ਸਕੂਲ ਤੋਂ ਰਹੱਸਮਈ ਢੰਗ ਨਾਲ ਗਾਇਬ ਹੋਇਆ 14 ਸਾਲਾ ਵਿਦਿਆਰਥੀ, ਪਰਿਵਾਰ ਨੇ ਸਕੂਲ ਦੀ ਲਾਪਰਵਾਹੀ ‘ਤੇ ਚੁੱਕੇ ਸਵਾਲ
ਲਾਪਤਾ ਵਿਦਿਆਰਥੀ ਦੀ ਪਛਾਣ ਜਸਕਰਨ ਸਿੰਘ ਪੁੱਤਰ ਗੁਰਦੀਪ ਸਿੰਘ, ਵਾਸੀ ਵਾਰਡ ਨੰਬਰ 5, ਡੇਰਾ ਬਾਬਾ ਨਾਨਕ ਵਜੋਂ ਹੋਈ ਹੈ। ਇਸ ਘਟਨਾ ਤੋਂ ਬਾਅਦ ਪਰਿਵਾਰ ਚਿੰਤਾ ਵਿੱਚ ਹੈ ਅਤੇ ਇਲਾਕੇ ਵਿੱਚ ਵੀ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।

ਬਟਾਲਾ
ਡੇਰਾ ਬਾਬਾ ਨਾਨਕ ਦੇ ਇੱਕ ਸਕੂਲ ਤੋਂ ਦਸਵੀਂ ਜਮਾਤ ਵਿੱਚ ਪੜ੍ਹਦਾ 14 ਸਾਲਾ ਵਿਦਿਆਰਥੀ ਜਸਕਰਨ ਸਿੰਘ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋ ਗਿਆ ਹੈ। ਲਾਪਤਾ ਵਿਦਿਆਰਥੀ ਦੀ ਪਛਾਣ ਜਸਕਰਨ ਸਿੰਘ ਪੁੱਤਰ ਗੁਰਦੀਪ ਸਿੰਘ, ਵਾਸੀ ਵਾਰਡ ਨੰਬਰ 5, ਡੇਰਾ ਬਾਬਾ ਨਾਨਕ ਵਜੋਂ ਹੋਈ ਹੈ। ਇਸ ਘਟਨਾ ਤੋਂ ਬਾਅਦ ਪਰਿਵਾਰ ਚਿੰਤਾ ਵਿੱਚ ਹੈ ਅਤੇ ਇਲਾਕੇ ਵਿੱਚ ਵੀ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
ਜਸਕਰਨ ਦੀ ਦਾਦੀ ਅਮਰਜੀਤ ਕੌਰ, ਪਤਨੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਬੱਚਾ ਹਰ ਰੋਜ਼ ਦੀ ਤਰ੍ਹਾਂ ਸਕੂਲ ਗਿਆ ਸੀ, ਪਰ ਛੁੱਟੀ ਹੋਣ ਮਗਰੋਂ ਘਰ ਨਹੀਂ ਪਰਤਿਆ। ਜਦੋਂ ਦੁਪਹਿਰ ਕਰੀਬ ਢਾਈ ਵਜੇ ਤੱਕ ਉਹ ਘਰ ਨਾ ਪਹੁੰਚਿਆ ਤਾਂ ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਸਕੂਲ ਵਿੱਚ ਪੁੱਛਗਿੱਛ ਕਰਨ ‘ਤੇ ਕੁਝ ਵਿਦਿਆਰਥੀਆਂ ਨੇ ਦੱਸਿਆ ਕਿ ਇੱਕ ਅਣਪਛਾਤਾ ਵਿਅਕਤੀ ਜਸਕਰਨ ਨੂੰ ਇਹ ਕਹਿ ਕੇ ਬਾਹਰ ਲੈ ਗਿਆ ਕਿ ਉਸ ਦੇ ਪਿਤਾ ਉਸ ਨੂੰ ਲੈਣ ਆਏ ਹਨ। ਪਰਿਵਾਰ ਨੇ ਦੱਸਿਆ ਕਿ ਜਸਕਰਨ ਦੇ ਪਿਤਾ ਪਿਛਲੇ ਚਾਰ ਸਾਲਾਂ ਤੋਂ ਲਾਪਤਾ ਹਨ, ਜਿਸ ਕਾਰਨ ਉਨ੍ਹਾਂ ਨੂੰ ਸ਼ੱਕ ਹੈ ਕਿ ਕਿਸੇ ਨੇ ਝੂਠ ਬੋਲ ਕੇ ਬੱਚੇ ਨੂੰ ਆਪਣੇ ਨਾਲ ਲੈ ਗਿਆ।
ਬੱਚੇ ਦੇ ਮਾਮੇ ਨੇ ਸਕੂਲ ਪ੍ਰਬੰਧਕਾਂ ‘ਤੇ ਗੰਭੀਰ ਅਣਗਹਿਲੀ ਦੇ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਸਕੂਲ ਵਿੱਚ ਬੱਚਿਆਂ ਨੂੰ ਲੈਣ ਆਉਣ ਵਾਲੇ ਵਿਅਕਤੀਆਂ ਦੀ ਪਛਾਣ ਲਈ ਕੋਈ ਪੱਕਾ ਪ੍ਰਬੰਧ ਨਹੀਂ ਸੀ। ਇਸ ਤੋਂ ਇਲਾਵਾ ਉਨ੍ਹਾਂ ਦਾ ਦਾਅਵਾ ਹੈ ਕਿ ਘਟਨਾ ਵੇਲੇ ਸਕੂਲ ਦੇ ਸੀਸੀਟੀਵੀ ਕੈਮਰੇ ਵੀ ਬੰਦ ਸਨ, ਜਿਸ ਕਾਰਨ ਜਾਂਚ ਪ੍ਰਭਾਵਿਤ ਹੋ ਸਕਦੀ ਹੈ। ਉੱਧਰ ਸਕੂਲ ਦੀ ਅਧਿਆਪਕਾ ਮਨਦੀਪ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਘਟਨਾ ਦੀ ਜਾਣਕਾਰੀ ਬਾਅਦ ਵਿੱਚ ਮਿਲੀ ਅਤੇ ਉਹ ਇਸ ਬਾਰੇ ਵਧੇਰੇ ਜਾਣਕਾਰੀ ਨਹੀਂ ਦੇ ਸਕਦੇ।
ਇਸ ਮਾਮਲੇ ਬਾਰੇ ਏਐਸਆਈ ਸਰੀਫ ਮਸੀਹ ਨੇ ਦੱਸਿਆ ਕਿ ਅਮਰਜੀਤ ਕੌਰ ਦੇ ਬਿਆਨਾਂ ਦੇ ਆਧਾਰ ‘ਤੇ ਥਾਣਾ ਡੇਰਾ ਬਾਬਾ ਨਾਨਕ ਵਿੱਚ ਐੱਫ.ਆਈ.ਆਰ. ਨੰਬਰ 168 ਦਰਜ ਕਰ ਲਈ ਗਈ ਹੈ। ਸ਼ਿਕਾਇਤ ਅਨੁਸਾਰ ਕੋਈ ਅਣਪਛਾਤਾ ਵਿਅਕਤੀ ਜਸਕਰਨ ਸਿੰਘ ਨੂੰ ਸਕੂਲ ਤੋਂ ਆਪਣੇ ਨਾਲ ਲੈ ਗਿਆ, ਜਦਕਿ ਉਸ ਦਾ ਸਕੂਲ ਬੈਗ ਸਕੂਲ ਵਿੱਚ ਹੀ ਮਿਲਿਆ। ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਧਿਆਨ ਵਿੱਚ ਰੱਖਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ। ਵੱਖ-ਵੱਖ ਪੱਖਾਂ ਤੋਂ ਤਫ਼ਤੀਸ਼ ਜਾਰੀ ਹੈ ਅਤੇ ਵਿਦਿਆਰਥੀ ਦੀ ਭਾਲ ਲਈ ਟੀਮਾਂ ਸਰਗਰਮੀ ਨਾਲ ਕੰਮ ਕਰ ਰਹੀਆਂ ਹਨ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਦੀ ਪਛਾਣ ਹੁੰਦਿਆਂ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਬੱਚੇ ਨੂੰ ਜਲਦ ਤੋਂ ਜਲਦ ਸੁਰੱਖਿਅਤ ਲੱਭਣ ਦੀ ਕੋਸ਼ਿਸ਼ ਜਾਰੀ ਹੈ।
-(ਪੰਜਾਬੀ ਜਾਗਰਣ)
ਨੋਟ– ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


