ਬੋਰਵੈੱਲ ਹਾਦਸੇ ‘ਚ ਮਾਸੂਮ ਨਿਰਭੈ ਦੀ ਮੌਤ ਮਗਰੋਂ ਪੁਲਿਸ ਦਾ ਐਕਸ਼ਨ, ਖੇਤ ਮਾਲਕ ਸਮੇਤ ਤਿੰਨ ਖ਼ਿਲਾਫ਼ FIR ਦਰਜ
ਮੁੱਢਲੀ ਜਾਂਚ ਵਿੱਚ ਬੋਰਵੈੱਲ ਨੂੰ ਖੁੱਲ੍ਹਾ ਛੱਡਣ ਅਤੇ ਸੁਰੱਖਿਆ ਪ੍ਰਬੰਧ ਨਾ ਕਰਨ ਨੂੰ ਲਾਪਰਵਾਹੀ ਮੰਨਿਆ ਗਿਆ ਹੈ।

ਅੰਬਾਲਾ
ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਦੇ ਪਿੰਡ ਧਨਿਓੜਾ ਵਿੱਚ ਖੁੱਲ੍ਹੇ ਬੋਰਵੈੱਲ ਵਿੱਚ ਡਿੱਗਣ ਕਾਰਨ ਸਾਢੇ ਤਿੰਨ ਸਾਲਾ ਮਾਸੂਮ ਨਿਰਵੈਰ ਸਿੰਘ ਉਰਫ਼ ਨਿਰਭੈ ਦੀ ਮੌਤ ਦੇ ਮਾਮਲੇ ਵਿੱਚ ਪੁਲਿਸ ਨੇ ਕਾਰਵਾਈ ਕਰਦਿਆਂ ਖੇਤ ਮਾਲਕ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁੱਢਲੀ ਜਾਂਚ ਵਿੱਚ ਬੋਰਵੈੱਲ ਨੂੰ ਖੁੱਲ੍ਹਾ ਛੱਡਣ ਅਤੇ ਸੁਰੱਖਿਆ ਪ੍ਰਬੰਧ ਨਾ ਕਰਨ ਨੂੰ ਲਾਪਰਵਾਹੀ ਮੰਨਿਆ ਗਿਆ ਹੈ।
ਐੱਸਪੀ ਅਜੀਤ ਸਿੰਘ ਸ਼ੇਖਾਵਤ ਨੇ ਦੱਸਿਆ ਕਿ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ‘ਤੇ ਤਿੰਨ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਖੇਤ ਮਾਲਕ ਅਤੇ ਖੇਤ ਲੈਣ ਵਾਲਿਆਂ ਵੱਲੋਂ ਬੋਰਵੈੱਲ ਨੂੰ ਖੁੱਲ੍ਹਾ ਛੱਡਿਆ ਗਿਆ ਸੀ ਅਤੇ ਉੱਥੇ ਨਾ ਕੋਈ ਸੁਰੱਖਿਆ ਬੈਰੀਕੇਡ ਲਗਾਇਆ ਗਿਆ ਸੀ ਅਤੇ ਨਾ ਹੀ ਚੇਤਾਵਨੀ ਵਾਲਾ ਬੋਰਡ ਲਾਇਆ ਗਿਆ ਸੀ, ਜਿਸ ਕਾਰਨ ਇਹ ਦਰਦਨਾਕ ਹਾਦਸਾ ਵਾਪਰਿਆ।
ਪੁਲਿਸ ਮੁਤਾਬਕ ਸਦਰ ਥਾਣੇ ਵਿੱਚ ਖੇਤ ਮਾਲਕ ਅਤੇ ਖੇਤ ਠੇਕੇ ‘ਤੇ ਲੈਣ ਵਾਲੇ ਦੋ ਹੋਰ ਵਿਅਕਤੀਆਂ ਖ਼ਿਲਾਫ਼ FIR ਦਰਜ ਕਰ ਲਈ ਗਈ ਹੈ। ਮਾਮਲੇ ਦੀ ਵਿਸਥਾਰ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਕਰੀਬ 20 ਘੰਟੇ ਚੱਲਿਆ ਰੈਸਕਿਊ ਆਪ੍ਰੇਸ਼ਨ
