ਝੂਠੇ ਕੇਸ ਦੇ ਦੋਸ਼ਾਂ ‘ਚ ਮਾਂ ਮੋਬਾਈਲ ਟਾਵਰ ‘ਤੇ ਚੜ੍ਹੀ, ਮਾਹੌਲ ਤਣਾਅਪੂਰਨ
ਮਾਮਲਾ ਇੰਨਾ ਭੜਕ ਗਿਆ ਕਿ ਨੌਜਵਾਨ ਦੀ ਮਾਤਾ ਮੋਬਾਈਲ ਟਾਵਰ ਉੱਤੇ ਚੜ੍ਹ ਗਈ ਅਤੇ ਆਪਣੇ ਪੁੱਤਰ ਖ਼ਿਲਾਫ਼ ਦਰਜ ਮਾਮਲੇ ਨੂੰ ਰੱਦ ਕਰਨ ਦੀ ਮੰਗ ਕਰਨ ਲੱਗੀ।

ਮਾਨਸਾ – ਮਾਨਸਾ ਦੇ ਕਸਬਾ ਸਰਦੂਲਗੜ੍ਹ ਵਿੱਚ ਉਸ ਵੇਲੇ ਮਾਹੌਲ ਤਣਾਅਪੂਰਨ ਬਣ ਗਿਆ ਜਦੋਂ ਇਕ ਨੌਜਵਾਨ ‘ਤੇ ਨਸ਼ਾ ਤਸਕਰੀ ਦਾ ਮਾਮਲਾ ਦਰਜ ਕਰਨ ਨੂੰ ਲੈ ਕੇ ਉਸਦਾ ਪਰਿਵਾਰ ਅਤੇ ਵਾਰਡ ਦੇ ਲੋਕ ਪੁਲਿਸ ਦੇ ਖ਼ਿਲਾਫ਼ ਧਰਨੇ ‘ਤੇ ਬੈਠ ਗਏ। ਮਾਮਲਾ ਇੰਨਾ ਭੜਕ ਗਿਆ ਕਿ ਨੌਜਵਾਨ ਦੀ ਮਾਤਾ ਮੋਬਾਈਲ ਟਾਵਰ ਉੱਤੇ ਚੜ੍ਹ ਗਈ ਅਤੇ ਆਪਣੇ ਪੁੱਤਰ ਖ਼ਿਲਾਫ਼ ਦਰਜ ਮਾਮਲੇ ਨੂੰ ਰੱਦ ਕਰਨ ਦੀ ਮੰਗ ਕਰਨ ਲੱਗੀ।
ਜਾਣਕਾਰੀ ਮੁਤਾਬਕ ਸਰਦੂਲਗੜ੍ਹ ਦੇ ਵਾਰਡ ਨੰਬਰ 6 ਦੇ ਵਸਨੀਕ ਗੁਰਪਿਆਰ ਸਿੰਘ ਖ਼ਿਲਾਫ਼ ਪੁਲਿਸ ਵੱਲੋਂ 30 ਗੋਲੀਆਂ ਬਰਾਮਦ ਹੋਣ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ ਗਿਆ ਹੈ। ਇਸ ਕਾਰਵਾਈ ਦੇ ਵਿਰੋਧ ਵਿੱਚ ਸਥਾਨਕ ਲੋਕਾਂ ਨੇ ਥਾਣੇ ਦੇ ਬਾਹਰ ਇਕੱਠੇ ਹੋ ਕੇ ਧਰਨਾ ਲਗਾਇਆ ਅਤੇ ਪੁਲਿਸ ‘ਤੇ ਝੂਠਾ ਪਰਚਾ ਦਰਜ ਕਰਨ ਦੇ ਦੋਸ਼ ਲਗਾਏ।
ਪ੍ਰਦਰਸ਼ਨ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਸਵੇਰੇ ਨੌਜਵਾਨ ਨੂੰ ਘਰੋਂ ਲੈ ਗਈ ਸੀ ਅਤੇ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਸ਼ਾਮ 4 ਵਜੇ ਤੱਕ ਉਸਨੂੰ ਛੱਡ ਦਿੱਤਾ ਜਾਵੇਗਾ, ਪਰ ਬਾਅਦ ਵਿੱਚ ਉਸ ‘ਤੇ ਗੋਲੀਆਂ ਪਾ ਕੇ ਕੇਸ ਦਰਜ ਕਰ ਦਿੱਤਾ ਗਿਆ। ਵਾਰਡ ਦੇ ਕੌਂਸਲਰ ਵਰਿੰਦਰ ਕੁਮਾਰ ਨੇ ਦੱਸਿਆ ਕਿ ਉਹ ਪੁਲਿਸ ਨੂੰ ਲਿਖਤੀ ਤੌਰ ‘ਤੇ ਦੇ ਚੁੱਕੇ ਹਨ ਕਿ ਨੌਜਵਾਨ ਹੁਣ ਕਿਸੇ ਵੀ ਨਸ਼ੇ ਦੇ ਕੰਮ ਨਾਲ ਨਹੀਂ ਜੁੜਿਆ ਹੋਇਆ, ਪਰ ਇਸ ਦੇ ਬਾਵਜੂਦ ਉਸਨੂੰ ਤੰਗ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਨੌਜਵਾਨ ਦੀ ਮਾਂ ਨੇ ਵਿਰੋਧ ਦੇ ਤੌਰ ‘ਤੇ ਮੋਬਾਈਲ ਟਾਵਰ ‘ਤੇ ਚੜ੍ਹ ਕੇ ਪੁਲਿਸ ਖ਼ਿਲਾਫ਼ ਗੰਭੀਰ ਦੋਸ਼ ਲਗਾਏ ਅਤੇ ਆਪਣੇ ਪੁੱਤਰ ਨੂੰ ਬੇਕਸੂਰ ਦੱਸਿਆ। ਇਸ ਘਟਨਾ ਨਾਲ ਮੌਕੇ ‘ਤੇ ਮਾਹੌਲ ਕਾਫ਼ੀ ਗਰਮ ਹੋ ਗਿਆ ਅਤੇ ਤਣਾਅ ਵਧ ਗਿਆ।
ਦੂਜੇ ਪਾਸੇ ਸਰਦੂਲਗੜ੍ਹ ਥਾਣਾ ਮੁਖੀ ਪੁਸ਼ਪਿੰਦਰ ਕੌਰ ਨੇ ਕਿਹਾ ਕਿ ਗੁਰਪਿਆਰ ਸਿੰਘ ਖ਼ਿਲਾਫ਼ ਪਹਿਲਾਂ ਵੀ 10 ਤੋਂ 12 ਮਾਮਲੇ ਦਰਜ ਹਨ, ਜਿਨ੍ਹਾਂ ਵਿੱਚ ਨਸ਼ੇ ਅਤੇ ਚੋਰੀ ਦੇ ਕੇਸ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਮੌਜੂਦਾ ਮਾਮਲੇ ਵਿੱਚ ਬਰਾਮਦ ਸਮਾਨ ਦੇ ਆਧਾਰ ‘ਤੇ NDPS Act ਤਹਿਤ ਕਾਰਵਾਈ ਕੀਤੀ ਗਈ ਹੈ ਅਤੇ ਪਰਿਵਾਰ ਵੱਲੋਂ ਲਗਾਏ ਗਏ ਦੋਸ਼ ਬਿਲਕੁਲ ਬੇਬੁਨਿਆਦ ਹਨ।
ਫਿਲਹਾਲ ਦੇਰ ਰਾਤ ਡੀਐਸਪੀ ਸਰਦੂਲਗੜ੍ਹ ਵੱਲੋਂ ਮਾਮਲੇ ਦੀ ਜਾਂਚ ਕਰਨ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਧਰਨਾ ਖਤਮ ਕਰ ਦਿੱਤਾ ਗਿਆ, ਪਰ ਇਲਾਕੇ ਵਿੱਚ ਹਾਲਾਤ ਅਜੇ ਵੀ ਤਣਾਅਪੂਰਨ ਬਣੇ ਹੋਏ ਹਨ।
-(ਜੀ ਨਿਊਜ, ਪੰਜਾਬੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


