ਪੰਜਾਬ ਦੀਆਂ ਚਾਰ ਨਗਰ ਕੌਂਸਲਾਂ ਲਈ ਚੋਣਾਂ ਦਾ ਐਲਾਨ, 10 ਜੂਨ ਨੂੰ ਹੋਵੇਗੀ ਵੋਟਾਂ ਦੀ ਗਿਣਤੀ
ਦੀਨਾਨਗਰ, ਗੁਰਦਾਸਪੁਰ, ਕਾਦੀਆਂ ਅਤੇ ਸ਼ਾਮ ਚੁਰਾਸੀ ਨਗਰ ਕੌਂਸਲਾਂ ਲਈ 10 ਜੂਨ ਨੂੰ ਵੋਟਿੰਗ ਅਤੇ ਨਤੀਜਿਆਂ ਦੀ ਘੋਸ਼ਣਾ ਕੀਤੀ ਜਾਵੇਗੀ।

ਚੰਡੀਗੜ੍ਹ
ਪੰਜਾਬ ਚੋਣ ਕਮਿਸ਼ਨ ਵੱਲੋਂ ਸੂਬੇ ਦੀਆਂ ਬਾਕੀ ਰਹਿੰਦੀਆਂ ਚਾਰ ਨਗਰ ਕੌਂਸਲਾਂ ਦੀਆਂ ਚੋਣਾਂ ਲਈ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਦੀਨਾਨਗਰ, ਗੁਰਦਾਸਪੁਰ, ਕਾਦੀਆਂ ਅਤੇ ਸ਼ਾਮ ਚੁਰਾਸੀ ਨਗਰ ਕੌਂਸਲਾਂ ਲਈ 10 ਜੂਨ ਨੂੰ ਵੋਟਿੰਗ ਅਤੇ ਨਤੀਜਿਆਂ ਦੀ ਘੋਸ਼ਣਾ ਕੀਤੀ ਜਾਵੇਗੀ।
ਰਾਜ ਚੋਣ ਕਮਿਸ਼ਨ ਮੁਤਾਬਕ ਇਹ ਚੋਣ ਪ੍ਰਕਿਰਿਆ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਪੰਜਾਬ ਮਿਉਂਸਪਲ ਐਕਟ 1911 ਦੀ ਧਾਰਾ 13-ਏ ਤਹਿਤ ਜਾਰੀ ਨੋਟੀਫਿਕੇਸ਼ਨ ਦੇ ਆਧਾਰ ’ਤੇ ਸ਼ੁਰੂ ਕੀਤੀ ਗਈ ਹੈ।
28 ਮਈ ਤੋਂ ਭਰੇ ਜਾਣਗੇ ਨਾਮਜ਼ਦਗੀ ਪੱਤਰ
ਚੋਣ ਪ੍ਰੋਗਰਾਮ ਅਨੁਸਾਰ ਉਮੀਦਵਾਰ 28 ਮਈ 2026 ਤੋਂ ਨਾਮਜ਼ਦਗੀ ਪੱਤਰ ਦਾਖਲ ਕਰ ਸਕਣਗੇ। ਨਾਮਜ਼ਦਗੀਆਂ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਸਬੰਧਤ ਰਿਟਰਨਿੰਗ ਅਫਸਰ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾਈਆਂ ਜਾਣਗੀਆਂ। ਨਾਮਜ਼ਦਗੀ ਦਾਖਲ ਕਰਨ ਦੀ ਆਖਰੀ ਮਿਤੀ 1 ਜੂਨ 2026 ਤੈਅ ਕੀਤੀ ਗਈ ਹੈ।
ਨਾਮਜ਼ਦਗੀ ਪੱਤਰਾਂ ਦੀ ਜਾਂਚ 2 ਜੂਨ ਨੂੰ ਕੀਤੀ ਜਾਵੇਗੀ, ਜਦਕਿ ਉਮੀਦਵਾਰ 3 ਜੂਨ ਨੂੰ ਦੁਪਹਿਰ 3 ਵਜੇ ਤੱਕ ਆਪਣੇ ਨਾਮ ਵਾਪਸ ਲੈ ਸਕਣਗੇ।
10 ਜੂਨ ਨੂੰ ਪੈਣਗੀਆਂ ਵੋਟਾਂ
ਚੋਣ ਕਮਿਸ਼ਨ ਦੇ ਅਨੁਸਾਰ 10 ਜੂਨ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਿੰਗ ਕਰਵਾਈ ਜਾਵੇਗੀ। ਇਸ ਤੋਂ ਬਾਅਦ ਉਸੇ ਦਿਨ ਵੋਟਾਂ ਦੀ ਗਿਣਤੀ ਵੀ ਸ਼ੁਰੂ ਕਰ ਦਿੱਤੀ ਜਾਵੇਗੀ।
ਰਾਜ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਚੋਣਾਂ ਨੂੰ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਲਈ ਸਾਰੇ ਲੋੜੀਂਦੇ ਪ੍ਰਬੰਧ ਪੂਰੇ ਕਰ ਲਏ ਗਏ ਹਨ। ਚੋਣ ਪ੍ਰੋਗਰਾਮ ਦੇ ਐਲਾਨ ਨਾਲ ਹੀ ਸਬੰਧਤ ਨਗਰ ਕੌਂਸਲ ਖੇਤਰਾਂ ਵਿੱਚ ਤੁਰੰਤ ਪ੍ਰਭਾਵ ਨਾਲ ਆਦਰਸ਼ ਚੋਣ ਜ਼ਾਬਤਾ ਵੀ ਲਾਗੂ ਹੋ ਗਿਆ ਹੈ, ਜੋ ਚੋਣ ਪ੍ਰਕਿਰਿਆ ਪੂਰੀ ਹੋਣ ਤੱਕ ਲਾਗੂ ਰਹੇਗਾ।
-(ਪੀਟੀਸੀ ਨਿਊਜ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


