ਸਪੀਕਰ ਸੰਧਵਾਂ ਨੇ ਬਾਬਾ ਫ਼ਰੀਦ ਸੰਸਥਾਵਾਂ ਦੇ ਮੁੱਖ ਸੇਵਾਦਾਰ ਸ: ਇੰਦਰਜੀਤ ਸਿੰਘ ਸੇਖੋਂ ਨੂੰ ਜਨਮ ਦਿਨ ਦੀ ਦਿੱਤੀ ਵਧਾਈ
ਫਰੀਦਕੋਟ 11 ਮਈ (ਪੰਜਾਬ ਡਾਇਰੀ)- ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਪਰਿਵਰਤਨਾਂ ਨੂੰ ਲੰਮੇਰੇ ਸਮੇਂ ਤੋ ਨੀਂਝ ਨਾਲ ਦੇਖਣ ਵਾਲੀ ਅਜ਼ੀਮ, ਕਰਮਯੋਗੀ ਅਤੇ ਸਤਿਕਾਰਤ ਸ਼ਖਸੀਅਤ ਬਾਬਾ ਫ਼ਰੀਦ ਸੰਸਥਾਵਾਂ ਦੇ ਮੁੱਖ ਸੇਵਾਦਾਰ ਸ. ਇੰਦਰਜੀਤ ਸਿੰਘ ਸ਼ੇਖੋਂ ਨੂੰ ਮਿਲ ਕੇ 97ਵੇਂ ਜਨਮ ਦਿਨ ਲਈ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪ੍ਰਮਾਤਮਾ ਇਸ ਬੋਹੜ ਵਰਗੀ ਸ਼ਖਸੀਅਤ ਦਾ ਹੱਥ ਸਾਡੇ ਜਿਲ੍ਹੇ ਦੇ ਸਿਰ ਤੇ ਬਣਾਈ ਰੱਖਣ।
ਉਨ੍ਹਾਂ ਕਿਹਾ ਕਿ ਸ. ਇੰਦਰਜੀਤ ਸਿੰਘ ਖਾਲਸਾ ਦਾ ਧਾਰਮਿਕ ਅਤੇ ਸਮਾਜਿਕ ਸਹਿਯੋਗ ਬਹੁਤ ਰਿਹਾ ਹੈ। ਉਨ੍ਹਾਂ ਨੇ ਆਪਣੀ ਪੂਰੀ ਜਿੰਦਗੀ ਬਾਬਾ ਫਰੀਦ ਸੰਸਥਾਵਾਂ ਲਈ ਗੁਜਾਰੀ ਹੈ। ਉਹ ਬਹੁਤ ਹੀ ਧਾਰਮਿਕ ਸ਼ਖਸੀਅਤ ਦੇ ਮਾਲਕ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਫ਼ਰੀਦਕੋਟ ਜ਼ਿਲ੍ਹਾ ਸੱਭਿਆਚਾਰਕ ਸੁਸਾਇਟੀ ਵੱਲੋਂ ਧਾਰਮਿਕ ਅਤੇ ਸਮਾਜਿਕ ਖੇਤਰ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਬਾਬਾ ਫ਼ਰੀਦ ਸੰਸਥਾਵਾਂ ਦੇ ਮੁੱਖ ਸੇਵਾਦਾਰ ਸ: ਇੰਦਰਜੀਤ ਸਿੰਘ ਖ਼ਾਲਸਾ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ।
ਇਸ ਮੌਕੇ ਮਨਪ੍ਰੀਤ ਸਿੰਘ ਧਾਲੀਵਾਲ ਪੀ.ਆਰ.ਓ ਟੂ ਸਪੀਕਰ, ਡਾ.ਗੁਰਿੰਦਰ ਮੋਹਨ ਸਿੰਘ, ਸ਼ਿਵਜੀਤ ਸਿੰਘ, ਮਨਿੰਦਰ ਸਿੰਘ ਬਠਿੰਡਾ, ਗੁਰਜਾਪ ਸਿੰਘ ਸੇਖੋਂ ਵੀ ਮੌਜੂਦ ਸਨ।