Wednesday, June 10, 2026
Google search engine
Homeਅਪਰਾਧਪੰਜਾਬ ਦੇ ਚੀਮਾ ਇਲਾਕੇ ‘ਚ ਦਰਦਨਾਕ ਘਟਨਾ, 58 ਸਾਲਾ ਵਿਅਕਤੀ ਦੀ ਸ਼ੱਕੀ...

ਪੰਜਾਬ ਦੇ ਚੀਮਾ ਇਲਾਕੇ ‘ਚ ਦਰਦਨਾਕ ਘਟਨਾ, 58 ਸਾਲਾ ਵਿਅਕਤੀ ਦੀ ਸ਼ੱਕੀ ਹਾਲਾਤਾਂ ‘ਚ ਮੌਤ; ਪਿੱਛੇ ਛੱਡਿਆ ਇੱਕ ਪੱਤਰ

ਮ੍ਰਿਤਕ ਦੀ ਪਛਾਣ ਚੀਮਾ ਮੰਡੀ ਦੇ ਰਹਿਣ ਵਾਲੇ 58 ਸਾਲਾ ਨੈਬ ਸਿੰਘ ਵਜੋਂ ਹੋਈ ਹੈ, ਜੋ ਗੁਰਦੁਆਰਾ ਚੀਮਾ ਸਾਹਿਬ (ਸੰਤ ਅਤਰ ਸਿੰਘ ਜੀ ਦੇ ਜਨਮ ਅਸਥਾਨ) ਦੇ ਨੇੜੇ ਰਹਿੰਦੇ ਸਨ।

ਚੀਮਾ ਮੰਡੀ
ਚੀਮਾ ਦੀ ਦਾਣਾ ਮੰਡੀ ਤੋਂ ਇੱਕ ਦੁਖਦਾਈ ਅਤੇ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਅਕਤੀ ਦੀ ਆਪਣੇ ਪੀਟਰ ਰੇਹੜੇ ਵਿੱਚ ਅੱਗ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਚੀਮਾ ਮੰਡੀ ਦੇ ਰਹਿਣ ਵਾਲੇ 58 ਸਾਲਾ ਨੈਬ ਸਿੰਘ ਵਜੋਂ ਹੋਈ ਹੈ, ਜੋ ਗੁਰਦੁਆਰਾ ਚੀਮਾ ਸਾਹਿਬ (ਸੰਤ ਅਤਰ ਸਿੰਘ ਜੀ ਦੇ ਜਨਮ ਅਸਥਾਨ) ਦੇ ਨੇੜੇ ਰਹਿੰਦੇ ਸਨ।

ਧਾਰਮਿਕ ਸੁਭਾਅ ਵਾਲੇ ਸਨ ਨੈਬ ਸਿੰਘ
ਡੀਐਸਪੀ ਹਰਵਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਨੈਬ ਸਿੰਘ ਧਾਰਮਿਕ ਬਿਰਤੀ ਦੇ ਵਿਅਕਤੀ ਸਨ ਅਤੇ ਗੁਰਦੁਆਰਾ ਸਾਹਿਬ ਵਿੱਚ ਨਿਸ਼ਕਾਮ ਸੇਵਾ ਕਰਦੇ ਰਹਿੰਦੇ ਸਨ। ਉਨ੍ਹਾਂ ਵੱਲੋਂ ਵਰਤਿਆ ਜਾਂਦਾ ਪੀਟਰ ਰੇਹੜਾ ਵੀ ਨਗਰ ਦੀ ਸੇਵਾ ਅਤੇ ਲੰਗਰ ਆਦਿ ਕਾਰਜਾਂ ਲਈ ਰੱਖਿਆ ਗਿਆ ਸੀ। ਪੁਲਿਸ ਮੁਤਾਬਕ ਉਨ੍ਹਾਂ ਨੇ ਇੱਕ ਦਿਨ ਪਹਿਲਾਂ ਹੀ ਰੇਹੜੇ ਵਿੱਚ ਲੱਕੜਾਂ ਅਤੇ ਹੋਰ ਸਮਾਨ ਰੱਖਿਆ ਹੋਇਆ ਸੀ।

