ਪੰਨੂ ਨਾਲ ਸੰਬੰਧਿਤ ਦੋ ਲੋਕਾਂ ਨੂੰ ਸਜ਼ਾ, ਮੋਹਾਲੀ NIA ਅਦਾਲਤ ਦਾ ਅਹਿਮ ਫੈਸਲਾ; DC ਦਫ਼ਤਰ ‘ਤੇ ਲਹਿਰਾਇਆ ਗਿਆ ਸੀ ਖਾਲਿਸਤਾਨੀ ਝੰਡਾ
ਮੋਹਾਲੀ ਵਿੱਚ ਸਥਿਤ ਐਨਆਈਏ ਅਦਾਲਤ ਨੇ ਇਸ ਕੇਸ ਵਿੱਚ ਦੋ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੰਦਿਆਂ ਉਨ੍ਹਾਂ ਨੂੰ ਪੰਜ ਸਾਲ ਅਤੇ ਛੇ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਸਦੇ ਨਾਲ ਹੀ ਉਨ੍ਹਾਂ ‘ਤੇ 16,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।

ਮੋਹਾਲੀ- ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪ੍ਰਸ਼ਾਸਕੀ ਕੰਪਲੈਕਸ ਵਿੱਚ ਖਾਲਿਸਤਾਨੀ ਝੰਡਾ ਲਹਿਰਾਉਣ ਨਾਲ ਜੁੜੇ ਚਰਚਿਤ ਮਾਮਲੇ ਵਿੱਚ ਰਾਸ਼ਟਰੀ ਜਾਂਚ ਏਜੰਸੀ (NIA) ਦੀ ਖ਼ਾਸ ਅਦਾਲਤ ਨੇ ਮਹੱਤਵਪੂਰਨ ਫੈਸਲਾ ਸੁਣਾਇਆ ਹੈ। ਮੋਹਾਲੀ ਵਿੱਚ ਸਥਿਤ ਐਨਆਈਏ ਅਦਾਲਤ ਨੇ ਇਸ ਕੇਸ ਵਿੱਚ ਦੋ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੰਦਿਆਂ ਉਨ੍ਹਾਂ ਨੂੰ ਪੰਜ ਸਾਲ ਅਤੇ ਛੇ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਸਦੇ ਨਾਲ ਹੀ ਉਨ੍ਹਾਂ ‘ਤੇ 16,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।
ਇਹ ਮਾਮਲਾ ਲਗਭਗ ਪੰਜ ਸਾਲ ਪੁਰਾਣਾ ਹੈ, ਜਦੋਂ ਮੋਗਾ ਦੇ ਡੀਸੀ ਦਫ਼ਤਰ ਕੰਪਲੈਕਸ ਵਿੱਚ ਖਾਲਿਸਤਾਨੀ ਝੰਡਾ ਲਹਿਰਾ ਕੇ ਕਾਨੂੰਨ-ਵਿਵਸਥਾ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਜਾਂਚ ਦੌਰਾਨ ਸੁਰੱਖਿਆ ਏਜੰਸੀਆਂ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸਦੇ ਅੱਤਵਾਦੀ ਪੱਖਾਂ ਦੀ ਵੀ ਜਾਂਚ ਕੀਤੀ ਸੀ।
ਅਦਾਲਤ ਵੱਲੋਂ ਮੋਗਾ ਦੇ ਨਿਵਾਸੀ ਇੰਦਰਜੀਤ ਸਿੰਘ ਅਤੇ ਜਸਪਾਲ ਸਿੰਘ ਨੂੰ ਭਾਰਤੀ ਦੰਡ ਸਹਿਤਾ (IPC), ਗੈਰ-ਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ (UAPA) ਅਤੇ ਰਾਸ਼ਟਰੀ ਸਨਮਾਨ ਦੀ ਬੇਅਦਬੀ ਰੋਕਥਾਮ ਐਕਟ ਦੀਆਂ ਵੱਖ-ਵੱਖ ਧਾਰਾਵਾਂ ਹੇਠ ਦੋਸ਼ੀ ਕਰਾਰ ਦਿੱਤਾ ਗਿਆ ਹੈ।
ਜਾਂਚ ਏਜੰਸੀਆਂ ਦੇ ਅਨੁਸਾਰ, ਦੋਵੇਂ ਮੁਲਜ਼ਮ ਪਾਬੰਦੀਸ਼ੁਦਾ ਖਾਲਿਸਤਾਨੀ ਗਤੀਵਿਧੀਆਂ ਨਾਲ ਜੁੜੇ ਹੋਏ ਸਨ ਅਤੇ ਉਨ੍ਹਾਂ ਦੀਆਂ ਹਰਕਤਾਂ ਅੱਤਵਾਦੀ ਸੰਗਠਨਾਂ ਨਾਲ ਸੰਬੰਧਿਤ ਤੱਤਾਂ ਨਾਲ ਲਿੰਕ ਰੱਖਦੀਆਂ ਸਨ। ਜਾਣਕਾਰੀ ਮੁਤਾਬਕ ਜਾਂਚ ਦੌਰਾਨ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦਾ ਨਾਮ ਵੀ ਸਾਹਮਣੇ ਆਇਆ ਸੀ, ਜਿਸ ਨਾਲ ਇਸ ਮਾਮਲੇ ਨੂੰ ਹੋਰ ਵੀ ਗੰਭੀਰ ਮੰਨਿਆ ਗਿਆ।
-(ਜੀ ਨਿਊਜ, ਪੰਜਾਬੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


