ਬੰਗਾਲ ‘ਚ ਵੱਡੀ ਸਿਆਸੀ ਉਥਲ-ਪੁਥਲ: ਮਮਤਾ ਬੈਨਰਜੀ ਨੇ ਅਸਤੀਫ਼ਾ ਦੇਣ ਤੋਂ ਕੀਤਾ ਇਨਕਾਰ, ਨਤੀਜਿਆਂ ‘ਤੇ ਉਠਾਏ ਸਵਾਲ
ਬੈਨਰਜੀ ਨੇ ਦੋਸ਼ ਲਗਾਇਆ ਕਿ ਚੋਣਾਂ ਦੌਰਾਨ ਟੀਐੱਮਸੀ ਦਾ ਮੁਕਾਬਲਾ ਭਾਜਪਾ ਨਾਲ ਨਹੀਂ, ਬਲਕਿ ਚੋਣ ਕਮਿਸ਼ਨ ਨਾਲ ਸੀ, ਜਿਸ ਨੇ ‘ਭਾਜਪਾ ਦੇ ਹੱਕ ਵਿੱਚ ਕੰਮ ਕੀਤਾ’।

ਕੋਲਕਾਤਾ– ਪੱਛਮੀ ਬੰਗਾਲ ਦੀ ਮੌਜੂਦਾ ਮੁੱਖ ਮੰਤਰੀ ਅਤੇ ਟੀਐੱਮਸੀ ਮੁਖੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਪਾਰਟੀ ਦੀ ਹਾਰ ਤੋਂ ਬਾਅਦ ਅਸਤੀਫ਼ਾ ਦੇਣ ਤੋਂ ਸਪੱਸ਼ਟ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਨਤੀਜੇ ਲੋਕਾਂ ਦੇ ਅਸਲੀ ਜਨਾਦੇਸ਼ ਨੂੰ ਨਹੀਂ ਦਰਸਾਉਂਦੇ, ਸਗੋਂ ਇਕ ਸੋਚੀ-ਸਮਝੀ ਸਾਜ਼ਿਸ਼ ਦਾ ਨਤੀਜਾ ਹਨ। ਬੈਨਰਜੀ ਨੇ ਦੋਸ਼ ਲਗਾਇਆ ਕਿ ਚੋਣਾਂ ਦੌਰਾਨ ਟੀਐੱਮਸੀ ਦਾ ਮੁਕਾਬਲਾ ਭਾਜਪਾ ਨਾਲ ਨਹੀਂ, ਬਲਕਿ ਚੋਣ ਕਮਿਸ਼ਨ ਨਾਲ ਸੀ, ਜਿਸ ਨੇ ‘ਭਾਜਪਾ ਦੇ ਹੱਕ ਵਿੱਚ ਕੰਮ ਕੀਤਾ’। ਉਨ੍ਹਾਂ ਕਿਹਾ, “ਮੇਰੇ ਅਸਤੀਫ਼ੇ ਦਾ ਕੋਈ ਸਵਾਲ ਨਹੀਂ ਬਣਦਾ, ਕਿਉਂਕਿ ਅਸੀਂ ਲੋਕਾਂ ਦੇ ਫ਼ੈਸਲੇ ਨਾਲ ਨਹੀਂ, ਸਾਜ਼ਿਸ਼ ਦੇ ਕਾਰਨ ਹਾਰੇ ਹਾਂ… ਮੈਂ ਹਾਰੀ ਨਹੀਂ ਹਾਂ ਅਤੇ ਮੈਂ ਲੋਕ ਭਵਨ ਨਹੀਂ ਜਾਵਾਂਗੀ। ਉਹ ਸੰਵਿਧਾਨਕ ਪ੍ਰਕਿਰਿਆ ਅਨੁਸਾਰ ਜੋ ਕਰਨਾ ਚਾਹੁਣ, ਕਰ ਸਕਦੇ ਹਨ।”
ਬੈਨਰਜੀ ਨੇ ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ‘ਤੇ ਵੀ ਗੰਭੀਰ ਸਵਾਲ ਖੜੇ ਕੀਤੇ। ਉਨ੍ਹਾਂ ਦਾਅਵਾ ਕੀਤਾ ਕਿ ਲਗਭਗ 100 ਸੀਟਾਂ ‘ਤੇ ਜਨਾਦੇਸ਼ ਨੂੰ ‘ਲੁੱਟਿਆ ਗਿਆ’ ਅਤੇ ਪਾਰਟੀ ਨੂੰ ਕਮਜ਼ੋਰ ਕਰਨ ਲਈ ਗਿਣਤੀ ਨੂੰ ਜਾਣਬੁੱਝ ਕੇ ਹੌਲੀ ਕੀਤਾ ਗਿਆ। ਉਨ੍ਹਾਂ ਜ਼ੋਰ ਦੇ ਕੇ ਕਿਹਾ, “ਇਤਿਹਾਸ ਵਿੱਚ ਇੱਕ ਕਾਲਾ ਅਧਿਆਇ ਲਿਖਿਆ ਗਿਆ ਹੈ।”
ਟੀਐੱਮਸੀ ਮੁਖੀ ਨੇ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ‘ਤੇ ਵੀ ਲੋਕਤੰਤਰਕ ਅਧਿਕਾਰਾਂ ਨੂੰ ਕਮਜ਼ੋਰ ਕਰਨ ਦੇ ਦੋਸ਼ ਲਗਾਏ। ਇਸਦੇ ਨਾਲ ਹੀ ਉਨ੍ਹਾਂ 10 ਮੈਂਬਰਾਂ ਦੀ ਇੱਕ ਫੈਕਟ-ਫਾਈਂਡਿੰਗ ਕਮੇਟੀ ਬਣਾਉਣ ਦਾ ਐਲਾਨ ਕੀਤਾ, ਜੋ ਚੋਣਾਂ ਤੋਂ ਬਾਅਦ ਹਿੰਸਾ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਕੇ ਹਕੀਕਤ ਦਾ ਜਾਇਜ਼ਾ ਲਵੇਗੀ। ਉਨ੍ਹਾਂ 2021 ਦੀਆਂ ਚੋਣਾਂ ਮਗਰੋਂ ਹੋਈ ਹਿੰਸਾ ਦੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਰੱਦ ਕਰ ਦਿੱਤਾ। ਦੱਸਣਯੋਗ ਹੈ ਕਿ ਭਾਜਪਾ ਨੇ 294 ਮੈਂਬਰੀ ਵਿਧਾਨ ਸਭਾ ਵਿੱਚ 207 ਸੀਟਾਂ ਜਿੱਤ ਕੇ ਸਪੱਸ਼ਟ ਬਹੁਮਤ ਹਾਸਲ ਕਰ ਲਿਆ ਹੈ, ਜਿਸ ਨਾਲ ਰਾਜ ਵਿੱਚ ਟੀਐੱਮਸੀ ਦਾ ਲਗਭਗ 15 ਸਾਲ ਪੁਰਾਣਾ ਰਾਜ ਖਤਮ ਹੋ ਗਿਆ ਹੈ।
-(ਜਗਬਾਣੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