ਸਵੇਰੇ ਘਰੋਂ ਨਿਕਲੇ, ਮੰਡੀ ‘ਚ ਮਿਲੀ ਘਟਨਾ ਦੀ ਸੂਚਨਾ
ਪੁਲਿਸ ਅਨੁਸਾਰ ਅੱਜ ਸਵੇਰੇ ਕਰੀਬ 4:15 ਵਜੇ ਨੈਬ ਸਿੰਘ ਸਾਈਕਲ ‘ਤੇ ਘਰੋਂ ਨਿਕਲੇ। ਉਨ੍ਹਾਂ ਨੇ ਚੀਮਾ ਬੱਸ ਸਟੈਂਡ ਨੇੜੇ ਸਥਿਤ ਨਿਹੰਗਾਂ ਦੀ ਛਾਉਣੀ ਕੋਲ ਸਾਈਕਲ ਖੜ੍ਹਾ ਕੀਤਾ ਅਤੇ ਉੱਥੋਂ ਪੀਟਰ ਰੇਹੜਾ ਲੈ ਕੇ ਅੱਗੇ ਚਲੇ ਗਏ। ਕਰੀਬ 4:30 ਤੋਂ 4:45 ਵਜੇ ਦੇ ਵਿਚਕਾਰ ਉਹ ਦਾਣਾ ਮੰਡੀ ਪਹੁੰਚੇ। ਸਵੇਰੇ ਲਗਭਗ 4:50 ਵਜੇ ਪੁਲਿਸ ਨੂੰ ਸੂਚਨਾ ਮਿਲੀ ਕਿ ਮੰਡੀ ਅੰਦਰ ਇੱਕ ਰੇਹੜੇ ਨੂੰ ਅੱਗ ਲੱਗੀ ਹੋਈ ਹੈ। ਪੁਲਿਸ ਅਤੇ ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚੀ ਤਾਂ ਨੈਬ ਸਿੰਘ ਦੀ ਮੌਤ ਹੋ ਚੁੱਕੀ ਸੀ।

ਜਾਂਚ ਦੌਰਾਨ ਮਿਲਿਆ ਇੱਕ ਪੱਤਰ
ਪੁਲਿਸ ਵੱਲੋਂ ਘਰ ਦੀ ਤਲਾਸ਼ੀ ਦੌਰਾਨ ਇੱਕ ਪੱਤਰ ਵੀ ਬਰਾਮਦ ਹੋਇਆ ਹੈ। ਅਧਿਕਾਰੀਆਂ ਮੁਤਾਬਕ ਇਸ ਵਿੱਚ ਨੈਬ ਸਿੰਘ ਨੇ ਕੁਝ ਨਿੱਜੀ ਗੱਲਾਂ ਅਤੇ ਆਪਣੇ ਸੰਸਕਾਰ ਨਾਲ ਸਬੰਧਤ ਇੱਛਾ ਦਾ ਜ਼ਿਕਰ ਕੀਤਾ ਸੀ। ਇਸ ਦੇ ਨਾਲ ਹੀ ਇੱਕ ਰਿਸ਼ਤੇਦਾਰ ਨਾਲ ਪੈਸਿਆਂ ਦੇ ਲੈਣ-ਦੇਣ ਦਾ ਵੇਰਵਾ ਵੀ ਦਰਜ ਮਿਲਿਆ ਹੈ।

ਮ੍ਰਿਤਕ ਦੀ ਦੇਹ ਬੁਰੀ ਤਰ੍ਹਾਂ ਸੜ ਚੁੱਕੀ ਸੀ, ਜਿਸ ਤੋਂ ਬਾਅਦ ਸ਼ਨਾਖਤ ਉਪਰੰਤ ਉਸ ਨੂੰ ਪੋਸਟਮਾਰਟਮ ਅਤੇ ਡੀਐਨਏ ਜਾਂਚ ਲਈ ਸਿਵਲ ਹਸਪਤਾਲ ਸੁਨਾਮ ਭੇਜਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ, ਹਾਲਾਂਕਿ ਸ਼ੁਰੂਆਤੀ ਤੌਰ ‘ਤੇ ਇਹ ਮਾਮਲਾ ਖੁਦਕੁਸ਼ੀ ਦਾ ਜਾਪਦਾ ਹੈ।

ਪਰਿਵਾਰ ਨੇ ਮਾਨਸਿਕ ਪ੍ਰੇਸ਼ਾਨੀ ਤੋਂ ਕੀਤਾ ਇਨਕਾਰ
ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਹ ਪਿਛਲੇ 4-5 ਦਿਨਾਂ ਤੋਂ ਆਪਣੀ ਭੈਣ ਕੋਲ ਧਨੌਲਾ ਗਈ ਹੋਈ ਸੀ ਅਤੇ ਨੈਬ ਸਿੰਘ ਘਰ ਵਿੱਚ ਇਕੱਲੇ ਰਹਿ ਰਹੇ ਸਨ। ਉਨ੍ਹਾਂ ਅਨੁਸਾਰ ਪਰਿਵਾਰ ਵਿੱਚ ਕਿਸੇ ਕਿਸਮ ਦਾ ਲੜਾਈ-ਝਗੜਾ ਜਾਂ ਮਾਨਸਿਕ ਤਣਾਅ ਨਹੀਂ ਸੀ। ਪਰਿਵਾਰ ਦਾ ਇਕਲੌਤਾ ਪੁੱਤਰ, ਜੋ ਪੁਣੇ ਵਿੱਚ ਇੰਜੀਨੀਅਰ ਵਜੋਂ ਕੰਮ ਕਰਦਾ ਹੈ, ਉਸ ਦੇ ਘਰ ਪਹੁੰਚਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

-(ਪੀਟੀਸੀ ਨਿਊਜ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments