Thursday, August 6, 2026
Google search engine
Homeਰਾਜਨੀਤੀਪੰਜਾਬ ਵਿਧਾਨ ਸਭਾ 'ਚ ਹੰਗਾਮੇਦਾਰ ਦਿਨ, ਕਾਂਗਰਸ ਦੇ ਤਿੱਖੇ ਵਿਰੋਧ ਨਾਲ ਪਠਾਣਮਾਜਰਾ...

ਪੰਜਾਬ ਵਿਧਾਨ ਸਭਾ ‘ਚ ਹੰਗਾਮੇਦਾਰ ਦਿਨ, ਕਾਂਗਰਸ ਦੇ ਤਿੱਖੇ ਵਿਰੋਧ ਨਾਲ ਪਠਾਣਮਾਜਰਾ ਦੇ ਬਿਆਨਾਂ ਨੇ ਵੀ ਖਿੱਚਿਆ ਧਿਆਨ

ਪੰਜਾਬ ਵਿਧਾਨ ਸਭਾ ‘ਚ ਹੰਗਾਮੇਦਾਰ ਦਿਨ, ਕਾਂਗਰਸ ਦੇ ਤਿੱਖੇ ਵਿਰੋਧ ਨਾਲ ਪਠਾਣਮਾਜਰਾ ਦੇ ਬਿਆਨਾਂ ਨੇ ਵੀ ਖਿੱਚਿਆ ਧਿਆਨ

ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸਦਨ ਹਰ ਵਿਧਾਇਕ ਦੇ ਸਨਮਾਨ ਲਈ ਵਚਨਬੱਧ ਹੈ ਅਤੇ ਜੇਕਰ ਕਿਸੇ ਮੈਂਬਰ ਨਾਲ ਦੁਰਵਿਵਹਾਰ ਹੋਇਆ ਹੈ ਤਾਂ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇਗੀ।

ਚੰਡੀਗੜ੍ਹ

ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦਾ ਤੀਜਾ ਦਿਨ ਵੀ ਸਿਆਸੀ ਤਣਾਅ ਅਤੇ ਹੰਗਾਮੇ ਨਾਲ ਸ਼ੁਰੂ ਹੋਇਆ। ਕਾਂਗਰਸ ਦੇ ਵਿਧਾਇਕ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਸਦਨ ਵਿੱਚ ਪਹੁੰਚੇ। ਪਹਿਲਾਂ ਦੀ ਤਰ੍ਹਾਂ ਵਿਰੋਧੀ ਧਿਰ ਦੇ ਮੈਂਬਰ ਗਲਾਂ ਵਿੱਚ ਕਾਲੀਆਂ ਪੱਟੀਆਂ ਬੰਨ੍ਹ ਕੇ ਵਿਧਾਨ ਸਭਾ ਵਿੱਚ ਆਏ ਅਤੇ ਦੋਸ਼ ਲਾਇਆ ਕਿ ਹਾਲ ਹੀ ਵਿੱਚ ਉਨ੍ਹਾਂ ਨਾਲ ਧੱਕਾ-ਮੁੱਕੀ ਅਤੇ ਬਦਸਲੂਕੀ ਕੀਤੀ ਗਈ ਹੈ। ਇਸ ਮੁੱਦੇ ਨੂੰ ਲੈ ਕੇ ਵਿਰੋਧੀ ਧਿਰ ਨੇ ਸਰਕਾਰ ਨੂੰ ਸਖ਼ਤ ਘੇਰਨ ਦੀ ਕੋਸ਼ਿਸ਼ ਕੀਤੀ।

ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸਦਨ ਹਰ ਵਿਧਾਇਕ ਦੇ ਸਨਮਾਨ ਲਈ ਵਚਨਬੱਧ ਹੈ ਅਤੇ ਜੇਕਰ ਕਿਸੇ ਮੈਂਬਰ ਨਾਲ ਦੁਰਵਿਵਹਾਰ ਹੋਇਆ ਹੈ ਤਾਂ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇਗੀ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵੀ ਕਿਹਾ ਕਿ ਜੇਕਰ ਕਿਸੇ ਵਿਧਾਇਕ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚੀ ਹੈ ਤਾਂ ਸਰਕਾਰ ਜਾਂਚ ਲਈ ਪੂਰੀ ਤਰ੍ਹਾਂ ਤਿਆਰ ਹੈ।

