3 ਸਾਲਾਂ ਦੇ ਇੰਤਜ਼ਾਰ ਮਗਰੋਂ ਦਿਲਜੀਤ ਦੀ ਫਿਲਮ ਰਿਲੀਜ਼, ‘ਪੰਜਾਬ 95’ ਦੀ ਥਾਂ ‘ਸਤਲੁਜ’ ਨਾਮ ਨਾਲ ਹੋਈ ਸਟ੍ਰੀਮ
ਇਹ ਫਿਲਮ ਹੁਣ ‘ਪੰਜਾਬ 95’ ਦੀ ਬਜਾਏ ‘ਸਤਲੁਜ’ ਨਾਮ ਨਾਲ OTT ਪਲੇਟਫਾਰਮ ZEE5 ‘ਤੇ ਰਿਲੀਜ਼ ਕੀਤੀ ਗਈ ਹੈ। ਫਿਲਮ ਦੀ ਰਿਲੀਜ਼ ਨਾਲ ਸੋਸ਼ਲ ਮੀਡੀਆ ‘ਤੇ ਵੀ ਚਰਚਾਵਾਂ ਤੇਜ਼ ਹੋ ਗਈਆਂ ਹਨ।

ਚੰਡੀਗੜ੍ਹ
ਦਿਲਜੀਤ ਦੋਸਾਂਝ ਦੀ ਕਾਫੀ ਸਮੇਂ ਤੋਂ ਚਰਚਾ ਵਿੱਚ ਰਹੀ ਫਿਲਮ ਆਖਿਰਕਾਰ ਦਰਸ਼ਕਾਂ ਤੱਕ ਪਹੁੰਚ ਗਈ ਹੈ। ਲਗਭਗ ਤਿੰਨ ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਇਹ ਫਿਲਮ ਹੁਣ ‘ਪੰਜਾਬ 95’ ਦੀ ਬਜਾਏ ‘ਸਤਲੁਜ’ ਨਾਮ ਨਾਲ OTT ਪਲੇਟਫਾਰਮ ZEE5 ‘ਤੇ ਰਿਲੀਜ਼ ਕੀਤੀ ਗਈ ਹੈ। ਫਿਲਮ ਦੀ ਰਿਲੀਜ਼ ਨਾਲ ਸੋਸ਼ਲ ਮੀਡੀਆ ‘ਤੇ ਵੀ ਚਰਚਾਵਾਂ ਤੇਜ਼ ਹੋ ਗਈਆਂ ਹਨ।
ਇਹ ਫਿਲਮ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਉਨ੍ਹਾਂ ਦੇ ਸੰਘਰਸ਼ ‘ਤੇ ਆਧਾਰਿਤ ਹੈ। ਫਿਲਮ ਦੀ ਰਿਲੀਜ਼ ਕਈ ਵਾਰ ਟਲਦੀ ਰਹੀ, ਜਿਸ ਕਾਰਨ ਇਸ ਦਾ ਦਰਸ਼ਕਾਂ ਨੂੰ ਲੰਬੇ ਸਮੇਂ ਤੋਂ ਇੰਤਜ਼ਾਰ ਸੀ।
ਨਾਮ ਬਦਲਣ ਪਿੱਛੇ ਕੀ ਸੀ ਕਾਰਨ?
ਫਿਲਮ ਨੂੰ ਜਦੋਂ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (CBFC) ਕੋਲ ਮਨਜ਼ੂਰੀ ਲਈ ਭੇਜਿਆ ਗਿਆ ਤਾਂ ਬੋਰਡ ਨੇ ਫਿਲਮ ਵਿੱਚ ਵੱਡੀ ਗਿਣਤੀ ਵਿੱਚ ਸੋਧਾਂ ਕਰਨ ਦੀ ਸਿਫਾਰਸ਼ ਕੀਤੀ। ਇਸ ਦੇ ਨਾਲ ਹੀ ਫਿਲਮ ਦੇ ਸਿਰਲੇਖ ‘ਤੇ ਵੀ ਇਤਰਾਜ਼ ਜਤਾਇਆ ਗਿਆ। ਇਸ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਵੀ ਦਖਲ ਦਿੱਤਾ, ਜਿਸ ਤੋਂ ਬਾਅਦ ਕੁਝ ਸੋਧਾਂ ਨੂੰ ਲੈ ਕੇ ਰਾਹਤ ਮਿਲੀ, ਪਰ ਫਿਲਮ ਦਾ ਨਾਮ ਬਦਲਣਾ ਲਾਜ਼ਮੀ ਹੋ ਗਿਆ। ਇਸੇ ਕਰਕੇ ‘ਪੰਜਾਬ 95’ ਨੂੰ ਬਦਲ ਕੇ ‘ਸਤਲੁਜ’ ਨਾਮ ਨਾਲ ਰਿਲੀਜ਼ ਕੀਤਾ ਗਿਆ।
ਖਾਸ ਗੱਲ ਇਹ ਹੈ ਕਿ ਫਿਲਮ ਦਾ ਟ੍ਰੇਲਰ ਸਾਲ 2022 ਵਿੱਚ ਯੂਟਿਊਬ ‘ਤੇ ਜਾਰੀ ਕੀਤਾ ਗਿਆ ਸੀ, ਪਰ ਕੁਝ ਹੀ ਸਮੇਂ ਬਾਅਦ ਇਸ ਨੂੰ ਹਟਾ ਦਿੱਤਾ ਗਿਆ ਸੀ।
ਸਿਤਾਰਿਆਂ ਨਾਲ ਭਰਪੂਰ ਹੈ ਫਿਲਮ
ਫਿਲਮ ਵਿੱਚ ਦਿਲਜੀਤ ਦੋਸਾਂਝ ਤੋਂ ਇਲਾਵਾ ਅਰਜੁਨ ਰਾਮਪਾਲ, ਗੀਤਿਕਾ ਵਿਦਿਆ ਓਹਲਿਆਨ, ਸੁਵਿੰਦਰ ਵਿੱਕੀ, ਕੰਵਰਜੀਤ ਸਿੰਘ ਅਤੇ ਵਰੁਣ ਬਡੋਲਾ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆ ਰਹੇ ਹਨ। ਇਸ ਦਾ ਨਿਰਦੇਸ਼ਨ ਹਨੀ ਤ੍ਰੇਹਾਨ ਨੇ ਕੀਤਾ ਹੈ। ਫਿਲਮ 3 ਜੁਲਾਈ ਤੋਂ ZEE5 ‘ਤੇ ਸਟ੍ਰੀਮ ਹੋ ਰਹੀ ਹੈ ਅਤੇ ਇਸ ਦੀ ਕਹਾਣੀ ਜਸਵੰਤ ਸਿੰਘ ਖਾਲੜਾ ਦੇ ਜੀਵਨ ਨਾਲ ਜੁੜੀਆਂ ਘਟਨਾਵਾਂ ਨੂੰ ਦਰਸਾਉਂਦੀ ਹੈ।
-(ਟੀਵੀ 9 ਪੰਜਾਬੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


