ਸਰਕਾਰੀ ਦਫਤਰਾਂ ਦੇ ਨਵੇਂ ਸਮੇਂ ਦਾ ਪਹਿਲਾ ਦਿਨ, ਕਿਤੇ ਸਟਾਫ ਸਮੇਂ ’ਤੇ ਤਾਂ ਕਿਤੇ ਖਾਲੀ ਰਹੀਆਂ ਕੁਰਸੀਆਂ
ਸੇਵਾ ਕੇਂਦਰ ਵਿੱਚ ਲੋਕਾਂ ਦੇ ਕੰਮ ਸਮੇਂ ਸਿਰ ਨਿਬੜੇ, ਕੁਝ ਹੋਰ ਦਫਤਰਾਂ ਵਿੱਚ ਸਟਾਫ ਦੀ ਘਾਟ ਨਜ਼ਰ ਆਈ

ਫਰੀਦਕੋਟ
ਪੰਜਾਬ ਸਰਕਾਰ ਵੱਲੋਂ ਤੇਜ਼ ਗਰਮੀ ਅਤੇ ਹੀਟ ਵੇਵ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰੀ ਦਫਤਰਾਂ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਅੱਜ ਤੋਂ ਸਾਰੇ ਸਰਕਾਰੀ ਦਫਤਰਾਂ ਦਾ ਨਵਾਂ ਸਮਾਂ ਸਵੇਰੇ 7:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਕਰ ਦਿੱਤਾ ਗਿਆ ਹੈ। ਨਵੇਂ ਸਮੇਂ ਦੇ ਪਹਿਲੇ ਦਿਨ ਫਰੀਦਕੋਟ ਦੇ ਵੱਖ-ਵੱਖ ਸਰਕਾਰੀ ਦਫਤਰਾਂ ਦਾ ਜਾਇਜ਼ਾ ਲਿਆ ਗਿਆ, ਜਿੱਥੇ ਕਈ ਥਾਵਾਂ ’ਤੇ ਮੁਲਾਜ਼ਮ ਸਮੇਂ ਸਿਰ ਹਾਜ਼ਰ ਮਿਲੇ, ਜਦਕਿ ਕੁਝ ਦਫਤਰਾਂ ਵਿੱਚ ਕੁਰਸੀਆਂ ਖਾਲੀ ਨਜ਼ਰ ਆਈਆਂ।
ਕਈ ਮੁਲਾਜ਼ਮਾਂ ਵੱਲੋਂ ਚੋਣ ਡਿਊਟੀ ਦਾ ਹਵਾਲਾ ਦਿੱਤਾ ਗਿਆ, ਜਦਕਿ ਵਿਭਾਗੀ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਕਰਮਚਾਰੀ ਡਿਊਟੀ ਵਿੱਚ ਲਾਪਰਵਾਹੀ ਕਰਦਾ ਹੈ ਤਾਂ ਉਸ ਖ਼ਿਲਾਫ ਕਾਰਵਾਈ ਕੀਤੀ ਜਾਵੇਗੀ।
ਸਭ ਤੋਂ ਪਹਿਲਾਂ ਸੇਵਾ ਕੇਂਦਰ ਫਰੀਦਕੋਟ ਦਾ ਦੌਰਾ ਕੀਤਾ ਗਿਆ, ਜਿੱਥੇ ਲਗਭਗ ਸਾਰਾ ਸਟਾਫ ਸਮੇਂ ਸਿਰ ਮੌਜੂਦ ਸੀ ਅਤੇ ਲੋਕਾਂ ਦੇ ਕੰਮ ਆਮ ਤਰ੍ਹਾਂ ਚੱਲ ਰਹੇ ਸਨ। ਇੱਕ ਵਿਅਕਤੀ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਦੇ ਜਨਮ ਸਰਟੀਫਿਕੇਟ ਅਪਡੇਟ ਕਰਵਾਉਣ ਲਈ ਆਇਆ ਸੀ ਅਤੇ ਉਸਦਾ ਕੰਮ ਬਿਨਾਂ ਕਿਸੇ ਦੇਰੀ ਤੋਂ ਹੋ ਗਿਆ।
ਸੇਵਾ ਕੇਂਦਰ ਦੇ ਇੰਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਤੋਂ ਸੇਵਾ ਕੇਂਦਰ ਦਾ ਸਮਾਂ ਸਵੇਰੇ 7:30 ਤੋਂ ਦੁਪਹਿਰ 1:30 ਵਜੇ ਤੱਕ ਹੈ। ਉਨ੍ਹਾਂ ਕਿਹਾ ਕਿ ਪਹਿਲੇ ਦਿਨ ਭੀੜ ਘੱਟ ਰਹੀ, ਪਰ ਆਉਣ ਵਾਲੇ ਦਿਨਾਂ ਵਿੱਚ ਰਸ਼ ਵੱਧ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਨਵੇਂ ਸਮੇਂ ਅਨੁਸਾਰ ਆਪਣੇ ਕੰਮ ਕਰਵਾਉਣ ਲਈ ਆਉਣ ਦੀ ਅਪੀਲ ਕੀਤੀ।
ਇਸ ਤੋਂ ਬਾਅਦ ਪਟਵਾਰਖਾਨਾ (ਵਰਕ ਸਟੇਸ਼ਨ) ਦਾ ਦੌਰਾ ਕੀਤਾ ਗਿਆ, ਜਿੱਥੇ ਇੱਕ-ਦੋ ਪਟਵਾਰੀਆਂ ਤੋਂ ਇਲਾਵਾ ਹੋਰ ਕੋਈ ਵੀ ਆਪਣੇ ਸਥਾਨ ’ਤੇ ਹਾਜ਼ਰ ਨਹੀਂ ਸੀ। ਉੱਥੇ ਮੌਜੂਦ ਇੱਕ ਵਿਅਕਤੀ ਨੇ ਦੱਸਿਆ ਕਿ ਉਹ ਬਾਇਕ ਕਾਨੂੰਗੋ ਨੂੰ ਆਪਣੇ ਖੇਤ ਦੀ ਮਿਨਤੀ ਸਬੰਧੀ ਮਿਲਣ ਆਏ ਹਨ, ਪਰ ਸਵਾ ਅੱਠ ਵਜੇ ਤੱਕ ਵੀ ਅਧਿਕਾਰੀ ਨਹੀਂ ਪਹੁੰਚੇ ਸਨ।
ਨਾਇਬ ਤਹਿਸੀਲਦਾਰ ਫਰੀਦਕੋਟ ਹਰਸ਼ਵੀਰ ਗੋਇਲ ਨੇ ਕਿਹਾ ਕਿ ਗਰਮੀ ਦੇ ਮੱਦੇਨਜ਼ਰ ਸਰਕਾਰ ਵੱਲੋਂ ਦਫਤਰਾਂ ਦਾ ਸਮਾਂ ਬਦਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਸਟਾਫ ਦੀ ਡਿਊਟੀ ਚੋਣਾਂ ਵਿੱਚ ਲੱਗੀ ਹੋਣ ਕਾਰਨ ਕੁਝ ਕਰਮਚਾਰੀ ਦਫਤਰਾਂ ਵਿੱਚ ਹਾਜ਼ਰ ਨਹੀਂ ਸਨ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਮੁਲਾਜ਼ਮ ਲਾਪਰਵਾਹੀ ਕਰਦਾ ਜਾਂ ਦੇਰ ਨਾਲ ਆਉਂਦਾ ਪਾਇਆ ਗਿਆ ਤਾਂ ਉਸ ਖ਼ਿਲਾਫ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਨਾਲ ਹੀ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਵੇਂ ਦਫਤਰੀ ਸਮੇਂ ਮੁਤਾਬਕ ਹੀ ਆਪਣੇ ਕੰਮਾਂ ਲਈ ਦਫਤਰਾਂ ਵਿੱਚ ਆਉਣ।
-(ਪੰਜਾਬ ਡਾਇਰੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


