Saturday, August 22, 2026
Google search engine
Homeਅਪਰਾਧਤਰਨਤਾਰਨ ’ਚ ਦੋਹਰੇ ਕਤਲਕਾਂਡ ਨਾਲ ਦਹਿਸ਼ਤ, ਦੋਸਤ ਦੇ ਕਤਲ ਤੋਂ ਬਾਅਦ ਨੌਜਵਾਨ...

ਤਰਨਤਾਰਨ ’ਚ ਦੋਹਰੇ ਕਤਲਕਾਂਡ ਨਾਲ ਦਹਿਸ਼ਤ, ਦੋਸਤ ਦੇ ਕਤਲ ਤੋਂ ਬਾਅਦ ਨੌਜਵਾਨ ਨੂੰ ਅਗਵਾ ਕਰਕੇ ਮਾਰਿਆ; 6 ਸ਼ੱਕੀ ਪੁਲਿਸ ਹਿਰਾਸਤ ’ਚ

ਤਰਨਤਾਰਨ ’ਚ ਦੋਹਰੇ ਕਤਲਕਾਂਡ ਨਾਲ ਦਹਿਸ਼ਤ, ਦੋਸਤ ਦੇ ਕਤਲ ਤੋਂ ਬਾਅਦ ਨੌਜਵਾਨ ਨੂੰ ਅਗਵਾ ਕਰਕੇ ਮਾਰਿਆ; 6 ਸ਼ੱਕੀ ਪੁਲਿਸ ਹਿਰਾਸਤ ’ਚ

ਸ਼ੁੱਕਰਵਾਰ ਨੂੰ ਇੱਕ ਪਾਸੇ ਲਵਜੀਤ ਸਿੰਘ ਉਰਫ਼ ਲਵ ਕੋਟ ਦੀ ਲਾਸ਼ ਦਾ ਸਿਵਲ ਹਸਪਤਾਲ ਪੱਟੀ ਵਿਖੇ ਪੋਸਟਮਾਰਟਮ ਕੀਤਾ ਗਿਆ, ਜਦਕਿ ਦੂਜੇ ਪਾਸੇ ਉਸ ਦੇ ਹੱਥੋਂ ਮਾਰੇ ਗਏ ਸਤਪਾਲ ਸਿੰਘ ਪਾਲਾ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।

ਤਰਨਤਾਰਨ

ਤਰਨਤਾਰਨ ਜ਼ਿਲ੍ਹੇ ਵਿੱਚ ਆਪਸੀ ਰੰਜਿਸ਼ ਨੇ ਇੱਕ ਹੋਰ ਖ਼ੂਨੀ ਮੋੜ ਲੈ ਲਿਆ ਹੈ। ਪਹਿਲਾਂ ਦੋਸਤ ਦੇ ਕਤਲ ਅਤੇ ਉਸ ਤੋਂ ਬਾਅਦ ਕਥਿਤ ਬਦਲੇ ਦੀ ਕਾਰਵਾਈ ਵਿੱਚ ਇੱਕ ਹੋਰ ਨੌਜਵਾਨ ਦੀ ਹੱਤਿਆ ਤੋਂ ਬਾਅਦ ਇਲਾਕੇ ਵਿੱਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਸ਼ੁੱਕਰਵਾਰ ਨੂੰ ਇੱਕ ਪਾਸੇ ਲਵਜੀਤ ਸਿੰਘ ਉਰਫ਼ ਲਵ ਕੋਟ ਦੀ ਲਾਸ਼ ਦਾ ਸਿਵਲ ਹਸਪਤਾਲ ਪੱਟੀ ਵਿਖੇ ਪੋਸਟਮਾਰਟਮ ਕੀਤਾ ਗਿਆ, ਜਦਕਿ ਦੂਜੇ ਪਾਸੇ ਉਸ ਦੇ ਹੱਥੋਂ ਮਾਰੇ ਗਏ ਸਤਪਾਲ ਸਿੰਘ ਪਾਲਾ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।

