328 ਪਾਵਨ ਸਰੂਪ ਮਾਮਲੇ ਦੀ ਜਾਂਚ ਤੇਜ਼: ਐਸਆਈਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦਾ ਕੀਤਾ ਮੁਆਇਨਾ, ਤਿੰਨ ਘੰਟੇ ਤੱਕ ਖੰਗਾਲੇ ਪ੍ਰਬੰਧ
ਟੀਮ ਨੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਨਾਲ ਲੱਗਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦਾ ਦੌਰਾ ਕਰਕੇ ਪਾਵਨ ਸਰੂਪਾਂ ਦੀ ਛਪਾਈ, ਸੰਭਾਲ ਅਤੇ ਵੰਡ ਨਾਲ ਸਬੰਧਤ ਪੂਰੇ ਪ੍ਰਬੰਧ ਦਾ ਗਹਿਰਾਈ ਨਾਲ ਜਾਇਜ਼ਾ ਲਿਆ।

ਸ੍ਰੀ ਅਮ੍ਰਿਤਸਰ ਸਾਹਿਬ
328 ਪਾਵਨ ਸਰੂਪਾਂ ਨਾਲ ਜੁੜੇ ਮਾਮਲੇ ਦੀ ਜਾਂਚ ਹੁਣ ਅਹਿਮ ਮੋੜ ‘ਤੇ ਪਹੁੰਚ ਗਈ ਹੈ। ਇਸ ਕੇਸ ਦੀ ਜਾਂਚ ਕਰ ਰਹੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐਸਆਈਟੀ) ਡੀਆਈਜੀ ਨਾਨਕ ਸਿੰਘ ਦੀ ਅਗਵਾਈ ਹੇਠ ਅੰਮ੍ਰਿਤਸਰ ਪਹੁੰਚੀ। ਟੀਮ ਨੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਨਾਲ ਲੱਗਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦਾ ਦੌਰਾ ਕਰਕੇ ਪਾਵਨ ਸਰੂਪਾਂ ਦੀ ਛਪਾਈ, ਸੰਭਾਲ ਅਤੇ ਵੰਡ ਨਾਲ ਸਬੰਧਤ ਪੂਰੇ ਪ੍ਰਬੰਧ ਦਾ ਗਹਿਰਾਈ ਨਾਲ ਜਾਇਜ਼ਾ ਲਿਆ।
ਕਰੀਬ ਤਿੰਨ ਘੰਟੇ ਤੱਕ ਚੱਲੀ ਜਾਂਚ ਦੌਰਾਨ ਐਸਆਈਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਾਈ ਦੀ ਪ੍ਰਕਿਰਿਆ, ਉਨ੍ਹਾਂ ਦੀ ਸੰਭਾਲ, ਭੇਟ ਪ੍ਰਾਪਤ ਕਰਨ ਦੀ ਵਿਵਸਥਾ ਅਤੇ ਸਰੂਪਾਂ ਦੀ ਵੰਡ ਨਾਲ ਸਬੰਧਤ ਹਰ ਪੱਖ ਦੀ ਬਰੀਕੀ ਨਾਲ ਪੜਤਾਲ ਕੀਤੀ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਅਹੁਦੇਦਾਰਾਂ ਅਤੇ ਸਬੰਧਤ ਕਰਮਚਾਰੀਆਂ ਨਾਲ ਰਸਮੀ ਅਤੇ ਗੈਰ-ਰਸਮੀ ਤੌਰ ‘ਤੇ ਵਿਸਥਾਰ ਨਾਲ ਗੱਲਬਾਤ ਵੀ ਕੀਤੀ ਗਈ।