ਮਾਸੂਮ ਨੂੰ ਬਚਾਉਣ ਲਈ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (NDRF), ਫੌਜ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਦੇ ਸੰਗਰੂਰ ਤੋਂ ਪਹੁੰਚੀ ਮਾਹਿਰਾਂ ਦੀ ਟੀਮ ਨੇ ਕਰੀਬ 20 ਘੰਟਿਆਂ ਤੱਕ ਲਗਾਤਾਰ ਰੈਸਕਿਊ ਆਪ੍ਰੇਸ਼ਨ ਚਲਾਇਆ। ਦੇਰ ਰਾਤ ਕਰੀਬ ਸਾਢੇ ਚਾਰ ਵਜੇ ਬੱਚੇ ਨੂੰ ਬੋਰਵੈੱਲ ਵਿੱਚੋਂ ਬਾਹਰ ਕੱਢਿਆ ਗਿਆ, ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।
ਰੈਸਕਿਊ ਦੌਰਾਨ ਕੈਮਰੇ ਰਾਹੀਂ ਬੱਚੇ ਦੀ ਸਥਿਤੀ ‘ਤੇ ਨਜ਼ਰ ਰੱਖੀ ਜਾ ਰਹੀ ਸੀ। ਟੀਮ ਨੂੰ ਮਿਲੀਆਂ ਤਸਵੀਰਾਂ ਵਿੱਚ ਬੋਰਵੈੱਲ ਅੰਦਰ ਮੀਂਹ ਦਾ ਪਾਣੀ ਜਾਂਦਾ ਵੀ ਦਿਖਾਈ ਦਿੱਤਾ। ਬਾਅਦ ਵਿੱਚ ਕੈਮਰੇ ਵਿੱਚ ਬੱਚੇ ਦੀ ਕੋਈ ਹਰਕਤ ਨਜ਼ਰ ਨਹੀਂ ਆਈ।
ਪਿਤਾ ਨਾਲ ਖੇਤ ਗਿਆ ਸੀ ਨਿਰਭੈ
ਮਿਲੀ ਜਾਣਕਾਰੀ ਅਨੁਸਾਰ ਮੰਗਲਵਾਰ ਸਵੇਰੇ ਨਿਰਭੈ ਆਪਣੇ ਪਿਤਾ ਮਨਜੀਤ ਨਾਲ ਖੇਤ ਗਿਆ ਸੀ। ਪਿਤਾ ਆਪਣੇ ਪਿਤਾ ਲਈ ਰੋਟੀ ਲੈ ਕੇ ਖੇਤ ਪਹੁੰਚਿਆ ਸੀ, ਜਦਕਿ ਨਿਰਭੈ ਨੇ ਵੀ ਨਾਲ ਜਾਣ ਦੀ ਜ਼ਿੱਦ ਕੀਤੀ। ਖੇਤ ਵਿੱਚ ਪਿਤਾ ਕੰਮ ਕਰਨ ਲੱਗ ਪਿਆ ਅਤੇ ਬੱਚਾ ਨੇੜੇ ਖੇਡਦਾ ਰਿਹਾ।
ਇਸ ਦੌਰਾਨ ਰਸਤੇ ਦੇ ਕੋਲ ਮੌਜੂਦ ਕਰੀਬ 9 ਇੰਚ ਚੌੜੇ ਬੋਰਵੈੱਲ ਨੂੰ ਸਿਰਫ਼ ਇੱਕ ਬੋਰੀ ਨਾਲ ਢੱਕਿਆ ਗਿਆ ਹੋਇਆ ਸੀ। ਖੇਡਦੇ ਸਮੇਂ ਨਿਰਭੈ ਉਸ ਬੋਰੀ ‘ਤੇ ਚੜ੍ਹ ਗਿਆ, ਜਿਸ ਕਾਰਨ ਉਹ ਸਿੱਧਾ ਡੂੰਘੇ ਬੋਰਵੈੱਲ ਵਿੱਚ ਜਾ ਡਿੱਗਿਆ। ਇਸ ਤੋਂ ਬਾਅਦ ਸ਼ੁਰੂ ਹੋਇਆ ਲੰਬਾ ਰੈਸਕਿਊ ਆਪ੍ਰੇਸ਼ਨ ਆਖ਼ਰਕਾਰ ਮਾਸੂਮ ਦੀ ਜਾਨ ਨਹੀਂ ਬਚਾ ਸਕਿਆ।
-(ਪੰਜਾਬੀ ਜਾਗਰਣ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