ਪਿੰਡ ਬੂਹ ਹਵੇਲੀਆਂ ਵਿੱਚ ਸਤਪਾਲ ਸਿੰਘ ਪਾਲਾ ਦੀ ਅੰਤਿਮ ਅਰਦਾਸ ਮੌਕੇ ਵੀ ਡਰ ਅਤੇ ਸਹਿਮ ਦਾ ਮਾਹੌਲ ਦੇਖਣ ਨੂੰ ਮਿਲਿਆ। ਇਲਾਕੇ ਦੇ ਲੋਕ ਵੱਡੀ ਗਿਣਤੀ ਵਿੱਚ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਚਦੇ ਨਜ਼ਰ ਆਏ। ਉੱਧਰ, ਸਿਵਲ ਹਸਪਤਾਲ ਪੱਟੀ ਦੇ ਪੋਸਟਮਾਰਟਮ ਹਾਊਸ ਦੇ ਬਾਹਰ ਲਵਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ।

ਕੈਨੇਡਾ ਤੋਂ ਪਰਤੇ ਨੌਜਵਾਨ ਦਾ ਗੋਲੀਆਂ ਮਾਰ ਕੇ ਹੋਇਆ ਸੀ ਕਤਲ

ਜਾਣਕਾਰੀ ਅਨੁਸਾਰ ਕੈਨੇਡਾ ਤੋਂ ਵਾਪਸ ਆਏ ਅਤੇ ਰੇਤ ਦੇ ਕਾਰੋਬਾਰ ਨਾਲ ਜੁੜੇ ਸਤਪਾਲ ਸਿੰਘ ਪਾਲਾ ਦਾ 12 ਅਗਸਤ ਨੂੰ ਉਸ ਦੇ ਕਰੀਬੀ ਦੋਸਤ ਲਵਜੀਤ ਸਿੰਘ ਉਰਫ਼ ਲਵ ਕੋਟ ਨੇ ਕਥਿਤ ਤੌਰ ’ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਘਟਨਾ ਤੋਂ ਬਾਅਦ ਪਾਲਾ ਦੇ ਵੱਡੇ ਭਰਾ ਸਤਨਾਮ ਸਿੰਘ ਸੱਤਾ ਨੇ ਆਪਣੇ ਭਰਾ ਦੀ ਮੌਤ ਦਾ ਬਦਲਾ ਲੈਣ ਦਾ ਫ਼ੈਸਲਾ ਕੀਤਾ।

ਦੱਸਿਆ ਜਾ ਰਿਹਾ ਹੈ ਕਿ ਸਤਨਾਮ ਸਿੰਘ ਸੱਤਾ ਨੇ ਸੋਸ਼ਲ ਮੀਡੀਆ ’ਤੇ ਲਵਜੀਤ ਸਿੰਘ ਦੀ ਤਸਵੀਰ ਸਾਂਝੀ ਕਰਕੇ ਉਸ ਬਾਰੇ ਜਾਣਕਾਰੀ ਦੇਣ ਵਾਲੇ ਵਿਅਕਤੀ ਲਈ 1 ਲੱਖ ਰੁਪਏ ਇਨਾਮ ਦਾ ਐਲਾਨ ਵੀ ਕੀਤਾ ਸੀ।

ਧਰਮਕੋਟ ਤੋਂ ਅਗਵਾ ਕਰਨ ਮਗਰੋਂ ਕਤਲ ਦਾ ਦੋਸ਼

ਪੁਲਿਸ ਜਾਂਚ ਮੁਤਾਬਕ ਵੀਰਵਾਰ ਨੂੰ ਮੋਗਾ ਜ਼ਿਲ੍ਹੇ ਦੇ ਧਰਮਕੋਟ ਇਲਾਕੇ ਤੋਂ ਲਵਜੀਤ ਸਿੰਘ ਨੂੰ ਕਥਿਤ ਤੌਰ ’ਤੇ ਅਗਵਾ ਕੀਤਾ ਗਿਆ। ਇਸ ਤੋਂ ਬਾਅਦ ਉਸ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਇਸ ਮਾਮਲੇ ਵਿੱਚ ਸਤਨਾਮ ਸਿੰਘ ਸੱਤਾ ਅਤੇ ਉਸ ਦੇ ਕੁਝ ਸਾਥੀ ਹਾਲੇ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਦੱਸੇ ਜਾ ਰਹੇ ਹਨ।