ਮੀਡੀਆ ਨਾਲ ਗੱਲਬਾਤ ਕਰਦਿਆਂ ਡੀਆਈਜੀ ਨਾਨਕ ਸਿੰਘ ਨੇ ਕਿਹਾ ਕਿ ਐਸਆਈਟੀ ਦੀ ਜਾਂਚ ਹੁਣ ਕਾਫ਼ੀ ਅੱਗੇ ਵੱਧ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਟੀਮ ਹਰ ਤੱਥ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਅਤੇ ਮਾਮਲੇ ਨੂੰ ਜਲਦੀ ਹੀ ਉਸ ਦੇ ਤਰਕਸੰਗਤ ਨਤੀਜੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਐਸਆਈਟੀ ਨੇ ਖੁਦ ਛਪਾਈ ਕੇਂਦਰ ਦਾ ਦੌਰਾ ਕਰਕੇ ਪੂਰੀ ਪ੍ਰਕਿਰਿਆ ਨੂੰ ਸਮਝਿਆ ਹੈ ਕਿ ਪਾਵਨ ਸਰੂਪ ਕਿਸ ਤਰ੍ਹਾਂ ਛਾਪੇ ਜਾਂਦੇ ਹਨ, ਕਿਵੇਂ ਸੰਭਾਲੇ ਜਾਂਦੇ ਹਨ ਅਤੇ ਸੰਗਤ ਨੂੰ ਕਿਹੜੀ ਪ੍ਰਕਿਰਿਆ ਤਹਿਤ ਭੇਟ ਕੀਤੇ ਜਾਂਦੇ ਹਨ।
ਡੀਆਈਜੀ ਨਾਨਕ ਸਿੰਘ ਨੇ ਦੱਸਿਆ ਕਿ ਜਾਂਚ ਲਈ ਲੋੜੀਂਦੇ ਦਸਤਾਵੇਜ਼ ਸ਼੍ਰੋਮਣੀ ਕਮੇਟੀ ਵੱਲੋਂ ਲਗਾਤਾਰ ਮੁਹੱਈਆ ਕਰਵਾਏ ਜਾ ਰਹੇ ਹਨ। ਪਹਿਲਾਂ ਵੀ ਕਾਫ਼ੀ ਰਿਕਾਰਡ ਐਸਆਈਟੀ ਨੂੰ ਸੌਂਪਿਆ ਜਾ ਚੁੱਕਾ ਹੈ ਅਤੇ ਹੁਣ ਵੀ ਜਦੋਂ ਵੀ ਕਿਸੇ ਦਸਤਾਵੇਜ਼ ਦੀ ਮੰਗ ਕੀਤੀ ਜਾਂਦੀ ਹੈ, ਉਹ ਤੁਰੰਤ ਉਪਲਬਧ ਕਰਵਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਰਿਕਾਰਡ ਅਤੇ ਇਕੱਠੇ ਕੀਤੇ ਗਏ ਹੋਰ ਸਬੂਤਾਂ ਦੇ ਆਧਾਰ ‘ਤੇ ਹੀ ਜਾਂਚ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ।
ਐਸਆਈਟੀ ਦੀ ਇਸ ਕਾਰਵਾਈ ਨੂੰ ਜਾਂਚ ਵਿੱਚ ਇੱਕ ਮਹੱਤਵਪੂਰਨ ਕਦਮ ਵਜੋਂ ਦੇਖਿਆ ਜਾ ਰਿਹਾ ਹੈ। ਹੁਣ ਸਭ ਦੀਆਂ ਨਜ਼ਰਾਂ ਐਸਆਈਟੀ ਦੀ ਅੰਤਿਮ ਰਿਪੋਰਟ ‘ਤੇ ਟਿਕੀਆਂ ਹੋਈਆਂ ਹਨ, ਜਿਸ ਤੋਂ ਇਹ ਸਪੱਸ਼ਟ ਹੋਵੇਗਾ ਕਿ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਜ਼ਿੰਮੇਵਾਰ ਕੌਣ ਹੈ ਅਤੇ ਅੱਗੇ ਕੀ ਕਾਰਵਾਈ ਕੀਤੀ ਜਾਵੇਗੀ।
-(ਟੀਵੀ 9 ਪੰਜਾਬੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


