ਤੁਹਾਡੇ ਹੈਲਥ ਇੰਸ਼ੋਰੈਂਸ ਨੂੰ ਅੱਪਗ੍ਰੇਡ ਕਰਨ ਦੀ ਲੋੜ ਦੇ ਪੰਜ ਸੰਕੇਤ
ਸ਼੍ਰੀ ਅਮਰਨਾਥ ਸਕਸੈਨਾ, ਚੀਫ ਟੈਕਨੀਕਲ ਅਫ਼ਸਰ – ਕਮਰਸ਼ੀਅਲ, ਬਜਾਜ ਜਨਰਲ ਇੰਸ਼ੋਰੈਂਸ ਲਿਮਿਟੇਡ (ਜਿਸ ਨੂੰ ਪਹਿਲਾਂ ਬਜਾਜ ਅਲਾਇੰਜ਼ ਜਨਰਲ ਇੰਸ਼ੋਰੈਂਸ ਕੰਪਨੀ ਲਿਮਿਟੇਡ ਦੇ ਨਾਮ ਨਾਲ ਜਾਣਿਆ ਜਾਂਦਾ ਸੀ)

ਇੱਕ ਚੰਗੀ ਹੈਲਥ ਇੰਸ਼ੋਰੈਂਸ ਪਾਲਿਸੀ ਨੂੰ ਵਿਅਕਤੀ ਦੇ ਜੀਵਨ ਵਿੱਚ ਹੋਣ ਵਾਲੇ ਬਦਲਾਵਾਂ ਦੇ ਨਾਲ-ਨਾਲ ਢਲਦੇ ਰਹਿਣਾ ਚਾਹੀਦਾ ਹੈ. ਹਾਲਾਂਕਿ, ਬਹੁਤ ਸਾਰੇ ਲੋਕ ਇਸ ਗੱਲ ਦਾ ਮੁਲਾਂਕਣ ਕੀਤੇ ਬਿਨਾਂ ਕਈ ਸਾਲਾਂ ਤੱਕ ਇੱਕੋ ਪਾਲਿਸੀ ਨੂੰ ਜਾਰੀ ਰੱਖਦੇ ਹਨ ਕਿ ਕੀ ਇਹ ਹਾਲੇ ਵੀ ਲੋੜੀਂਦਾ ਕਵਰੇਜ ਪ੍ਰਦਾਨ ਕਰਦੀ ਹੈ. ਮੇਰੇ ਅਨੁਭਵ ਅਨੁਸਾਰ ਲੋਕਾਂ ਨੂੰ ਅਕਸਰ ਕਲੇਮ ਕਰਨ ਵੇਲੇ ਹੀ ਆਪਣੇ ਕਵਰ ਦੇ ਨਾਕਾਫੀ ਹੋਣ ਦਾ ਅਹਿਸਾਸ ਹੁੰਦਾ ਹੈ, ਉਦੋਂ ਤੱਕ ਪਹਿਲਾਂ ਹੀ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ. ਆਪਣੀ ਪਾਲਿਸੀ ਨੂੰ ਨਿਯਮਿਤ ਤੌਰ ‘ਤੇ ਰੀਵਿਊ ਕਰਨ ਨਾਲ ਅਜਿਹੇ ਅਚਾਨਕ ਲੱਗਣ ਵਾਲੇ ਝਟਕਿਆਂ ਤੋਂ ਬਚਿਆ ਜਾ ਸਕਦਾ ਹੈ. ਆਓ ਉਹਨਾਂ ਸੰਕੇਤਾਂ ਬਾਰੇ ਜਾਣੀਏ ਜੋ ਇਹ ਦਰਸਾਉਂਦੇ ਹਨ ਕਿ ਤੁਹਾਡੇ ਹੈਲਥ ਇੰਸ਼ੋਰੈਂਸ ਪਲਾਨ ਨੂੰ ਅੱਪਗ੍ਰੇਡ ਕਰਨ ਦਾ ਸਮਾਂ ਆ ਗਿਆ ਹੈ।
ਪਾਲਿਸੀ ਦੀ ਬੀਮਿਤ ਰਕਮ ਅੱਜ ਦੇ ਮੈਡੀਕਲ ਖਰਚਿਆਂ ਦੇ ਅਨੁਸਾਰ ਨਹੀਂ ਹੈ: ਭਾਰਤ ਵਿੱਚ ਹੈਲਥ ਕੇਅਰ ਦੀ ਲਾਗਤ ਹਰ ਸਾਲ ਵਧ ਰਹੀ ਹੈ. ਲਗਭਗ 14% ਮੈਡੀਕਲ ਮਹਿੰਗਾਈ ਦੇ ਨਾਲ, ਇੱਕ ਹੈਲਥ ਐਮਰਜੈਂਸੀ ਤੁਹਾਡੇ ਵਿੱਤ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦੀ ਹੈ, ਜਿਸ ਕਾਰਨ ਲੋੜੀਂਦਾ ਹੈਲਥ ਇੰਸ਼ੋਰੈਂਸ ਕਵਰੇਜ ਪਹਿਲਾਂ ਨਾਲੋਂ ਵੱਧ ਮਹੱਤਵਪੂਰਨ ਹੋ ਗਿਆ ਹੈ. ਅੱਜ ਦੇ ਸਮੇਂ ਵਿੱਚ ਇੱਕ ਮਾਮੂਲੀ ਹਸਪਤਾਲ ਵਿੱਚ ਭਰਤੀ ਜਾਂ ਸਰਜਰੀ ‘ਤੇ ਵੀ ਕੁਝ ਲੱਖ ਖਰਚ ਹੋ ਸਕਦੇ ਹਨ; ਹਸਪਤਾਲ ਦੇ ਕਮਰੇ ਦੇ ਖਰਚੇ ਤੋਂ ਲੈ ਕੇ ਸਪੈਸ਼ਲਿਸਟ ਕੰਸਲਟੇਸ਼ਨ ਤੱਕ, ਡਾਇਗਨੋਸਟਿਕ ਜਾਂਚ ਤੋਂ ਲੈ ਕੇ ਐਡਵਾਂਸਡ ਸਰਜੀਕਲ ਪ੍ਰਕਿਰਿਆਵਾਂ ਤੱਕ ਸਭ ਕੁਝ ਮਹਿੰਗਾ ਹੁੰਦਾ ਜਾ ਰਿਹਾ ਹੈ. ਜੇ ਤੁਸੀਂ ਕਈ ਸਾਲ ਪਹਿਲਾਂ ₹3 ਲੱਖ ਜਾਂ ₹5 ਲੱਖ ਦੀ ਬੀਮਿਤ ਰਕਮ ਵਾਲੀ ਆਪਣੀ ਪਾਲਿਸੀ ਖਰੀਦੀ ਸੀ, ਤਾਂ ਇਹ ਅੱਜ ਦੇ ਸਮੇਂ ਕਾਫੀ ਨਹੀਂ ਹੋਵੇਗੀ. ਗੰਭੀਰ ਬੀਮਾਰੀ ਦੀ ਹਾਲਤ ਵਿੱਚ ਇੱਕ ਵਾਰ ਹਸਪਤਾਲ ਵਿੱਚ ਭਰਤੀ ਹੋਣ ਨਾਲ ਪੂਰੀ ਕਵਰੇਜ਼ ਖਤਮ ਹੋ ਸਕਦੀ ਹੈ।
