ਸੇਵਾ ਕੇਂਦਰ ‘ਚ ਵਿਧਾਇਕ ਦਾ ਅਚਨਚੇਤ ਦੌਰਾ, ਦਲਾਲੀ ਤੇ ਰਿਸ਼ਵਤਖੋਰੀ ਦੇ ਦੋਸ਼ਾਂ ‘ਤੇ ਲਗਾਈ ਫਟਕਾਰ
ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਦੇਖਦਿਆਂ ਵਿਧਾਇਕ ਭੋਲਾ ਗਰੇਵਾਲ ਖੁਦ ਸੇਵਾ ਕੇਂਦਰ ਪਹੁੰਚੇ ਅਤੇ ਹਾਲਾਤਾਂ ਦਾ ਜਾਇਜ਼ਾ ਲੈਂਦਿਆਂ ਅਚਾਨਕ ਜਾਂਚ ਕੀਤੀ।

ਲੁਧਿਆਣਾ
“ਤੁਹਾਡੀ ਬਾਹਰ ਬੈਠੇ ਦਲਾਲਾਂ ਨਾਲ ਮਿਲੀਭੁਗਤ ਹੈ… ਤੁਸੀਂ ਜਾਣਬੁੱਝ ਕੇ ਲੋਕਾਂ ਨੂੰ ਚੱਕਰ ਲਵਾਉਂਦੇ ਹੋ ਤਾਂ ਜੋ ਪੈਸੇ ਕਮਾਏ ਜਾ ਸਕਣ। ਇਹ ਗੈਰ-ਕਾਨੂੰਨੀ ਕੰਮ ਤੁਰੰਤ ਬੰਦ ਕਰੋ।” ਇਹ ਸਖ਼ਤ ਸ਼ਬਦ ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਨੇ ਉਸ ਸਮੇਂ ਕਹੇ, ਜਦੋਂ ਉਨ੍ਹਾਂ ਨੇ ਕਾਕੋਵਾਲ ਰੋਡ ਸਥਿਤ ਸੇਵਾ ਕੇਂਦਰ ਦਾ ਅਚਨਚੇਤ ਦੌਰਾ ਕਰਕੇ ਕਥਿਤ ਬੇਨਿਯਮੀਆਂ ਦਾ ਪਰਦਾਫਾਸ਼ ਕੀਤਾ।
ਦੱਸਿਆ ਜਾ ਰਿਹਾ ਹੈ ਕਿ ਕਾਫ਼ੀ ਸਮੇਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਕਾਕੋਵਾਲ ਰੋਡ ਸੇਵਾ ਕੇਂਦਰ ਦੇ ਕੁਝ ਮੁਲਾਜ਼ਮ ਲੋਕਾਂ ਨਾਲ ਮਾੜਾ ਵਿਵਹਾਰ ਕਰਦੇ ਹਨ ਅਤੇ ਕੰਮ ਕਰਨ ਦੇ ਬਦਲੇ ਕਥਿਤ ਤੌਰ ‘ਤੇ ਰਿਸ਼ਵਤ ਦੀ ਮੰਗ ਵੀ ਕਰਦੇ ਹਨ। ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਦੇਖਦਿਆਂ ਵਿਧਾਇਕ ਭੋਲਾ ਗਰੇਵਾਲ ਖੁਦ ਸੇਵਾ ਕੇਂਦਰ ਪਹੁੰਚੇ ਅਤੇ ਹਾਲਾਤਾਂ ਦਾ ਜਾਇਜ਼ਾ ਲੈਂਦਿਆਂ ਅਚਾਨਕ ਜਾਂਚ ਕੀਤੀ।
‘ਮੇਰੀਆਂ ਅੱਖਾਂ ਵਿੱਚ ਦੇਖ ਕੇ ਗੱਲ ਕਰ’
ਸੇਵਾ ਕੇਂਦਰ ਦੇ ਅੰਦਰ ਪਹੁੰਚਣ ਮਗਰੋਂ ਵਿਧਾਇਕ ਨੇ ਕਰਮਚਾਰੀਆਂ ਦੇ ਕੰਮ ਕਰਨ ਦੇ ਢੰਗ ‘ਤੇ ਸਵਾਲ ਚੁੱਕੇ। ਇੱਕ ਮਾਮਲੇ ਵਿੱਚ ਬੱਚੇ ਦਾ ਜਨਮ ਸਰਟੀਫਿਕੇਟ ਬਣਾਉਣ ਲਈ ਆਏ ਵਿਅਕਤੀ ਨੂੰ ਸੁਰੱਖਿਆ ਗਾਰਡ ਅਤੇ ਸਟਾਫ ਵੱਲੋਂ ਇਹ ਕਹਿ ਕੇ ਵਾਪਸ ਭੇਜਿਆ ਜਾ ਰਿਹਾ ਸੀ ਕਿ ਇਹ ਕੰਮ ਆਨਲਾਈਨ ਨਹੀਂ ਹੋ ਸਕਦਾ। ਜਦੋਂ ਵਿਧਾਇਕ ਨੇ ਪੁੱਛਗਿੱਛ ਕੀਤੀ ਤਾਂ ਕਰਮਚਾਰੀ ਸਪੱਸ਼ਟ ਜਵਾਬ ਦੇਣ ਦੀ ਬਜਾਏ ਗੱਲ ਟਾਲਣ ਲੱਗ ਪਏ, ਜਿਸ ‘ਤੇ ਭੋਲਾ ਗਰੇਵਾਲ ਨਾਰਾਜ਼ ਹੋ ਗਏ।
ਉਨ੍ਹਾਂ ਨੇ ਇੱਕ ਕਰਮਚਾਰੀ ਨੂੰ ਆਪਣੇ ਕੋਲ ਬੁਲਾਉਂਦਿਆਂ ਕਿਹਾ, “ਤੂੰ ਮੈਨੂੰ ਕੀ ਸਮਝਾ ਰਿਹਾ ਹੈਂ? ਇੱਥੇ ਆ, ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰ, ਸਾਹਮਣੇ ਖੜ੍ਹ ਕੇ ਜਵਾਬ ਦੇ।” ਵਿਧਾਇਕ ਨੇ ਦੋਸ਼ ਲਾਇਆ ਕਿ ਸਟਾਫ ਜਾਣਬੁੱਝ ਕੇ ਲੋਕਾਂ ਨੂੰ ਬਾਹਰ ਬੈਠੇ ਏਜੰਟਾਂ ਅਤੇ ਦਲਾਲਾਂ ਕੋਲ ਭੇਜਦਾ ਹੈ, ਜਿੱਥੇ ਪਹਿਲਾਂ ਤੋਂ ਹੀ ਮਿਲੀਭੁਗਤ ਰਾਹੀਂ ਲੋਕਾਂ ਤੋਂ ਪੈਸੇ ਵਸੂਲੇ ਜਾਂਦੇ ਹਨ।
ਤਿੰਨ ਦਿਨਾਂ ਤੋਂ ਧੱਕੇ ਖਾ ਰਹੀ ਸੀ ਔਰਤ
ਮੌਕੇ ‘ਤੇ ਮੌਜੂਦ ਕਈ ਲੋਕਾਂ ਨੇ ਵੀ ਆਪਣੀਆਂ ਸਮੱਸਿਆਵਾਂ ਵਿਧਾਇਕ ਸਾਹਮਣੇ ਰੱਖੀਆਂ। ਇੱਕ ਔਰਤ ਨੇ ਦੱਸਿਆ ਕਿ ਉਹ ਲਗਾਤਾਰ ਤਿੰਨ ਦਿਨਾਂ ਤੋਂ ਆਪਣੇ ਕੰਮ ਲਈ ਸੇਵਾ ਕੇਂਦਰ ਦੇ ਚੱਕਰ ਕੱਟ ਰਹੀ ਹੈ। ਉਸ ਨੇ ਕਿਹਾ, “ਅੱਜ ਮੇਰਾ ਤੀਜਾ ਦਿਨ ਹੈ। 60 ਟੋਕਨ ਜਾਰੀ ਕਰ ਦਿੱਤੇ ਗਏ। ਮੈਂ ਬੇਨਤੀ ਕੀਤੀ ਕਿ ਮੈਂ ਕਾਫ਼ੀ ਦੇਰ ਤੋਂ ਉਡੀਕ ਕਰ ਰਹੀ ਹਾਂ, ਮੈਨੂੰ ਵੀ ਟੋਕਨ ਦੇ ਦਿਓ, ਪਰ ਮੈਨੂੰ ਇਨਕਾਰ ਕਰ ਦਿੱਤਾ ਗਿਆ।”
ਇਸ ਦੌਰਾਨ ਵਿਧਾਇਕ ਨੇ ਸੇਵਾ ਕੇਂਦਰ ਦੀ ਕੰਧ ‘ਤੇ ਲੱਗੇ ਸਰਕਾਰੀ ਪੋਸਟਰ ਵੱਲ ਇਸ਼ਾਰਾ ਕਰਦਿਆਂ ਕਿਹਾ, “ਇੱਥੇ ਸਾਫ਼ ਲਿਖਿਆ ਹੈ ‘ਭਗਵੰਤ ਮਾਨ ਸਰਕਾਰ, ਤੁਹਾਡੇ ਦਰਬਾਰ’। ਸਰਕਾਰ ਲੋਕਾਂ ਤੱਕ ਸੇਵਾਵਾਂ ਪਹੁੰਚਾਉਣ ਦੀ ਗੱਲ ਕਰ ਰਹੀ ਹੈ, ਪਰ ਇੱਥੇ ਲੋਕਾਂ ਨੂੰ ਬਿਨਾਂ ਕਾਰਨ ਧੱਕੇ ਖਾਣ ਲਈ ਮਜਬੂਰ ਕੀਤਾ ਜਾ ਰਿਹਾ ਹੈ।” ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਅਜਿਹੀਆਂ ਸ਼ਿਕਾਇਤਾਂ ਜਾਰੀ ਰਹੀਆਂ ਤਾਂ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
-(ਟੀਵੀ 9 ਪੰਜਾਬੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


