Tuesday, October 27, 2026
Google search engine
Homeਅਪਰਾਧਮਜੀਠੀਆ ਨੂੰ ਰਾਜਬੀਰ ਘੁੰਮਣ ਵੱਲੋਂ ਕਾਨੂੰਨੀ ਨੋਟਿਸ, 24 ਘੰਟਿਆਂ ’ਚ ਪੋਸਟ ਹਟਾਉਣ...

ਮਜੀਠੀਆ ਨੂੰ ਰਾਜਬੀਰ ਘੁੰਮਣ ਵੱਲੋਂ ਕਾਨੂੰਨੀ ਨੋਟਿਸ, 24 ਘੰਟਿਆਂ ’ਚ ਪੋਸਟ ਹਟਾਉਣ ਦੀ ਮੰਗ

ਮਜੀਠੀਆ ਨੂੰ ਰਾਜਬੀਰ ਘੁੰਮਣ ਵੱਲੋਂ ਕਾਨੂੰਨੀ ਨੋਟਿਸ, 24 ਘੰਟਿਆਂ ’ਚ ਪੋਸਟ ਹਟਾਉਣ ਦੀ ਮੰਗ

ਨਸ਼ਾ ਤਸਕਰੀ ਨਾਲ ਸਬੰਧ ਜੋੜਨ ਵਾਲੀ ਪੋਸਟ ’ਤੇ ਇਤਰਾਜ਼; ਬਿਨਾਂ ਸ਼ਰਤ ਮੁਆਫ਼ੀ ਮੰਗਣ ਅਤੇ ਮੁੜ ਅਜਿਹੇ ਦੋਸ਼ ਨਾ ਲਾਉਣ ਦਾ ਲਿਖਤੀ ਭਰੋਸਾ ਦੇਣ ਲਈ ਕਿਹਾ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐੱਸਡੀ ਰਾਜਬੀਰ ਸਿੰਘ ਘੁੰਮਣ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਕਾਨੂੰਨੀ ਨੋਟਿਸ ਭੇਜ ਕੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਇੱਕ ਪੋਸਟ ’ਤੇ ਇਤਰਾਜ਼ ਜਤਾਇਆ ਹੈ। ਘੁੰਮਣ ਨੇ ਮਜੀਠੀਆ ਨੂੰ 24 ਘੰਟਿਆਂ ਦੇ ਅੰਦਰ ਵਿਵਾਦਿਤ ਪੋਸਟ ਹਟਾਉਣ, ਜਨਤਕ ਤੌਰ ’ਤੇ ਬਿਨਾਂ ਸ਼ਰਤ ਮੁਆਫ਼ੀ ਮੰਗਣ ਅਤੇ ਭਵਿੱਖ ਵਿੱਚ ਅਜਿਹੇ ਦੋਸ਼ ਨਾ ਲਾਉਣ ਸਬੰਧੀ ਲਿਖਤੀ ਭਰੋਸਾ ਦੇਣ ਲਈ ਕਿਹਾ ਹੈ।

ਨੋਟਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪੋਸਟ ਰਾਹੀਂ ਘੁੰਮਣ ਬਾਰੇ ਗੰਭੀਰ ਅਤੇ ਮਾਣਹਾਨੀ ਕਰਨ ਵਾਲੇ ਦੋਸ਼ ਲਗਾਏ ਗਏ ਹਨ। ਉਨ੍ਹਾਂ ਦੇ ਪੱਖ ਵੱਲੋਂ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਨਿਰਧਾਰਤ ਸਮੇਂ ਅੰਦਰ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਅਪਰਾਧਿਕ ਕਾਰਵਾਈ ਦੇ ਨਾਲ ਸਿਵਲ ਮਾਣਹਾਨੀ ਦਾ ਮੁਕੱਦਮਾ ਵੀ ਦਾਇਰ ਕੀਤਾ ਜਾ ਸਕਦਾ ਹੈ।

ਐਕਸ ’ਤੇ ਸਾਂਝੀ ਪੋਸਟ ਨੂੰ ਲੈ ਕੇ ਪੈਦਾ ਹੋਇਆ ਵਿਵਾਦ

27 ਅਕਤੂਬਰ 2026 ਨੂੰ ਜਾਰੀ ਕਾਨੂੰਨੀ ਨੋਟਿਸ ਮੁਤਾਬਕ, ਬਿਕਰਮ ਸਿੰਘ ਮਜੀਠੀਆ ਨੇ 26 ਅਕਤੂਬਰ ਨੂੰ ਆਪਣੇ ਤਸਦੀਕਸ਼ੁਦਾ ਐਕਸ (X) ਖਾਤੇ ’ਤੇ ਇੱਕ ਪੋਸਟ ਸਾਂਝੀ ਕੀਤੀ ਸੀ। ਨੋਟਿਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਇਸ ਪੋਸਟ ਵਿੱਚ ਰਾਜਬੀਰ ਸਿੰਘ ਘੁੰਮਣ ਦਾ ਨਾਮ ਨਸ਼ਾ ਤਸਕਰੀ ਦੇ ਕਥਿਤ ਨੈੱਟਵਰਕ ਅਤੇ ਨਸ਼ਾ ਮੁਕਤੀ ਕੇਂਦਰਾਂ ਨਾਲ ਜੁੜੇ ਮਾਮਲਿਆਂ ਦੇ ਸੰਦਰਭ ਵਿੱਚ ਲਿਆ ਗਿਆ।

ਪੋਸਟ ਰਾਹੀਂ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਸਵਾਲ ਉਠਾਏ ਗਏ ਸਨ। ਇਸ ਵਿੱਚ ਪੰਜਾਬ ਦੇ ਨਸ਼ਾ ਮੁਕਤੀ ਕੇਂਦਰਾਂ ਦੀ ਆੜ ਵਿੱਚ ਕਥਿਤ ਨਸ਼ਾ ਮਾਫ਼ੀਆ ਦੇ ਸਰਗਰਮ ਹੋਣ ਦੇ ਦੋਸ਼ ਵੀ ਲਗਾਏ ਗਏ ਸਨ। ਇਸੇ ਸੰਦਰਭ ਵਿੱਚ ਮੁੱਖ ਮੰਤਰੀ ਦੇ ਓਐੱਸਡੀ ਰਾਜਬੀਰ ਘੁੰਮਣ ਸਮੇਤ ਹੋਰ ਅਧਿਕਾਰੀਆਂ ਦੀ ਭੂਮਿਕਾ ’ਤੇ ਵੀ ਸਵਾਲ ਚੁੱਕੇ ਗਏ ਸਨ।

ਨਿੱਜੀ ਗਰੁੱਪ ਅਤੇ ਨਸ਼ਾ ਮੁਕਤੀ ਕੇਂਦਰਾਂ ਨਾਲ ਸਬੰਧ ਹੋਣ ਤੋਂ ਇਨਕਾਰ

ਕਾਨੂੰਨੀ ਨੋਟਿਸ ਵਿੱਚ ਰਾਜਬੀਰ ਸਿੰਘ ਘੁੰਮਣ ਨੇ ਆਪਣਾ ਪੱਖ ਰੱਖਦਿਆਂ ਕਿਹਾ ਹੈ ਕਿ ਉਨ੍ਹਾਂ ਦਾ ਸੁਮਨ ਆਰਬਰ ਗਰੁੱਪ, ਕਿਸੇ ਨਿੱਜੀ ਨਸ਼ਾ ਮੁਕਤੀ ਕੇਂਦਰ ਜਾਂ ਗ਼ੈਰ-ਕਾਨੂੰਨੀ ਦਵਾਈਆਂ ਦੇ ਕਾਰੋਬਾਰ ਨਾਲ ਕੋਈ ਸਿੱਧਾ ਜਾਂ ਅਸਿੱਧਾ ਸਬੰਧ ਨਹੀਂ ਹੈ।

ਨੋਟਿਸ ਅਨੁਸਾਰ, ਘੁੰਮਣ ਦਾ ਦੋਸ਼ ਹੈ ਕਿ ਮਜੀਠੀਆ ਨੇ ਦਸਤਾਵੇਜ਼ੀ ਸਬੂਤ ਪੇਸ਼ ਕੀਤੇ ਬਿਨਾਂ ਉਨ੍ਹਾਂ ਨੂੰ ਗੰਭੀਰ ਮਾਮਲਿਆਂ ਨਾਲ ਜੋੜਿਆ, ਜਿਸ ਕਾਰਨ ਉਨ੍ਹਾਂ ਦੇ ਅਕਸ ਨੂੰ ਨੁਕਸਾਨ ਪਹੁੰਚਿਆ। ਘੁੰਮਣ ਦੇ ਪੱਖ ਮੁਤਾਬਕ, ਪੋਸਟ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਰਿਸ਼ਤੇਦਾਰਾਂ, ਦੋਸਤਾਂ ਅਤੇ ਜਾਣਕਾਰਾਂ ਦੇ ਫੋਨ ਵੀ ਆਏ।

ਨੋਟਿਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਮਜੀਠੀਆ ਨੇ ਆਪਣੀ ਪੋਸਟ ਨੂੰ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਦੋ ਦਰਜਨ ਤੋਂ ਵੱਧ ਰਾਸ਼ਟਰੀ ਅਤੇ ਸੂਬਾਈ ਮੀਡੀਆ ਅਦਾਰਿਆਂ, ਪੱਤਰਕਾਰਾਂ ਅਤੇ ਹੋਰ ਅਧਿਕਾਰਤ ਖਾਤਿਆਂ ਨੂੰ ਟੈਗ ਕੀਤਾ ਸੀ।

ਤਿੰਨ ਮੰਗਾਂ ਰੱਖ ਕੇ ਦਿੱਤਾ 24 ਘੰਟਿਆਂ ਦਾ ਸਮਾਂ

ਰਾਜਬੀਰ ਸਿੰਘ ਘੁੰਮਣ ਵੱਲੋਂ ਭੇਜੇ ਗਏ ਕਾਨੂੰਨੀ ਨੋਟਿਸ ਵਿੱਚ ਮਜੀਠੀਆ ਅੱਗੇ ਤਿੰਨ ਮੁੱਖ ਮੰਗਾਂ ਰੱਖੀਆਂ ਗਈਆਂ ਹਨ।

ਪਹਿਲੀ ਮੰਗ ਹੈ ਕਿ 24 ਘੰਟਿਆਂ ਦੇ ਅੰਦਰ ਵਿਵਾਦਿਤ ਪੋਸਟ ਅਤੇ ਇਸ ਨਾਲ ਸਬੰਧਤ ਸਮੱਗਰੀ ਹਟਾਈ ਜਾਵੇ। ਦੂਜੀ ਮੰਗ ਅਨੁਸਾਰ, ਮਜੀਠੀਆ ਆਪਣੇ ਤਸਦੀਕਸ਼ੁਦਾ ਐਕਸ ਖਾਤੇ ’ਤੇ ਜਨਤਕ ਤੌਰ ’ਤੇ ਬਿਨਾਂ ਸ਼ਰਤ ਮੁਆਫ਼ੀ ਮੰਗਣ ਅਤੇ ਪ੍ਰਮੁੱਖ ਮੀਡੀਆ ਅਦਾਰਿਆਂ ਰਾਹੀਂ ਵੀ ਮੁਆਫ਼ੀ ਜਾਰੀ ਕਰਨ। ਤੀਜੀ ਮੰਗ ਵਿੱਚ ਭਵਿੱਖ ਵਿੱਚ ਘੁੰਮਣ ਖ਼ਿਲਾਫ਼ ਅਜਿਹੇ ਦੋਸ਼ ਪ੍ਰਕਾਸ਼ਿਤ ਜਾਂ ਪ੍ਰਸਾਰਿਤ ਨਾ ਕਰਨ ਦਾ ਲਿਖਤੀ ਭਰੋਸਾ ਦੇਣ ਲਈ ਕਿਹਾ ਗਿਆ ਹੈ।

ਮੰਗਾਂ ਨਾ ਮੰਨਣ ’ਤੇ ਅਦਾਲਤੀ ਕਾਰਵਾਈ ਦੀ ਚਿਤਾਵਨੀ

ਨੋਟਿਸ ਵਿੱਚ ਭਾਰਤੀ ਨਿਆਂ ਸੰਹਿਤਾ, 2023 ਦੀ ਧਾਰਾ 356 ਤਹਿਤ ਮਾਣਹਾਨੀ ਅਤੇ ਧਾਰਾ 351 ਦੇ ਸਬੰਧਤ ਉਪਬੰਧਾਂ ਦਾ ਹਵਾਲਾ ਦਿੱਤਾ ਗਿਆ ਹੈ। ਘੁੰਮਣ ਦੇ ਪੱਖ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਮਜੀਠੀਆ ਨੋਟਿਸ ਵਿੱਚ ਦਰਜ ਮੰਗਾਂ ਦੀ ਪਾਲਣਾ ਨਹੀਂ ਕਰਦੇ ਤਾਂ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾ ਸਕਦੀ ਹੈ।

ਫਿਲਹਾਲ ਇਹ ਵਿਵਾਦ ਕਾਨੂੰਨੀ ਨੋਟਿਸ ਵਿੱਚ ਦਰਜ ਦਾਅਵਿਆਂ ਅਤੇ ਇਤਰਾਜ਼ਾਂ ਨਾਲ ਸਬੰਧਤ ਹੈ। ਨੋਟਿਸ ਵਿੱਚ ਲਗਾਏ ਗਏ ਦੋਸ਼ਾਂ ਬਾਰੇ ਅੰਤਿਮ ਕਾਨੂੰਨੀ ਸਥਿਤੀ ਅਗਲੀ ਕਾਰਵਾਈ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ।

-(ਪੰਜਾਬੀ ਜਾਗਰਣ)

ਨੋਟ– ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments