ਬਾਘਾਪੁਰਾਣਾ ਬਲਾਕ ਕਮੇਟੀ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਚੁਣੇ ਗਏ ਹਨ
ਬਾਘਾਪੁਰਾਣਾ ਬਲਾਕ ਕਮੇਟੀ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਪੂਰੀ ਹੋ ਗਈ ਹੈ।

ਮੋਗਾ- ਬਾਘਾਪੁਰਾਣਾ ਬਲਾਕ ਸੰਮਤੀ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ ਮੁਕੰਮਲ ਹੋ ਗਈ ਹੈ। ਇਹ ਚੋਣ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਕਰਵਾਈ ਗਈ। ਆਮ ਆਦਮੀ ਪਾਰਟੀ ਦੀ ਸਰਬਜੀਤ ਕੌਰ ਚੇਅਰਪਰਸਨ ਅਤੇ ਕਾਂਗਰਸ ਦੀ ਚਰਨਜੀਤ ਕੌਰ ਉਪ ਚੇਅਰਪਰਸਨ ਬਣ ਗਈ ਹੈ।
ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ ਮੁਤਾਬਕ ਮੋਗਾ ਜ਼ਿਲ੍ਹੇ ਦੇ ਬਲਾਕ ਸੰਮਤੀ ਬਾਘਾਪੁਰਾਣਾ ਵਿੱਚ ਅੱਜ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਚੋਣ ਹਾਈਕੋਰਟ ਦੇ ਨਿਗਰਾਨ ਅਧਿਕਾਰੀ ਦੀ ਦੇਖਰੇਖ ਹੇਠ ਸ਼ਾਂਤੀਪੂਰਨ ਢੰਗ ਨਾਲ ਕਰਵਾਈ ਗਈ। ਡਿਪਟੀ ਕਮਿਸ਼ਨਰ ਸਾਗਰ ਸੇਤੀਆ, ਜਿਨ੍ਹਾਂ ਨੂੰ ਹਾਈਕੋਰਟ ਵੱਲੋਂ ਇਸ ਚੋਣ ਪ੍ਰਕਿਰਿਆ ਦੀ ਦੇਖਭਾਲ ਲਈ ਅਧਿਕਾਰਤ ਕੀਤਾ ਗਿਆ ਸੀ, ਨੇ ਦੱਸਿਆ ਕਿ ਪੂਰੀ ਪ੍ਰਕਿਰਿਆ ਪਾਰਦਰਸ਼ੀ ਅਤੇ ਸੁਚੱਜੇ ਤਰੀਕੇ ਨਾਲ ਪੂਰੀ ਹੋਈ।
ਉਨ੍ਹਾਂ ਇਹ ਵੀ ਦੱਸਿਆ ਕਿ ਅਦਾਲਤ ਦੇ ਹੁਕਮਾਂ ਅਨੁਸਾਰ ਸਾਰੀ ਚੋਣ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕੀਤੀ ਗਈ। ਸ਼ਾਂਤੀਪੂਰਨ ਚੋਣ ਮੁਕੰਮਲ ਹੋਣ ‘ਤੇ ਉਨ੍ਹਾਂ ਬਲਾਕ ਸੰਮਤੀ ਬਾਘਾਪੁਰਾਣਾ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਚੋਣ ਵਿੱਚ ਹਲਕਾ ਬਾਘਾਪੁਰਾਣਾ ਤੋਂ ਆਮ ਆਦਮੀ ਪਾਰਟੀ ਦੀ ਸਰਬਜੀਤ ਕੌਰ ਨੂੰ ਚੇਅਰਪਰਸਨ ਅਤੇ ਕਾਂਗਰਸ ਦੀ ਚਰਨਜੀਤ ਕੌਰ ਨੂੰ ਵਾਈਸ ਚੇਅਰਪਰਸਨ ਚੁਣਿਆ ਗਿਆ। ਅਕਾਲੀ ਦਲ ਨੂੰ 12 ਵੋਟਾਂ ਪਈਆਂ, ਜਦਕਿ ਆਮ ਆਦਮੀ ਪਾਰਟੀ ਨੂੰ 14 ਵੋਟਾਂ ਪਈਆਂ। ਦੱਸ ਦਈਏ ਕਿ ਅਕਾਲੀ ਦਲ ਦੇ ਕੁਲ 13 ਮੈਂਬਰ ਬਲਾਕ ਸੰਮਤੀ ਜਿੱਤੇ ਸੀ ਜਦਕਿ ਆਮ ਆਦਮੀ ਪਾਰਟੀ ਦੇ 8,ਕਾਂਗਰਸ 3 ਅਤੇ 1 ਆਜ਼ਾਦ ਸੀ।
ਕਾਬਿਲੇਗੌਰ ਹੈ ਕਿ ਚੋਣਾਂ 17 ਮਾਰਚ ਨੂੰ ਵੀ ਹੋਈਆਂ ਸਨ, ਪਰ ਕੁਝ ਵਿਵਾਦਾਂ ਕਾਰਨ ਅੱਜ ਦੁਬਾਰਾ ਵੋਟਿੰਗ ਹੋ ਰਹੀ ਹੈ। ਇਸ ਚੋਣ ਵਿੱਚ ਕੁੱਲ 26 ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ 13, ਕਾਂਗਰਸ ਪਾਰਟੀ ਦੇ 3, ਆਮ ਆਦਮੀ ਪਾਰਟੀ ਦੇ 8 ਅਤੇ ਇੱਕ ਮੌਜੂਦਾ ਵਿਧਾਇਕ ਸ਼ਾਮਲ ਹਨ।
-(ਜੀ ਨਿਊਜ ਪੰਜਾਬੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


