*ਮੀਡੀਏ ਨੂੰ ਵਿਕਾਊ ਕਹਿਣ ’ਤੇ ਸੁਖਪਾਲ ਖਹਿਰਾ ਦਾ ਪੱਤਰਕਾਰਾਂ ਨੇ ਫੂਕਿਆ ਪੁਤਲਾ
ਕੋਟਕਪੂਰਾ, 21 ਜੂਨ ( ) :- ਪੰਜਾਬ-ਚੰਡੀਗੜ ਜਰਨਲਿਸਟ ਯੂਨੀਅਨ ਬਲਾਕ ਕੋਟਕਪੂਰਾ ਦੀ ਅਗਵਾਈ ਵਿੱਚ ਵੱਖ ਵੱਖ ਟੀਵੀ ਚੈਨਲਾਂ, ਪਿ੍ਰੰਟ ਅਤੇ ਸ਼ੋਸ਼ਲ ਮੀਡੀਏ ਨਾਲ ਜੁੜੇ ਪੱਤਰਕਾਰਾਂ ਨੇ ਸਥਾਨਕ ਬੱਤੀਆਂ ਵਾਲਾ ਚੌਂਕ ’ਚ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਦਾ ਪੁਤਲਾ ਫੂਕਦਿਆਂ ਸੁਖਪਾਲ ਖਹਿਰਾ ਮੁਰਦਾਬਾਦ ਅਤੇ ਸਾਡਾ ਏਕਾ ਜਿੰਦਾਬਾਦ ਦੀ ਨਾਹਰੇਬਾਜੀ ਵੀ ਕੀਤੀ। ਆਪਣੇ ਸੰਬੋਧਨ ਦੌਰਾਨ ਯੂਨੀਅਨ ਦੇ ਪ੍ਰਧਾਨ ਹਰਪ੍ਰੀਤ ਸਿੰਘ ਚਾਨਾ, ਚੇਅਰਮੈਨ ਗੁਰਿੰਦਰ ਸਿੰਘ ਮਹਿੰਦੀਰੱਤਾ, ਸਰਪ੍ਰਸਤ ਨਰਿੰਦਰ ਬੈੜ ਅਤੇ ਜਨਰਲ ਸਕੱਤਰ ਮੋਹਰ ਸਿੰਘ ਗਿੱਲ ਨੇ ਆਖਿਆ ਕਿ ਸੁਖਪਾਲ ਖਹਿਰਾ ਨੂੰ ਸੀਨੀਅਰ ਪੱਤਰਕਾਰ ਨਪਿੰਦਰ ਸਿੰਘ ਬਰਾੜ ਖਿਲਾਫ ਭੱਦੀ ਟਿੱਪਣੀ ਕਰਨ ਅਤੇ ਉਕਤ ਬਹਿਸ ਦੀ ਆੜ ’ਚ ਸਮੁੱਚੇ ਮੀਡੀਏ ਨੂੰ ਵਿਕਾਊ ਮੀਡੀਆ ਕਹਿਣ ਦਾ ਕੋਈ ਅਧਿਕਾਰ ਨਹੀਂ, ਕਿਉਂਕਿ ਵਾਰ ਵਾਰ ਪਾਰਟੀਆਂ ਬਦਲ ਕੇ ਆਪਣੀ ਹਾਲਤ ਹਾਸੋਹੀਣੀ ਬਣਾਉਣ ਵਾਲੇ ਸੁਖਪਾਲ ਖਹਿਰਾ ਨੂੰ ਪਹਿਲਾਂ ਆਪਣੀ ਸਥਿੱਤੀ ਸਪੱਸ਼ਟ ਕਰਨੀ ਚਾਹੀਦੀ ਹੈ ਕਿ ਉਸ ਨੇ ਅਕਾਲੀ-ਭਾਜਪਾ ਗਠਜੋੜ ਤੋਂ ਬਾਅਦ ਕਾਂਗਰਸ ਅਤੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਤੋਂ ਬਾਅਦ ਆਪਣੀ ਪਾਰਟੀ ਬਣਾਈ ਅਤੇ ਫਿਰ ਕਾਂਗਰਸ ’ਚ ਸ਼ਾਮਲ ਹੋਣ ’ਚ ਦੇਰ ਨਾ ਲਾਈ, ਕਈ ਬਣੇ ਨਵੇਂ ਵਿਧਾਇਕਾਂ ਅਰਥਾਤ ਅਨਾੜੀ ਸਿਆਸਤਦਾਨਾ ਦੀ ਹਾਲਤ ਤਰਸਯੋਗ ਬਣਾ ਦਿੱਤੀ, ਅੱਜ ਨਿੰਦਣ ਵਾਲਿਆਂ ਦੀ ਅਗਲੇ ਦਿਨ ਪ੍ਰਸੰਸਾ ਅਤੇ ਸ਼ਲਾਘਾ ਕਰਨ ਵਾਲਿਆਂ ਦੀ ਅਗਲੇ ਦਿਨ ਨੁਕਤਾਚੀਨੀ ਕਰਨ ਵਾਲੀਆਂ ਸੁਖਪਾਲ ਖਹਿਰਾ ਦੇ ਅਨੇਕਾਂ ਵੀਡੀਉ ਕਲਿੱਪ ਅੱਜ ਵੀ ਸ਼ੋਸ਼ਲ ਮੀਡੀਏ ’ਤੇ ਮੌਜੂਦ ਹਨ। ਪੰਜਾਬ-ਚੰਡੀਗੜ ਜਰਨਲਿਸਟ ਯੂਨੀਅਨ ਦੇ ਰਾਸ਼ਟਰੀ ਪ੍ਰਧਾਨ ਬਲਵੀਰ ਸਿੰਘ ਜੰਡੂ ਅਤੇ ਚੇਅਰਮੈਨ ਬਲਵਿੰਦਰ ਸਿੰਘ ਜੰਮੂ ਨੇ ਵੀ ਸੁਖਪਾਲ ਖਹਿਰਾ ਨੂੰ ਮੀਡੀਏ ’ਤੇ ਉਂਗਲ ਚੁੱਕਣ ਤੋਂ ਪਹਿਲਾਂ ਆਪਣੀ ਪੀੜੀ ਹੇਠਾਂ ਸੋਟਾ ਮਾਰਨ ਦੀ ਨਸੀਅਤ ਦਿੱਤੀ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਮੇਘਰਾਜ ਸ਼ਰਮਾ, ਡਾ. ਸੁਰਿੰਦਰ ਦਿਵੇਦੀ, ਜਸਵਿੰਦਰ ਜੈਤੋ, ਤਰਸੇਮ ਬਿੱਟਾ, ਚਮਨ ਗਰਗ ਰਿੰਕੀ, ਮਲਕੀਤ ਸਿੰਘ, ਕੇ.ਸੀ. ਸੰਜੇ, ਬਲਜਿੰਦਰ ਸਿੰਘ ਬੱਲੀ, ਚੰਦਰ ਗਰਗ, ਰਾਜੇਸ਼ ਗੁਲਜਾਰ ਆਦਿ ਸਮੇਤ ਹੋਰ ਵੀ ਅਨੇਕਾਂ ਇਨਸਾਫ ਪਸੰਦ ਸ਼ਖਸ਼ੀਅਤਾਂ ਹਾਜਰ ਸਨ।