ਹਿਮਾਚਲ ਸਰਕਾਰ ਨੇ ਲੋਕਾਂ ਦੇ ਗੁੱਸੇ ਅੱਗੇ ਝੁਕ ਕੇ ਐਂਟਰੀ ਟੈਕਸ ਵਧਾਉਣ ਦਾ ਆਪਣਾ ਫੈਸਲਾ ਲਿਆ ਵਾਪਸ
ਇਸ ਨਵੇਂ ਸਰਕਾਰੀ ਫੈਸਲੇ ਨਾਲ ਪੰਜਾਬ ਅਤੇ ਦੇਸ਼ ਭਰ ਦੇ ਹੋਰ ਰਾਜਾਂ ਦੇ ਲੋਕਾਂ ਨੂੰ ਕਾਫ਼ੀ ਰਾਹਤ ਮਿਲੀ ਹੈ। ਹਰ ਸਾਲ ਵੱਡੀ ਗਿਣਤੀ ਵਿੱਚ ਸੈਲਾਨੀ ਹਿਮਾਚਲ ਪ੍ਰਦੇਸ਼ ਆਉਂਦੇ ਹਨ, ਅਤੇ ਬਹੁਤ ਸਾਰੇ ਧਾਰਮਿਕ ਸਥਾਨਾਂ ‘ਤੇ ਮੱਥਾ ਟੇਕਣ ਲਈ ਵੀ ਆਉਂਦੇ ਹਨ।

ਚੰਡੀਗੜ੍ਹ- ਹਿਮਾਚਲ ਪ੍ਰਦੇਸ਼ ਵਿੱਚ ਐਂਟਰੀ ਟੈਕਸ ਦੇ ਵਧਾਏ ਹੋਏ ਰੇਟ ਲਾਗੂ ਕਰਨ ਦੇ ਫੈਸਲੇ ‘ਤੇ ਵੱਡਾ ਯੂ-ਟਰਨ ਲੈਂਦੇ ਹੋਏ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਵੱਲੋਂ ਇਹ ਵਾਧਾ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਫੈਸਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਅੱਜ ਰਾਤ 12 ਵਜੇ ਤੋਂ ਨਵੇਂ ਰੇਟ ਲਾਗੂ ਹੋਣ ਵਾਲੇ ਸਨ ਅਤੇ ਬਾਰਡਰਾਂ ‘ਤੇ ਵਿਰੋਧ ਦੀ ਤਿਆਰੀ ਜ਼ੋਰਾਂ ‘ਤੇ ਸੀ। TV & Video
ਸਰਕਾਰ ਦੇ ਇਸ ਤਾਜ਼ਾ ਫੈਸਲੇ ਨਾਲ ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਹਰ ਸਾਲ ਵੱਡੀ ਗਿਣਤੀ ਵਿੱਚ ਸੈਲਾਨੀ ਹਿਮਾਚਲ ਪ੍ਰਦੇਸ਼ ਦਾ ਰੁਖ ਕਰਦੇ ਹਨ, ਜਦਕਿ ਕਈ ਲੋਕ ਧਾਰਮਿਕ ਸਥਾਨਾਂ ‘ਤੇ ਮੱਥਾ ਟੇਕਣ ਲਈ ਵੀ ਇੱਥੇ ਆਉਂਦੇ ਹਨ। ਐਂਟਰੀ ਟੈਕਸ ਵਾਧੇ ਨਾਲ ਇਹ ਯਾਤਰਾ ਮਹਿੰਗੀ ਹੋਣ ਦੀ ਸੰਭਾਵਨਾ ਸੀ, ਜਿਸ ਕਰਕੇ ਲੋਕਾਂ ਵਿੱਚ ਨਾਰਾਜ਼ਗੀ ਵਧ ਰਹੀ ਸੀ।
ਦੂਜੇ ਪਾਸੇ, ਪੰਜਾਬ ਅਤੇ ਹਰਿਆਣਾ ਨਾਲ ਲੱਗਦੇ ਬਾਰਡਰਾਂ ‘ਤੇ ਬਣੇ ਐਂਟਰੀ ਪਲਾਜ਼ਿਆਂ ‘ਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਵਿਰੋਧ ਅਤੇ ਧਰਨਿਆਂ ਦੀ ਤਿਆਰੀ ਕੀਤੀ ਜਾ ਰਹੀ ਸੀ। ਖ਼ਾਸ ਕਰਕੇ ਕੀਰਤਪੁਰ ਸਾਹਿਬ, ਕੁੱਲੂ ਮਨਾਲੀ ਰੋਡ ‘ਤੇ ਹਿਮਾਚਲ ਦੇ ਬਾਰਡਰ ‘ਤੇ ਲੱਗੇ ਐਂਟਰੀ ਟੈਕਸ ਬੈਰੀਅਰ ‘ਤੇ ਹਾਲਾਤ ਤਣਾਅਪੂਰਨ ਬਣੇ ਹੋਏ ਸਨ, ਜਿੱਥੇ ਟਰਾਂਸਪੋਰਟ ਯੂਨੀਅਨਾਂ ਅਤੇ ਸਥਾਨਕ ਸੰਗਠਨਾਂ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਸੀ।
ਇਸ ਮੌਕੇ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਕਿਹਾ ਕਿ ਉਹਨਾਂ ਦੀ ਮੁੱਖ ਮੰਗ ਹੈ ਕਿ ਇਹ ਸਾਰੇ ਐਂਟਰੀ ਪਲਾਜੇ ਪੂਰਨ ਤੌਰ ‘ਤੇ ਬੰਦ ਕੀਤੇ ਜਾਣ। ਉਨ੍ਹਾਂ ਦਾ ਇਲਜ਼ਾਮ ਹੈ ਕਿ ਇਹ ਪਲਾਜੇ ਸਰਕਾਰ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਲਗਾਏ ਗਏ ਹਨ ਅਤੇ ਇਹ ਆਮ ਲੋਕਾਂ ‘ਤੇ ਬੇਵਜ੍ਹਾ ਆਰਥਿਕ ਬੋਝ ਪਾ ਰਹੇ ਹਨ।
ਮੌਕੇ ‘ਤੇ ਹਾਲਾਤਾਂ ਦੇ ਅਧਾਰ ‘ਤੇ ਇਹ ਸਪੱਸ਼ਟ ਹੈ ਕਿ ਲੋਕਾਂ ਦੇ ਤਿੱਖੇ ਵਿਰੋਧ ਦੇ ਮੱਦੇਨਜ਼ਰ ਹੀ ਸਰਕਾਰ ਨੂੰ ਆਪਣਾ ਫੈਸਲਾ ਵਾਪਸ ਲੈਣਾ ਪਿਆ ਹੈ, ਜਿਸ ਨਾਲ ਵੱਡੇ ਪੱਧਰ ‘ਤੇ ਰਾਹਤ ਮਿਲੀ ਹੈ।
-(ਪੀਟੀਸੀ ਨਿਊਜ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