ਬੁੱਧਵਾਰ ਨੂੰ ਮੌਨਸੂਨ ਸੈਸ਼ਨ ਦੌਰਾਨ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਕਾਂਗਰਸ ਦੇ ਵਿਧਾਇਕਾਂ ਨੇ ਸਦਨ ਅੰਦਰ ਜ਼ਬਰਦਸਤ ਪ੍ਰਦਰਸ਼ਨ ਕੀਤਾ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਬਿਕਰਮਜੀਤ ਸਿੰਘ ਚੌਧਰੀ, ਸੁਖਵਿੰਦਰ ਸਿੰਘ ਕੋਟਲੀ ਅਤੇ ਹੋਰ ਕਾਂਗਰਸੀ ਵਿਧਾਇਕਾਂ ਨੇ ਦੋਸ਼ ਲਾਇਆ ਕਿ ਵਿਧਾਨ ਸਭਾ ਦੇ ਬਾਹਰ ਤੈਨਾਤ ਪੁਲਿਸ ਕਰਮਚਾਰੀਆਂ ਅਤੇ ਮਾਰਸ਼ਲਾਂ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਅਤੇ ਉਨ੍ਹਾਂ ਦੇ ਹੱਥੋਂ ਤਖ਼ਤੀਆਂ ਖੋਹ ਲਈਆਂ। ਪ੍ਰਤਾਪ ਸਿੰਘ ਬਾਜਵਾ ਨੇ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਸ ਮਾਮਲੇ ‘ਤੇ ਚਰਚਾ ਦੀ ਮੰਗ ਕੀਤੀ, ਜਦਕਿ ਸਪੀਕਰ ਨੇ ਪ੍ਰਸ਼ਨ ਕਾਲ ਤੋਂ ਬਾਅਦ ਇਸ ‘ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ। ਇਸ ਦੌਰਾਨ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵੀ ਵਿਧਾਇਕਾਂ ਦੇ ਮਾਣ-ਸਨਮਾਨ ਨੂੰ ਅਹਿਮ ਦੱਸਿਆ। ਹਾਲਾਂਕਿ, ਸਪੀਕਰ ਵੱਲੋਂ ਪ੍ਰਤਾਪ ਸਿੰਘ ਬਾਜਵਾ ਅਤੇ ਬਿਕਰਮਜੀਤ ਸਿੰਘ ਚੌਧਰੀ ਵੱਲੋਂ ਪੇਸ਼ ਕੀਤਾ ਗਿਆ ਕੰਮ ਰੋਕੂ ਮਤਾ ਰੱਦ ਕਰਨ ਤੋਂ ਬਾਅਦ ਕਾਂਗਰਸੀ ਮੈਂਬਰ ਹੋਰ ਹਮਲਾਵਰ ਹੋ ਗਏ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਜਾਰੀ ਰੱਖੀ।

‘ਤਾਰੀਖ ‘ਤੇ ਤਾਰੀਖ’ ਵਾਲੀ ਟਿੱਪਣੀ ਨੇ ਖਿੱਚਿਆ ਧਿਆਨ

ਜਲਾਲਾਬਾਦ ਤੋਂ ਵਿਧਾਇਕ ਗੋਲਡੀ ਕੰਬੋਜ ਨੇ ਪ੍ਰਸ਼ਨਕਾਲ ਦੌਰਾਨ ਆਪਣੇ ਹਲਕੇ ਵਿੱਚ ਬਣਨ ਵਾਲੀਆਂ ਦੋ ਮਾਰਕੀਟ ਕਮੇਟੀਆਂ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ‘ਤੇ ਵਾਰ-ਵਾਰ ਇਤਰਾਜ਼ ਲਗਾਏ ਜਾ ਰਹੇ ਹਨ। ਉਨ੍ਹਾਂ ਮੰਤਰੀ ਨੂੰ ਅਪੀਲ ਕੀਤੀ ਕਿ ਵੱਖ-ਵੱਖ ਸਮੇਂ ਇਤਰਾਜ਼ ਲਗਾਉਣ ਦੀ ਬਜਾਏ ਇੱਕੋ ਵਾਰ ਸਾਰੇ ਇਤਰਾਜ਼ ਦੱਸੇ ਜਾਣ ਤਾਂ ਜੋ ਇਕੱਠੇ ਹੀ ਦੂਰ ਕੀਤੇ ਜਾ ਸਕਣ।

ਮੰਤਰੀ ਦੇ ਜਵਾਬ ਤੋਂ ਪਹਿਲਾਂ ਹੀ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ, “ਤਾਰੀਖ ‘ਤੇ ਤਾਰੀਖ ਨਹੀਂ ਚੱਲੇਗੀ, ਮੰਤਰੀ ਸਾਹਿਬ ਇੱਕੋ ਵਾਰ ਸਾਰੇ ਇਤਰਾਜ਼ ਲਗਾਓ।” ਇਸ ਟਿੱਪਣੀ ਨੇ ਸਦਨ ਦਾ ਧਿਆਨ ਆਪਣੇ ਵੱਲ ਖਿੱਚ ਲਿਆ।

