏ ਸਕੂਟੀ ਬਲਾਸਟ ਮਾਮਲੇ ਵਿੱਚ ਸੁਰੱਖਿਆ ਏਜੰਸੀਆਂ ਨੇ ਅਹਿਮ ਕਾਰਵਾਈ ਕਰਦਿਆਂ ਜਮਸ਼ੇਰ ਇਲਾਕੇ ਤੋਂ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਸੂਤਰਾਂ ਅਨੁਸਾਰ ਛਾਪੇਮਾਰੀ ਦੌਰਾਨ ਮੁਲਜ਼ਮ ਕੋਲੋਂ ਹੈਂਡ ਗ੍ਰਨੇਡ ਅਤੇ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (IED) ਵੀ ਬਰਾਮਦ ਹੋਈ ਹੈ। ਫਿਲਹਾਲ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਕੋਈ ਤਸਵੀਰ ਜਾਂ ਵੀਡੀਓ ਸਾਹਮਣੇ ਨਹੀਂ ਲਿਆਂਦੀ ਗਈ।
ਮਿਲੀ ਜਾਣਕਾਰੀ ਮੁਤਾਬਕ ਗ੍ਰਿਫ਼ਤਾਰ ਕੀਤਾ ਗਿਆ ਸ਼ੱਕੀ ਦਵਿੰਦਰ ਸਿੰਘ ਹੈ, ਜੋ ਨਵਾਂਸ਼ਹਿਰ ਦੇ ਬੰਗਾ ਖੇਤਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਉਸ ਨੂੰ ਆਰਮੀ ਦੇ ਸੰਵੇਦਨਸ਼ੀਲ ਇਲਾਕੇ ਦੇ ਨੇੜੇ ਤੋਂ ਕਾਬੂ ਕੀਤਾ ਗਿਆ। ਜਾਂਚ ਏਜੰਸੀਆਂ ਦਾ ਮੰਨਣਾ ਹੈ ਕਿ ਦਵਿੰਦਰ ਪਾਕਿਸਤਾਨ ਦੀ ਖੁਫੀਆ ਏਜੰਸੀ ISI ਦੇ ਇਸ਼ਾਰਿਆਂ ‘ਤੇ ਕੰਮ ਕਰ ਰਿਹਾ ਸੀ ਅਤੇ ਉਸ ਨੂੰ ਪੰਜਾਬ ਵਿੱਚ ਧਮਾਕਿਆਂ ਦੀ ਸਾਜ਼ਿਸ਼ ਨੂੰ ਅਮਲੀ ਜਾਮਾ ਪਹਿਨਾਉਣ ਲਈ ਭੇਜਿਆ ਗਿਆ ਸੀ।
ਪੁੱਛਗਿੱਛ ਦੌਰਾਨ ਦਵਿੰਦਰ ਨੇ ਖੁਲਾਸਾ ਕੀਤਾ ਕਿ ਉਸ ਤੱਕ ਡਰੋਨ ਰਾਹੀਂ ਵਿਸਫੋਟਕ ਸਮੱਗਰੀ ਅਤੇ ਹੈਂਡ ਗ੍ਰਨੇਡ ਪਹੁੰਚਾਏ ਜਾਂਦੇ ਸਨ। ਹਾਲਾਂਕਿ ਉਹ ਇਹ ਦਲੀਲ ਦੇ ਰਿਹਾ ਹੈ ਕਿ ਉਸ ਦਾ ਕੰਮ ਸਿਰਫ਼ ਸਮੱਗਰੀ ਪ੍ਰਾਪਤ ਕਰਨਾ ਸੀ ਅਤੇ ਉਸ ਨੂੰ ਟਾਰਗੇਟ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਜਾਂਦੀ ਸੀ।
ਪਹਿਲਾਂ ਹੋਏ ਧਮਾਕਿਆਂ ਨਾਲ ਵੀ ਜੁੜ ਰਹੇ ਨੇ ਲਿੰਕ
ਸੁਰੱਖਿਆ ਏਜੰਸੀਆਂ ਦਾ ਕਹਿਣਾ ਹੈ ਕਿ ਮੁਲਜ਼ਮ ਕਈ ਅਹਿਮ ਜਾਣਕਾਰੀਆਂ ਛੁਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਉਹ ਫਗਵਾੜਾ ਬੱਸ ਸਟੈਂਡ ਕੋਲ ਫਰਵਰੀ ਵਿੱਚ ਹੋਏ ਧਮਾਕੇ ਵਿੱਚ ਵੀ ਸ਼ਾਮਲ ਹੋ ਸਕਦਾ ਹੈ। ਇਸ ਤੋਂ ਇਲਾਵਾ 1 ਅਪ੍ਰੈਲ ਨੂੰ ਚੰਡੀਗੜ੍ਹ ਸਥਿਤ ਪੰਜਾਬ ਭਾਜਪਾ ਹੈੱਡਕੁਆਰਟਰ ‘ਤੇ ਹੋਏ ਹਮਲੇ ਵਿੱਚ ਵਰਤੇ ਗਏ ਹੈਂਡ ਗ੍ਰਨੇਡ ਦੀ ਸਪਲਾਈ ਨਾਲ ਵੀ ਉਸ ਦੇ ਤਾਰ ਜੋੜੇ ਜਾ ਰਹੇ ਹਨ।
ਸ਼ੁਰੂਆਤੀ ਜਾਂਚ ਵਿੱਚ ਦਵਿੰਦਰ ਸਿੰਘ ਦੇ ਪੁਰਤਗਾਲ ਅਤੇ ਜਰਮਨੀ ਵਿੱਚ ਬੈਠੇ ਹੈਂਡਲਰਾਂ ਨਾਲ ਸੰਪਰਕਾਂ ਦੇ ਇਨਪੁਟ ਵੀ ਮਿਲੇ ਹਨ। ਇਸ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਦਿੱਲੀ ਤੋਂ ਵੀ ਇੱਕ ਹੋਰ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਜਾਰੀ ਹੈ।
-(ਟੀਵੀ 9 ਪੰਜਾਬੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