62 ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ

ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਵੱਲੋਂ ਕਈ ਟੀਮਾਂ ਬਣਾਈਆਂ ਗਈਆਂ ਹਨ। ਡੀਐੱਸਪੀ ਸ਼ਿਵਦਰਸ਼ਨ ਸਿੰਘ, ਥਾਣਾ ਹਰੀਕੇ ਪੱਤਣ ਦੇ ਮੁਖੀ ਇੰਸਪੈਕਟਰ ਪ੍ਰਭਜੀਤ ਸਿੰਘ ਅਤੇ ਸੀਆਈਏ ਸਟਾਫ਼ ਇੰਚਾਰਜ ਰੁਪਿੰਦਰਪਾਲ ਸਿੰਘ ਦੀ ਅਗਵਾਈ ਹੇਠ ਜਾਂਚ ਅੱਗੇ ਵਧਾਈ ਜਾ ਰਹੀ ਹੈ।

ਪੁਲਿਸ ਨੇ ਹਰੀਕੇ ਪੱਤਣ ਤੋਂ ਧਰਮਕੋਟ ਤੱਕ ਦੇ ਰਸਤੇ ਵਿੱਚ ਪੈਂਦੇ ਦੋ ਟੋਲ ਪਲਾਜ਼ਿਆਂ ਸਮੇਤ ਕਰੀਬ 62 ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਹੈ। ਹਾਲਾਂਕਿ ਅਜੇ ਤੱਕ ਪੁਲਿਸ ਨੂੰ ਕੋਈ ਅਜਿਹਾ ਠੋਸ ਸੁਰਾਗ ਨਹੀਂ ਮਿਲਿਆ, ਜਿਸ ਨਾਲ ਮੁੱਖ ਮੁਲਜ਼ਮਾਂ ਤੱਕ ਸਿੱਧੇ ਤੌਰ ’ਤੇ ਪਹੁੰਚਿਆ ਜਾ ਸਕੇ।

ਸੂਤਰਾਂ ਮੁਤਾਬਕ ਪੁਲਿਸ ਨੇ ਜਾਂਚ ਦੇ ਆਧਾਰ ’ਤੇ ਕਰੀਬ 6 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਤਿੰਨ ਮੈਂਬਰੀ ਡਾਕਟਰਾਂ ਦੇ ਪੈਨਲ ਨੇ ਕੀਤਾ ਪੋਸਟਮਾਰਟਮ

ਸਿਵਲ ਹਸਪਤਾਲ ਪੱਟੀ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਅਸ਼ੀਸ਼ ਗੁਪਤਾ ਨੇ ਦੱਸਿਆ ਕਿ ਲਵਜੀਤ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਤਿੰਨ ਮੈਂਬਰੀ ਮਾਹਿਰ ਡਾਕਟਰਾਂ ਦੇ ਪੈਨਲ ਵੱਲੋਂ ਕੀਤਾ ਗਿਆ। ਇਸ ਪੈਨਲ ਵਿੱਚ ਡਾ. ਪ੍ਰਦੁਮਨ ਸਿੰਘ, ਡਾ. ਲਵਿਸ਼ ਕੁਮਾਰ ਅਤੇ ਡਾ. ਹਰਲੀਨ ਕੌਰ ਸ਼ਾਮਲ ਸਨ।

ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਮੁੱਖ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਟੀਮਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਦੋ ਕਤਲਾਂ ਤੋਂ ਬਾਅਦ ਪੈਦਾ ਹੋਏ ਤਣਾਅ ਕਾਰਨ ਇਲਾਕੇ ਵਿੱਚ ਪੁਲਿਸ ਦੀ ਨਿਗਰਾਨੀ ਵੀ ਵਧਾ ਦਿੱਤੀ ਗਈ ਹੈ।

-(ਟੀਵੀ 9 ਪੰਜਾਬੀ)

ਨੋਟਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀਤੇ ਪੜ੍ਹੋ ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ਤੇ ਜਾ ਕੇ ਪੜ੍ਹੋ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments