ਸਕੂਲ ‘ਚ ਖੌਫਨਾਕ ਵਾਰਦਾਤ: ਅਧਿਆਪਕਾ ‘ਤੇ ਤੇਜ਼ਾਬੀ ਹਮਲਾ, 2 ਬੱਚੇ ਵੀ ਝੁਲਸੇ
ਇਸ ਹਮਲੇ ਦੌਰਾਨ ਅਧਿਆਪਕਾ ਦੇ ਨੇੜੇ ਬੈਠੇ ਦੋ ਮਾਸੂਮ ਬੱਚੇ ਵੀ ਇਸ ਦੀ ਚਪੇਟ ਵਿੱਚ ਆ ਕੇ ਝੁਲਸ ਗਏ।

ਗੁਰਦਾਸਪੁਰ – ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਮਹਿਮਦਪੁਰ ਵਿੱਚ ਇੱਕ ਦਿਲ ਦਹਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪੜ੍ਹਾ ਰਹੀ ਅਧਿਆਪਕਾ ‘ਤੇ ਇੱਕ ਨੌਜਵਾਨ ਵੱਲੋਂ ਤੇਜ਼ਾਬ ਸੁੱਟਿਆ ਗਿਆ। ਇਸ ਹਮਲੇ ਦੌਰਾਨ ਅਧਿਆਪਕਾ ਦੇ ਨੇੜੇ ਬੈਠੇ ਦੋ ਮਾਸੂਮ ਬੱਚੇ ਵੀ ਇਸ ਦੀ ਚਪੇਟ ਵਿੱਚ ਆ ਕੇ ਝੁਲਸ ਗਏ।
ਜ਼ਖਮੀ ਅਧਿਆਪਕਾ ਅਤੇ ਇੱਕ ਬੱਚੀ ਨੂੰ ਤੁਰੰਤ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਇਸ ਵੇਲੇ ਸਥਿਰ ਦੱਸੀ ਜਾ ਰਹੀ ਹੈ। ਹਮਲੇ ਤੋਂ ਬਾਅਦ ਦੋਸ਼ੀ ਨੌਜਵਾਨ ਮੌਕੇ ਤੋਂ ਭੱਜ ਕੇ ਖੇਤਾਂ ਵੱਲ ਚਲਾ ਗਿਆ ਸੀ, ਪਰ ਸਥਾਨਕ ਲੋਕਾਂ ਨੇ ਫੁਰਤੀ ਨਾਲ ਉਸਨੂੰ ਕਾਬੂ ਕਰ ਲਿਆ। ਜਾਣਕਾਰੀ ਮੁਤਾਬਕ, ਮੁਲਜ਼ਮ ਪੀੜਤ ਅਧਿਆਪਕਾ ਦਾ ਰਿਸ਼ਤੇਦਾਰ (ਭਾਣਜਾ) ਹੈ।
ਮਿਲੀ ਜਾਣਕਾਰੀ ਅਨੁਸਾਰ, ਸਵੇਰੇ ਕਰੀਬ 10:30 ਵਜੇ ਅਧਿਆਪਕਾ ਲਖਵਿੰਦਰ ਕੌਰ ਕਲਾਸ ਵਿੱਚ ਵਿਦਿਆਰਥੀਆਂ ਨੂੰ ਪੜ੍ਹਾ ਰਹੀ ਸੀ, ਜਦੋਂ ਇੱਕ ਨੌਜਵਾਨ ਅਚਾਨਕ ਕਲਾਸ ਵਿੱਚ ਦਾਖਲ ਹੋਇਆ ਅਤੇ ਬੋਤਲ ਵਿੱਚੋਂ ਤੇਜ਼ਾਬ ਕੱਢ ਕੇ ਉਨ੍ਹਾਂ ਦੇ ਚਿਹਰੇ ‘ਤੇ ਸੁੱਟ ਦਿੱਤਾ। ਇਸ ਦੌਰਾਨ ਕਲਾਸ ਵਿੱਚ ਮੌਜੂਦ ਦੋ ਵਿਦਿਆਰਥੀ—ਪ੍ਰਭਜੋਤ ਕੌਰ ਅਤੇ ਅਜੀਤ ਸਿੰਘ—ਵੀ ਜ਼ਖਮੀ ਹੋ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਹਰਗੋਬਿੰਦਪੁਰ ਦੇ ਡੀਐਸਪੀ ਹਰੀਸ਼ ਬਹਿਲ ਨੇ ਦੱਸਿਆ ਕਿ ਥਾਣਾ ਘੁਮਾਣ ਦੀ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁੱਢਲੀ ਜਾਂਚ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਪੀੜਤ ਅਧਿਆਪਕਾ ਦਾ ਭਾਣਜਾ ਹੈ। ਪੁਲਿਸ ਵੱਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
-(ਪੀਟੀਸੀ ਨਿਊਜ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


