ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਵਿਰੁੱਧ ਕੇਸ ਦਰਜ, ਕੁੱਟਮਾਰ ਅਤੇ ਹਥਿਆਰ ਨਾਲ ਧਮਕਾਉਣ ਦੇ ਦੋਸ਼
ਪੰਜਾਬੀ ਗਾਇਕ ਦਿਲਪ੍ਰੀਤ ਸਿੰਘ ਢਿੱਲੋਂ ਖ਼ਿਲਾਫ਼ ਮੋਹਾਲੀ ਦੇ ਮਟੌਰ ਥਾਣੇ ਵਿੱਚ ਕੁੱਟਮਾਰ, ਜਾਨੋਂ ਮਾਰਨ ਦੀ ਧਮਕੀ ਦੇਣ ਅਤੇ ਪਿਸਤੌਲ ਦਿਖਾ ਕੇ ਡਰਾਉਣ ਦੇ ਦੋਸ਼ਾਂ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।

ਮੋਹਾਲੀ
ਪੰਜਾਬੀ ਗਾਇਕ ਦਿਲਪ੍ਰੀਤ ਸਿੰਘ ਢਿੱਲੋਂ ਖ਼ਿਲਾਫ਼ ਮੋਹਾਲੀ ਦੇ ਮਟੌਰ ਥਾਣੇ ਵਿੱਚ ਕੁੱਟਮਾਰ, ਜਾਨੋਂ ਮਾਰਨ ਦੀ ਧਮਕੀ ਦੇਣ ਅਤੇ ਪਿਸਤੌਲ ਦਿਖਾ ਕੇ ਡਰਾਉਣ ਦੇ ਦੋਸ਼ਾਂ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਪੁਲਿਸ ਨੇ ਮਿਲੀ ਸ਼ਿਕਾਇਤ ਦੇ ਆਧਾਰ ‘ਤੇ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 115(2), 126(2), 351(2) ਅਤੇ ਅਸਲਾ ਐਕਟ ਦੀਆਂ ਧਾਰਾਵਾਂ 25/27-54-59 ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸ਼ਿਕਾਇਤਕਰਤਾ ਰਹਿਮਤ ਮਰਵਾਹਾ, ਜੋ ਚੰਡੀਗੜ੍ਹ ਦੇ ਸੈਕਟਰ-20ਏ ਦਾ ਰਹਿਣ ਵਾਲਾ ਅਤੇ ਇੱਕ ਮਿਊਜ਼ਿਕ ਕੰਪਨੀ ਦਾ ਸੰਚਾਲਕ ਹੈ, ਨੇ ਪੁਲਿਸ ਨੂੰ ਦੱਸਿਆ ਕਿ ਪੰਜ ਤੋਂ ਛੇ ਮਹੀਨੇ ਪਹਿਲਾਂ ਉਸ ਨੇ ਦਿਲਪ੍ਰੀਤ ਢਿੱਲੋਂ ਦੀ ਟੀ-ਸੀਰੀਜ਼ ਨਾਲ ਇੱਕ ਗਾਣੇ ਦੀ ਡੀਲ ਕਰਵਾਉਣ ਲਈ ਵਿਚੋਲਗੀ ਕੀਤੀ ਸੀ, ਪਰ ਇਹ ਸਮਝੌਤਾ ਕਿਸੇ ਕਾਰਨ ਸਿਰੇ ਨਹੀਂ ਚੜ੍ਹ ਸਕਿਆ।
ਸ਼ਿਕਾਇਤ ਮੁਤਾਬਕ 22 ਜੁਲਾਈ ਦੀ ਰਾਤ ਕਰੀਬ 11:30 ਵਜੇ ਉਹ ਆਪਣੇ ਦੋਸਤ ਦੇ ਫਲੈਟ ਵਿੱਚ ਮੌਜੂਦ ਸੀ, ਜਿੱਥੇ ਦਿਲਪ੍ਰੀਤ ਢਿੱਲੋਂ ਵੀ ਆ ਗਿਆ। ਉੱਥੇ ਗਾਣੇ ਦੀ ਡੀਲ ਨੂੰ ਲੈ ਕੇ ਦੋਵਾਂ ਵਿਚਾਲੇ ਬਹਿਸ ਹੋਈ। ਰਹਿਮਤ ਮਰਵਾਹਾ ਨੇ ਦੋਸ਼ ਲਗਾਇਆ ਕਿ ਦਿਲਪ੍ਰੀਤ ਢਿੱਲੋਂ ਨੇ ਉਸ ਨਾਲ ਹੱਥੋਪਾਈ ਕੀਤੀ, ਉਸ ਨੂੰ ਇੱਕ ਕਮਰੇ ਵਿੱਚ ਲੈ ਜਾ ਕੇ ਲੱਤਾਂ ਅਤੇ ਮੁੱਕਿਆਂ ਨਾਲ ਕੁੱਟਿਆ ਅਤੇ ਪਿਸਤੌਲ ਦਿਖਾ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਮੁਲਜ਼ਮ ਨੇ ਉਸ ਅਤੇ ਉਸਦੇ ਪਰਿਵਾਰ ਨੂੰ ਗੰਭੀਰ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਅਤੇ ਉੱਥੋਂ ਚਲਾ ਗਿਆ।
ਘਟਨਾ ਤੋਂ ਬਾਅਦ ਜ਼ਖ਼ਮੀ ਹੋਏ ਸ਼ਿਕਾਇਤਕਰਤਾ ਨੇ ਮੋਹਾਲੀ ਦੇ ਸਿਵਲ ਹਸਪਤਾਲ ਫੇਜ਼-6 ਵਿੱਚ ਇਲਾਜ ਕਰਵਾਇਆ। ਹਸਪਤਾਲ ਤੋਂ ਛੁੱਟੀ ਮਿਲਣ ਉਪਰੰਤ ਉਸ ਨੇ ਮਟੌਰ ਥਾਣੇ ਵਿੱਚ ਪਹੁੰਚ ਕੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ।
ਪੁਲਿਸ ਅਨੁਸਾਰ ਸ਼ਿਕਾਇਤ ਅਤੇ ਮੁੱਢਲੀ ਜਾਂਚ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਂਚ ਅਜੇ ਜਾਰੀ ਹੈ ਅਤੇ ਸਬੂਤਾਂ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਇਹ ਦੋਸ਼ ਸ਼ਿਕਾਇਤਕਰਤਾ ਵੱਲੋਂ ਲਗਾਏ ਗਏ ਹਨ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਮਾਮਲੇ ਦੀ ਅਸਲ ਸਥਿਤੀ ਸਾਹਮਣੇ ਆਵੇਗੀ।
-(ਬਾਬੂਸ਼ਾਹੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