ਆਪਣੀ ਬੀਮਿਤ ਰਕਮ ਨੂੰ ਵਧਾਉਣ ਦਾ ਫੈਸਲਾ ਕਰਨ ਵੇਲੇ, ਤੁਸੀਂ ਜਿਸ ਸ਼ਹਿਰ ਵਿੱਚ ਰਹਿੰਦੇ ਹੋ, ਉੱਥੇ ਮੌਜੂਦਾ ਹੈਲਥਕੇਅਰ ਖਰਚੇ, ਇਲਾਜ ਲਈ ਤੁਹਾਡੇ ਪਸੰਦੀਦਾ ਹਸਪਤਾਲ ਦੀ ਕਿਸਮ, ਤੁਹਾਡੀ ਉਮਰ, ਮੌਜੂਦਾ ਸਿਹਤ ਸੰਬੰਧੀ ਸਥਿਤੀਆਂ ਅਤੇ ਤੁਹਾਡੇ ਪਰਿਵਾਰ ਦੀ ਮੈਡੀਕਲ ਹਿਸਟਰੀ ਵਰਗੇ ਕਾਰਕਾਂ ਨੂੰ ਧਿਆਨ ਵਿੱਚ ਰੱਖੋ. ਤੁਹਾਡਾ ਹੈਲਥ ਇੰਸ਼ੋਰੈਂਸ ਤੁਹਾਨੂੰ ਨਾ ਸਿਰਫ ਆਮ ਹਸਪਤਾਲ ਵਿੱਚ ਭਰਤੀ ਹੋਣ ਦੇ ਖਰਚੇ ਬਚਾਏ, ਬਲਕਿ ਉੱਚ ਲਾਗਤ ਵਾਲੀ ਮੈਡੀਕਲ ਐਮਰਜੈਂਸੀ ਤੋਂ ਵੀ ਸੁਰੱਖਿਅਤ ਰੱਖੇ, ਜਿਸ ਲਈ ਵਿਸ਼ੇਸ਼ ਇਲਾਜ ਜਾਂ ਲੰਬੇ ਸਮੇਂ ਤੱਕ ਹਸਪਤਾਲ ਵਿੱਚ ਰਹਿਣ ਦੀ ਲੋੜ ਪੈ ਸਕਦੀ ਹੈ।
ਪਰਿਵਾਰ ਦੇ ਆਕਾਰ ਵਿੱਚ ਬਦਲਾਅ: ਤੁਹਾਡੇ ਪਰਿਵਾਰ ਦੇ ਆਕਾਰ ਜਾਂ ਪਰਿਵਾਰਕ ਜ਼ਿੰਮੇਵਾਰੀਆਂ ਵਿੱਚ ਬਦਲਾਅ ਸ਼ਾਇਦ ਤੁਹਾਡੇ ਹੈਲਥ ਕਵਰ ਨੂੰ ਅੱਪਗ੍ਰੇਡ ਕਰਨ ਦਾ ਸਭ ਤੋਂ ਵੱਡਾ ਸੰਕੇਤ ਹੈ. ਜਦੋਂ ਤੁਸੀਂ ਪਹਿਲੀ ਵਾਰ ਹੈਲਥ ਇੰਸ਼ੋਰੈਂਸ ਖਰੀਦਿਆ ਸੀ, ਉਦੋਂ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੀਆਂ ਚੀਜ਼ਾਂ ਬਦਲ ਚੁਕੀਆਂ ਹੋ ਸਕਦੀਆਂ ਹਨ. ਹੋ ਸਕਦਾ ਹੈ ਕਿ ਤੁਸੀਂ ਵਿਆਹ ਕਰਵਾ ਲਿਆ ਹੋਵੇ, ਮਾਤਾ-ਪਿਤਾ ਬਣ ਗਏ ਹੋਵੋ ਜਾਂ ਤੁਹਾਡੇ ਬਜ਼ੁਰਗ ਮਾਤਾ-ਪਿਤਾ ਹੋਣ, ਜਿਨ੍ਹਾਂ ਨੂੰ ਵਿੱਤੀ ਸਹਾਇਤਾ ਦੀ ਲੋੜ ਹੈ. ਜੀਵਨ ਦੇ ਹਰ ਪੜਾਅ ਵਿੱਚ ਤੁਹਾਡੀਆਂ ਜ਼ਿੰਮੇਵਾਰੀਆਂ ਬਦਲਦੀਆਂ ਰਹਿੰਦੀਆਂ ਹਨ. ਬਹੁਤ ਸਾਰੇ ਲੋਕ ਪਰਿਵਾਰਕ ਜੀਵਨ ਵਿੱਚ ਵੱਡੇ ਬਦਲਾਅ ਹੋਣ ਦੇ ਬਾਵਜੂਦ ਆਪਣੀ ਇੰਸ਼ੋਰੈਂਸ ਪਾਲਿਸੀ ਦਾ ਮੁੜ-ਮੁਲਾਂਕਣ ਨਾ ਕਰਨ ਦੀ ਗ਼ਲਤੀ ਕਰਦੇ ਹਨ, ਜਿਸ ਕਰਕੇ ਉਨ੍ਹਾਂ ਦੇ ਆਸ਼ਰਿਤ ਪਰਿਵਾਰਕ ਮੈਂਬਰ ਕਵਰੇਜ ਤੋਂ ਵਾਂਝੇ ਰਹਿ ਸਕਦੇ ਹਨ. ਜੇਕਰ ਤੁਸੀਂ ਹਾਲ ਹੀ ਵਿੱਚ ਵਿਆਹ ਕਰਵਾਇਆ ਹੈ, ਤੁਹਾਡੇ ਬੱਚੇ ਹਨ ਜਾਂ ਤੁਹਾਡੇ ਮਾਤਾ-ਪਿਤਾ ਜਾਂ ਸੱਸ-ਸਹੁਰਾ ਹੁਣ ਵਿੱਤੀ ਤੌਰ ‘ਤੇ ਤੁਹਾਡੇ ‘ਤੇ ਨਿਰਭਰ ਹਨ, ਤਾਂ ਤੁਹਾਨੂੰ ਆਪਣੀ ਪਾਲਿਸੀ ਦਾ ਮੁੜ ਮੁਲਾਂਕਣ ਕਰਨਾ ਚਾਹੀਦਾ ਹੈ।
ਮੁਲਾਂਕਣ ਕਰਨ ਤੋਂ ਬਾਅਦ, ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਮੌਜੂਦਾ ਫੈਮਿਲੀ ਫਲੋਟਰ ਕਵਰੇਜ ਹੁਣ ਕਾਫੀ ਨਹੀਂ ਹੈ, ਤਾਂ ਆਪਣੇ ਸਲਾਹਕਾਰ ਜਾਂ ਇੰਸ਼ੋਰੈਂਸ ਕਰਤਾ ਨਾਲ ਗੱਲ ਕਰੋ ਤਾਂ ਜੋ ਤੁਹਾਨੂੰ ਅਤੇ ਤੁਹਾਡੇ ਅਜ਼ੀਜ਼ਾਂ ਨੂੰ ਵਿੱਤੀ ਜੋਖਮ ਤੋਂ ਸੁਰੱਖਿਅਤ ਰੱਖਣ ਦਾ ਪਲਾਨ ਬਣਾਇਆ ਜਾ ਸਕੇ।
ਤੁਹਾਡੀ ਪਾਲਿਸੀ ਵਿੱਚ ਜ਼ਿਆਦਾ ਕੋ-ਪੇਮੇਂਟ ਜਾਂ ਸਬ-ਲਿਮਿਟ ਹਨ: ਜੇਕਰ ਤੁਸੀਂ ਆਪਣੇ ਕਰੀਅਰ ਦੇ ਸ਼ੁਰੂਆਤੀ ਸਮੇਂ ਹੈਲਥ ਇੰਸ਼ੋਰੈਂਸ ਖਰੀਦਿਆ ਸੀ, ਤਾਂ ਸ਼ਾਇਦ ਉਸ ਵੇਲੇ ਕਿਫਾਇਤੀ ਵਿਕਲਪ ਚੁਣਨਾ ਸਭ ਤੋਂ ਵੱਡੀਆਂ ਚਿੰਤਾਵਾਂ ਵਿੱਚੋਂ ਇੱਕ ਰਿਹਾ ਹੋਵੇਗਾ. ਹਾਲਾਂਕਿ ਇਹ ਇੱਕ ਸਮਝਦਾਰੀ ਵਾਲਾ ਕਦਮ ਹੈ, ਪਰ ਇਹ ਸ਼ੁਰੂਆਤੀ-ਪੱਧਰ ਦੇ ਪਲਾਨ ਅਕਸਰ ਜ਼ਿਆਦਾ ਕੋ-ਪੇਮੇਂਟ ਅਤੇ ਸਬ-ਲਿਮਿਟ ਨਾਲ ਆਉਂਦੇ ਹਨ।
ਇਸ ਲਈ, ਜੇ ਪਾਲਿਸੀ ਖਰੀਦਣ ਤੋਂ ਬਾਅਦ ਤੁਹਾਡੀ ਵਿੱਤੀ ਸਥਿਤੀ ਵਿੱਚ ਸੁਧਾਰ ਹੋਇਆ ਹੈ, ਤਾਂ ਘੱਟ ਜਾਂ ਜ਼ੀਰੋ ਕੋ-ਪੇਮੈਂਟ ਅਤੇ ਘੱਟ ਸਬ-ਲਿਮਿਟ ਵਾਲੇ ਪਲਾਨ ਵਿੱਚ ਅੱਪਗ੍ਰੇਡ ਕਰਨਾ ਇੱਕ ਸਮਝਦਾਰੀ ਵਾਲਾ ਕਦਮ ਹੈ ਕਿਉਂਕਿ ਇਹ ਤੁਹਾਨੂੰ ਇੱਕ ਬਿਹਤਰ ਸੁਰੱਖਿਆ ਪ੍ਰਦਾਨ ਕਰ ਸਕਦਾ ਹੈ।
ਤੁਹਾਡੀ ਪਾਲਿਸੀ ਵਿੱਚ ਓਪੀਡੀ ਕਵਰੇਜ ਘੱਟ ਹੈ ਜਾਂ ਨਹੀਂ ਹੈ: ਹਰ ਤਰ੍ਹਾਂ ਦੀ ਮੈਡੀਕਲ ਐਮਰਜੈਂਸੀ ਲਈ ਹਸਪਤਾਲ ਵਿੱਚ ਭਰਤੀ ਦੀ ਲੋੜ ਨਹੀਂ ਹੁੰਦੀ; ਖਾਸ ਤੌਰ ‘ਤੇ ਮੈਡੀਕਲ ਸਾਇੰਸ ਦੀ ਤਰੱਕੀ ਕਾਰਨ, ਅੱਜ ਕਈ ਬੀਮਾਰੀਆਂ ਦੀ ਜਾਂਚ ਅਤੇ ਇਲਾਜ ਬਿਨਾਂ ਕਿਸੇ ਹਸਪਤਾਲ ਵਿੱਚ ਭਰਤੀ ਹੋਇਆਂ ਕੀਤਾ ਜਾ ਸਕਦਾ ਹੈ. ਇਸ ਤੋਂ ਇਲਾਵਾ, ਹੈਲਥਕੇਅਰ ਖਰਚਿਆਂ ਵਿੱਚ ਡਾਕਟਰੀ ਸਲਾਹ, ਡਾਇਗਨੋਸਟਿਕ ਟੈਸਟ, ਦਵਾਈਆਂ, ਫਿਜ਼ੀਓਥੈਰੇਪੀ ਅਤੇ ਨਿਯਮਿਤ ਹੈਲਥ ਚੈੱਕ-ਅੱਪ ਵੀ ਸ਼ਾਮਲ ਹਨ, ਜੋ ਸਾਰੇ ਜੋੜ ਕੇ ਇੱਕ ਪਰਿਵਾਰ ਲਈ ਵੱਡੇ ਖਰਚੇ ਬਣ ਸਕਦੇ ਹਨ. ਪਰੰਪਰਿਕ ਹੈਲਥ ਇੰਸ਼ੋਰੈਂਸ ਪਾਲਿਸੀਆਂ ਮੁੱਖ ਤੌਰ ‘ਤੇ ਹਸਪਤਾਲ ਵਿੱਚ ਭਰਤੀ ਹੋਣ ਦੇ ਖਰਚਿਆਂ ਨੂੰ ਕਵਰ ਕਰਦੀਆਂ ਹਨ, ਜਿਸ ਕਾਰਨ ਪਾਲਿਸੀਧਾਰਕਾਂ ਨੂੰ ਨਿਯਮਿਤ ਮੈਡੀਕਲ ਖਰਚਿਆਂ ਦਾ ਭੁਗਤਾਨ ਪੂਰੀ ਤਰ੍ਹਾਂ ਆਪਣੀ ਜੇਬ ਵਿੱਚੋਂ ਕਰਨਾ ਪੈਂਦਾ ਹੈ. ਹਾਲਾਂਕਿ, ਅੱਜ ਦੇ ਸਮੇਂ ਕਈ ਹੈਲਥ ਇੰਸ਼ੋਰੈਂਸ ਪਲਾਨਾਂ ਵਿੱਚ ਓਪੀਡੀ ਲਾਭ, ਵੈੱਲਨੈੱਸ ਪ੍ਰੋਗਰਾਮ, ਟੈਲੀ-ਕੰਸਲਟੇਸ਼ਨ, ਪ੍ਰੀਵੈਂਟਿਵ ਹੈਲਥ ਚੈੱਕ-ਅੱਪ ਅਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਸ਼ਾਮਲ ਹਨ. ਸਾਲ ਭਰ ਦੇ ਇਨ੍ਹਾਂ ਖਰਚਿਆਂ ਨੂੰ ਜੋੜ ਕੇ ਇੱਕ ਵੱਡੀ ਰਕਮ ਬਣ ਜਾਂਦੀ ਹੈ, ਇਸ ਲਈ ਓਪੀਡੀ ਕਵਰ ਵਾਲੀ ਪਾਲਿਸੀ ਲੈਣ ਨਾਲ ਨਿਯਮਿਤ ਮੈਡੀਕਲ ਖਰਚਿਆਂ ਦੇ ਵਿੱਤੀ ਬੋਝ ਨੂੰ ਘਟਾਉਣ ਵਿੱਚ ਮਦਦ ਮਿਲਦੀ ਹੈ।
ਤੁਹਾਡੀ ਜੀਵਨਸ਼ੈਲੀ ਜਾਂ ਸਿਹਤ ਸੰਬੰਧੀ ਜੋਖਮ ਬਦਲ ਗਏ ਹਨ: ਭਾਰਤ ਗੈਰ-ਸੰਚਾਰੀ ਬਿਮਾਰੀਆਂ ਨਾਲ ਜੂਝ ਰਿਹਾ ਹੈ, ਜਿਸ ਨਾਲ ਦੇਸ਼ ਵਿੱਚ 63% ਮੌਤਾਂ ਹੋਣ ਦਾ ਅਨੁਮਾਨ ਹੈ. ਕਾਰਡੀਓਵੈਸਕੁਲਰ ਰੋਗ, ਡਾਇਬਟੀਜ਼ ਅਤੇ ਸਾਹ ਸੰਬੰਧੀ ਕ੍ਰੋਨਿਕ ਬਿਮਾਰੀਆਂ ਤੇਜ਼ੀ ਨਾਲ ਵਧ ਰਹੀਆਂ ਹਨ ਅਤੇ ਇਨ੍ਹਾਂ ਲਈ ਅਕਸਰ ਲੰਬੇ ਸਮੇਂ ਤੱਕ ਮੈਡੀਕਲ ਦੇਖਭਾਲ ਦੀ ਲੋੜ ਹੁੰਦੀ ਹੈ. ਜਿਵੇਂ ਕਿ ਉਮਰ ਅਤੇ ਜੀਵਨਸ਼ੈਲੀ ਵਿੱਚ ਬਦਲਾਅ ਆਉਣ ਨਾਲ ਅਜਿਹੀਆਂ ਸਥਿਤੀਆਂ ਪੈਦਾ ਹੋਣ ਦਾ ਜੋਖਮ ਵਧਦਾ ਹੈ, ਇਸ ਲਈ ਆਪਣੇ ਕਵਰੇਜ ਨੂੰ ਸਮੇਂ-ਸਮੇਂ ‘ਤੇ ਰੀਵਿਊ ਕਰਨਾ ਅਤੇ ਲੋੜ ਅਨੁਸਾਰ ਅੱਪਗ੍ਰੇਡ ਕਰਨਾ ਸਮਝਦਾਰੀ ਵਾਲਾ ਕੰਮ ਹੈ. ਕਿਸੇ ਵੀ ਗੰਭੀਰ ਬੀਮਾਰੀ ਦੀ ਸ਼ੁਰੂਆਤ ਤੋਂ ਪਹਿਲਾਂ ਅਜਿਹਾ ਕਰਨ ਨਾਲ ਤੁਹਾਨੂੰ ਵਧੇਰੇ ਸੁਰੱਖਿਆ ਹਾਸਲ ਕਰਨ ਅਤੇ ਸੰਭਾਵਿਤ ਪਾਬੰਦੀਆਂ ਜਾਂ ਕਵਰੇਜ ਤੋਂ ਬਾਹਰ ਰਹਿ ਗਈਆਂ ਸਥਿਤੀਆਂ ਤੋਂ ਬਚਣ ਵਿੱਚ ਮਦਦ ਮਿਲ ਸਕਦੀ ਹੈ।
ਜਿਵੇਂ-ਜਿਵੇਂ ਹੈਲਥਕੇਅਰ ਸੰਬੰਧੀ ਖਰਚੇ ਵਧ ਰਹੇ ਹਨ ਅਤੇ ਡਾਕਟਰੀ ਲੋੜਾਂ ਵਧੇਰੇ ਗੁੰਝਲਦਾਰ ਹੋ ਰਹੀਆਂ ਹਨ, ਉਸੇ ਤਰ੍ਹਾਂ ਸਹੀ ਹੈਲਥ ਇੰਸ਼ੋਰੈਂਸ ਹੋਣਾ ਹੁਣ ਸਿਰਫ ਅੱਜ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਤੱਕ ਸੀਮਿਤ ਨਹੀਂ ਹੈ; ਸਗੋਂ ਇਹ ਕੱਲ ਦੀਆਂ ਅਨਿਸ਼ਚਿਤਤਾਵਾਂ ਲਈ ਤਿਆਰੀ ਕਰਨ ਨਾਲ ਸੰਬੰਧਿਤ ਵੀ ਹੈ. ਆਪਣੇ ਕਵਰੇਜ ਦੀ ਸਮੀਖਿਆ ਕਰਨਾ ਅਤੇ ਇਸ ਨੂੰ ਪਹਿਲਾਂ ਹੀ ਅੱਪਗ੍ਰੇਡ ਕਰਕੇ ਸੁਰੱਖਿਆ ਦੇ ਸੰਭਾਵਿਤ ਪਾੜੇ ਨੂੰ ਪੂਰਾ ਕਰਨ ਵਿੱਚ ਮਦਦ ਮਿਲ ਸਕਦੀ ਹੈ ਅਤੇ ਇਹ ਲੋੜ ਪੈਣ ‘ਤੇ ਸਹੀ ਗੁਣਵੱਤਾ ਵਾਲੀ ਸਿਹਤ ਸੰਭਾਲ ਤੱਕ ਪਹੁੰਚ ਨੂੰ ਯਕੀਨੀ ਬਣਾ ਸਕਦੀ ਹੈ।
-(ਪੰਜਾਬੀ ਡਾਇਰੀ)
ਨੋਟ– ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