ਵਰਨਣਯੋਗ ਹੈ ਕਿ ਬੀਤੇ ਦਿਨ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਪੈਰੋਲ ਸਬੰਧੀ ਹਾਈ ਕੋਰਟ ਵਿੱਚ ਚੱਲ ਰਹੇ ਮਾਮਲੇ ‘ਚ ਸਰਕਾਰ ਵੱਲੋਂ ਵਾਰ-ਵਾਰ ਸਮਾਂ ਮੰਗਣ ਦਾ ਮੁੱਦਾ ਚੁੱਕਿਆ ਸੀ। ਉਸ ਵੇਲੇ ਸਪੀਕਰ ਅਤੇ ਸੱਤਾ ਧਿਰ ਵੱਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ ਸੀ, ਪਰ ਅੱਜ ਹੁਕਮਰਾਨ ਧਿਰ ਦੇ ਵਿਧਾਇਕ ਵੱਲੋਂ ਇਹ ਮਸਲਾ ਚੁੱਕਦੇ ਹੀ ਸਪੀਕਰ ਨੇ ਤੁਰੰਤ ਮੰਤਰੀ ਨੂੰ ਹਦਾਇਤ ਕਰ ਦਿੱਤੀ।

ਪਠਾਣਮਾਜਰਾ ਦੇ ਬਿਆਨ ‘ਤੇ ਸਦਨ ‘ਚ ਲੱਗੇ ਠਹਾਕੇ

ਹੁਕਮਰਾਨ ਧਿਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵੱਲੋਂ ਪੁੱਛੇ ਗਏ ਇੱਕ ਸਵਾਲ ਨੇ ਸਦਨ ਵਿੱਚ ਹਾਸੇ ਦਾ ਮਾਹੌਲ ਬਣਾ ਦਿੱਤਾ। ਉਨ੍ਹਾਂ ਬਠਿੰਡਾ ਜੇਲ੍ਹ ਵਿੱਚ ਵਾਟਰ ਕੂਲਰਾਂ ਦੀ ਘਾਟ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਜੇਲ੍ਹ ਵਿੱਚ ਸਿਰਫ਼ ਇੱਕ ਹੀ ਵਾਟਰ ਕੂਲਰ ਹੈ, ਜਦਕਿ ਉੱਥੇ ਦੋ ਹਜ਼ਾਰ ਤੋਂ ਵੱਧ ਕੈਦੀ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜੇਲ੍ਹ ਵਿੱਚ ਰਹਿਣ ਦਾ ਤਜਰਬਾ ਹੈ, ਪਰ ਹੁਣ ਤਾਂ ਕਈ ਹੋਰ ਵੀ ਜੇਲ੍ਹ ਜਾ ਚੁੱਕੇ ਹਨ ਅਤੇ ਇਹ ਵੀ ਨਹੀਂ ਪਤਾ ਕਿ ਕਦੋਂ ਕਿਸੇ ਨੂੰ ਜੇਲ੍ਹ ਜਾਣਾ ਪੈ ਜਾਵੇ। ਉਨ੍ਹਾਂ ਦੀ ਇਸ ਟਿੱਪਣੀ ‘ਤੇ ਸਦਨ ਵਿੱਚ ਠਹਾਕੇ ਲੱਗੇ।

ਇਸ ਦੇ ਜਵਾਬ ਵਿੱਚ ਜੇਲ੍ਹ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਸਰਕਾਰ ਸੂਬੇ ਦੀਆਂ ਸਾਰੀਆਂ ਜੇਲ੍ਹਾਂ ਵਿੱਚ ਨਵੇਂ ਵਾਟਰ ਕੂਲਰ ਲਗਾਉਣ ਜਾ ਰਹੀ ਹੈ ਅਤੇ ਇਸ ਲਈ ਟੈਂਡਰ ਦੀ ਪ੍ਰਕਿਰਿਆ ਵੀ ਪੂਰੀ ਹੋ ਚੁੱਕੀ ਹੈ। ਉਨ੍ਹਾਂ ਇਹ ਵੀ ਮੰਨਿਆ ਕਿ ਕਈ ਜੇਲ੍ਹਾਂ ਵਿੱਚ ਸਮਰੱਥਾ ਤੋਂ ਵੱਧ ਕੈਦੀ ਹਨ।

ਸਰਕਾਰੀ ਸਕੂਲਾਂ ਵਿੱਚ ਬਿਜਲੀ ਅਤੇ ਏਸੀ ਦਾ ਮੁੱਦਾ ਵੀ ਉਠਿਆ

ਹਰਮੀਤ ਸਿੰਘ ਪਠਾਣਮਾਜਰਾ ਨੇ ਸਦਨ ਵਿੱਚ ਸਰਕਾਰੀ ਸਕੂਲਾਂ ਵਿੱਚ ਬਿਜਲੀ ਦੀ ਘਾਟ ਦਾ ਮੁੱਦਾ ਵੀ ਉਠਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਹਲਕੇ ਦੇ ਕਈ ਸਕੂਲਾਂ ਨੂੰ ਐਨਆਰਆਈ ਭਰਾਵਾਂ ਦੀ ਮਦਦ ਨਾਲ ਏਸੀ ਮਿਲੇ ਹਨ, ਪਰ ਬਿਜਲੀ ਨਾ ਹੋਣ ਕਾਰਨ ਉਹ ਸਿਰਫ਼ ਸ਼ੋਅਪੀਸ ਬਣ ਕੇ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਅਮੀਰਾਂ ਦੇ ਬੱਚੇ ਨਿੱਜੀ ਜਾਂ ਵਿਦੇਸ਼ੀ ਸਕੂਲਾਂ ਵਿੱਚ ਪੜ੍ਹਦੇ ਹਨ, ਜਦਕਿ ਗਰੀਬਾਂ ਦੇ ਬੱਚਿਆਂ ਨੂੰ ਇਹ ਸਹੂਲਤ ਨਹੀਂ ਮਿਲ ਰਹੀ। ਉਨ੍ਹਾਂ ਦੱਸਿਆ ਕਿ ਸਕੂਲ ਪ੍ਰਬੰਧਕ ਬਿਜਲੀ ਦੇ ਵਧਦੇ ਬਿੱਲਾਂ ਕਾਰਨ ਏਸੀ ਚਲਾਉਣ ਤੋਂ ਵੀ ਹਿਚਕਚਾਉਂਦੇ ਹਨ। ਉਨ੍ਹਾਂ ਯਾਦ ਦਿਵਾਇਆ ਕਿ ਪਿਛਲੇ ਸੈਸ਼ਨ ਦੌਰਾਨ ਸਕੂਲਾਂ ਵਿੱਚ ਸੋਲਰ ਪਲਾਂਟ ਲਗਾਉਣ ਦਾ ਭਰੋਸਾ ਦਿੱਤਾ ਗਿਆ ਸੀ, ਪਰ ਅਜੇ ਤੱਕ ਇਹ ਯੋਜਨਾ ਲਾਗੂ ਨਹੀਂ ਹੋਈ। ਪਠਾਣਮਾਜਰਾ ਨੇ ਕਿਹਾ ਕਿ ਗਰੀਬਾਂ ਦੇ ਬੱਚਿਆਂ ਦੀ ਸਹੂਲਤ ਲਈ ਸਰਕਾਰੀ ਸਕੂਲਾਂ ਵਿੱਚ ਏਸੀ ਚਲਾਉਣ ਦਾ ਪੱਕਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ।

ਇਸ ਦੇ ਜਵਾਬ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੇਡਾ ਰਾਹੀਂ ਸਰਕਾਰੀ ਅਤੇ ਨਿੱਜੀ ਇਮਾਰਤਾਂ ਵਿੱਚ ਸੋਲਰ ਸਿਸਟਮ ਲਗਾਉਣ ਦੀ ਯੋਜਨਾ ਜਾਰੀ ਹੈ। ਇਸ ਮੌਕੇ ਬਿਜਲੀ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਸਦਨ ਨੂੰ ਭਰੋਸਾ ਦਿੱਤਾ ਕਿ ਕਿਸੇ ਵੀ ਸਰਕਾਰੀ ਸਕੂਲ ਦਾ ਬਿਜਲੀ ਬਿੱਲ ਬਕਾਇਆ ਹੋਣ ਦੇ ਬਾਵਜੂਦ ਉਸ ਦਾ ਕੁਨੈਕਸ਼ਨ ਨਹੀਂ ਕੱਟਿਆ ਜਾਵੇਗਾ ਅਤੇ ਇਸ ਸਬੰਧੀ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

-(ਪੰਜਾਬੀ ਜਾਗਰਣ)

ਨੋਟਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀਤੇ ਪੜ੍ਹੋ ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ਤੇ ਜਾ ਕੇ ਪੜ੍ਹੋ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments