Friday, October 9, 2026
Google search engine
Homeਅਪਰਾਧਰਿਸ਼ਵਤ ਮਾਮਲੇ ’ਚ ਸਾਬਕਾ ਡੀਆਈਜੀ ਭੁੱਲਰ ਦੀ ਅਦਾਲਤ ’ਚ ਪੇਸ਼ੀ, ਈਡੀ ਨੇ...

ਰਿਸ਼ਵਤ ਮਾਮਲੇ ’ਚ ਸਾਬਕਾ ਡੀਆਈਜੀ ਭੁੱਲਰ ਦੀ ਅਦਾਲਤ ’ਚ ਪੇਸ਼ੀ, ਈਡੀ ਨੇ ਵੀ ਕੱਸਿਆ ਸ਼ਿਕੰਜਾ; ਮਨੀ ਲਾਂਡਰਿੰਗ ਦੇ ਦੋਸ਼ਾਂ ਦੀ ਜਾਂਚ ਤੇਜ਼

ਰਿਸ਼ਵਤ ਮਾਮਲੇ ’ਚ ਸਾਬਕਾ ਡੀਆਈਜੀ ਭੁੱਲਰ ਦੀ ਅਦਾਲਤ ’ਚ ਪੇਸ਼ੀ, ਈਡੀ ਨੇ ਵੀ ਕੱਸਿਆ ਸ਼ਿਕੰਜਾ; ਮਨੀ ਲਾਂਡਰਿੰਗ ਦੇ ਦੋਸ਼ਾਂ ਦੀ ਜਾਂਚ ਤੇਜ਼

ਭੁੱਲਰ ਵਿਰੁੱਧ ਇਹ ਮਾਮਲਾ 8 ਲੱਖ ਰੁਪਏ ਦੀ ਕਥਿਤ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ਾਂ ਨਾਲ ਸਬੰਧਤ ਹੈ। ਹੁਣ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵੀ ਇਸ ਮਾਮਲੇ ਵਿੱਚ ਵਿੱਤੀ ਲੈਣ-ਦੇਣ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਚੰਡੀਗੜ੍ਹ

ਪੰਜਾਬ ਪੁਲਿਸ ਦੇ ਮੁਅੱਤਲ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਸ਼ੁੱਕਰਵਾਰ ਨੂੰ ਚੰਡੀਗੜ੍ਹ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਵਿੱਚ ਦਾਖ਼ਲ ਹੁੰਦਿਆਂ ਉਨ੍ਹਾਂ ਨੇ ਮੀਡੀਆ ਦੇ ਸਵਾਲਾਂ ਦਾ ਸੰਖੇਪ ਜਵਾਬ ਦਿੰਦਿਆਂ ਕਿਹਾ ਕਿ ਉਹ ਇਸ ਸਮੇਂ ਮਾਮਲੇ ਬਾਰੇ ਕੁਝ ਨਹੀਂ ਕਹਿ ਸਕਦੇ। ਭੁੱਲਰ ਵਿਰੁੱਧ ਇਹ ਮਾਮਲਾ 8 ਲੱਖ ਰੁਪਏ ਦੀ ਕਥਿਤ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ਾਂ ਨਾਲ ਸਬੰਧਤ ਹੈ। ਹੁਣ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵੀ ਇਸ ਮਾਮਲੇ ਵਿੱਚ ਵਿੱਤੀ ਲੈਣ-ਦੇਣ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਸੀਬੀਆਈ ਅਦਾਲਤ ਨੇ ਜਾਰੀ ਕੀਤੇ ਪ੍ਰੋਡਕਸ਼ਨ ਵਾਰੰਟ

ਇਸ ਤੋਂ ਪਹਿਲਾਂ ਵੀਰਵਾਰ ਨੂੰ ਹਰਚਰਨ ਸਿੰਘ ਭੁੱਲਰ ਅਤੇ ਸ਼ਿਕਾਇਤਕਰਤਾ ਆਕਾਸ਼ ਬੱਤਾ ਨੂੰ ਸੀਬੀਆਈ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਇਸ ਦੌਰਾਨ ਆਕਾਸ਼ ਬੱਤਾ ਨੇ ਅਦਾਲਤ ਵਿੱਚ ਆਪਣੀ ਗਵਾਹੀ ਦਰਜ ਕਰਵਾਈ।

ਦੂਜੇ ਪਾਸੇ, ਈਡੀ ਵੱਲੋਂ ਦਾਇਰ ਅਰਜ਼ੀ ’ਤੇ ਸੁਣਵਾਈ ਕਰਦਿਆਂ ਸੀਬੀਆਈ ਅਦਾਲਤ ਨੇ ਭੁੱਲਰ ਨੂੰ ਏਜੰਸੀ ਸਾਹਮਣੇ ਪੇਸ਼ ਕਰਨ ਲਈ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਹਨ। ਇਸ ਕਾਰਵਾਈ ਤੋਂ ਬਾਅਦ ਮਾਮਲੇ ਵਿੱਚ ਈਡੀ ਦੀ ਜਾਂਚ ਵੀ ਤੇਜ਼ ਹੋਣ ਦੀ ਸੰਭਾਵਨਾ ਹੈ।

ਰਿਸ਼ਵਤ ਦੇ ਪੈਸਿਆਂ ਦੀ ਵਰਤੋਂ ਬਾਰੇ ਪਤਾ ਲਗਾਏਗੀ ਈਡੀ

ਈਡੀ ਨੇ ਕਥਿਤ ਰਿਸ਼ਵਤ ਦੀ ਰਕਮ ਨਾਲ ਜੁੜੇ ਮਾਮਲੇ ਵਿੱਚ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਜਾਂਚ ਵਿੱਢੀ ਹੈ। ਜਾਂਚ ਏਜੰਸੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਥਿਤ ਤੌਰ ’ਤੇ ਰਿਸ਼ਵਤ ਵਜੋਂ ਹਾਸਲ ਕੀਤੀ ਰਕਮ ਕਿੱਥੇ ਰੱਖੀ ਗਈ ਅਤੇ ਇਸ ਦੀ ਵਰਤੋਂ ਕਿਹੜੇ ਕੰਮਾਂ ਲਈ ਕੀਤੀ ਗਈ।

ਇਸ ਜਾਂਚ ਵਿੱਚ ਸੀਬੀਆਈ ਦੀ ਮੁੱਢਲੀ ਪੜਤਾਲ ਦੌਰਾਨ ਸਾਹਮਣੇ ਆਏ ਵਿੱਤੀ ਲੈਣ-ਦੇਣ ਅਤੇ ਨਕਦੀ ਨਾਲ ਸਬੰਧਤ ਤੱਥਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਈਡੀ ਇਸ ਗੱਲ ਦੀ ਪੜਤਾਲ ਕਰੇਗੀ ਕਿ ਕਿਤੇ ਕਥਿਤ ਰਿਸ਼ਵਤ ਦੀ ਰਕਮ ਨੂੰ ਹੋਰ ਜਾਇਦਾਦਾਂ ਜਾਂ ਵਿੱਤੀ ਸੰਪਤੀਆਂ ਵਿੱਚ ਤਾਂ ਨਹੀਂ ਲਗਾਇਆ ਗਿਆ।

ਕਥਿਤ ਵਿਚੋਲਾ ਪਹਿਲਾਂ ਹੀ ਹਿਰਾਸਤ ਵਿੱਚ

ਇਸ ਮਾਮਲੇ ਵਿੱਚ ਭੁੱਲਰ ਦੇ ਕਥਿਤ ਵਿਚੋਲੇ ਕ੍ਰਿਸ਼ਨੂ ਸ਼ਾਰਦਾ ਨੂੰ ਈਡੀ ਪਹਿਲਾਂ ਹੀ ਹਿਰਾਸਤ ਵਿੱਚ ਲੈ ਚੁੱਕੀ ਹੈ। ਹੁਣ ਭੁੱਲਰ ਤੋਂ ਵੀ ਮਨੀ ਲਾਂਡਰਿੰਗ ਨਾਲ ਜੁੜੇ ਪਹਿਲੂਆਂ ਬਾਰੇ ਪੁੱਛਗਿੱਛ ਕੀਤੇ ਜਾਣ ਦੀ ਸੰਭਾਵਨਾ ਹੈ। ਏਜੰਸੀ ਅਗਲੀ ਕਾਨੂੰਨੀ ਕਾਰਵਾਈ ਤਹਿਤ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਵੀ ਅਦਾਲਤ ਤੋਂ ਇਜਾਜ਼ਤ ਮੰਗ ਸਕਦੀ ਹੈ।

ਚੰਡੀਗੜ੍ਹ ਦੀ ਕੋਠੀ ਵਿੱਚੋਂ ਪੰਜ ਕਰੋੜ ਰੁਪਏ ਦੀ ਨਕਦੀ ਮਿਲਣ ਦਾ ਦਾਅਵਾ

ਰਿਸ਼ਵਤ ਮਾਮਲੇ ਦੀ ਜਾਂਚ ਦੌਰਾਨ ਸੀਬੀਆਈ ਦੀ ਦਿੱਲੀ ਅਤੇ ਚੰਡੀਗੜ੍ਹ ਤੋਂ ਆਈ ਕਰੀਬ 52 ਮੈਂਬਰੀ ਟੀਮ ਨੇ ਭੁੱਲਰ ਦੇ ਮੁਹਾਲੀ ਸਥਿਤ ਦਫ਼ਤਰ ਅਤੇ ਚੰਡੀਗੜ੍ਹ ਦੇ ਸੈਕਟਰ-40 ਵਿੱਚ ਸਥਿਤ ਉਨ੍ਹਾਂ ਦੀ ਕੋਠੀ ’ਤੇ ਛਾਪੇ ਮਾਰੇ ਸਨ।

ਤਲਾਸ਼ੀ ਦੌਰਾਨ ਕੋਠੀ ਵਿੱਚੋਂ ਕਰੀਬ ਪੰਜ ਕਰੋੜ ਰੁਪਏ ਦੀ ਨਕਦੀ, ਸੋਨੇ ਦੇ ਗਹਿਣੇ, ਮਹਿੰਗੀਆਂ ਘੜੀਆਂ, ਵਿਦੇਸ਼ੀ ਸ਼ਰਾਬ ਅਤੇ ਇੱਕ ਰਿਵਾਲਵਰ ਮਿਲਣ ਦੀ ਜਾਣਕਾਰੀ ਸਾਹਮਣੇ ਆਈ ਸੀ। ਨਕਦੀ ਦੀ ਵੱਡੀ ਮਾਤਰਾ ਨੂੰ ਗਿਣਨ ਲਈ ਤਿੰਨ ਨੋਟ ਗਿਣਨ ਵਾਲੀਆਂ ਮਸ਼ੀਨਾਂ ਦੀ ਵਰਤੋਂ ਕੀਤੀ ਗਈ ਸੀ।

ਇਸ ਤੋਂ ਇਲਾਵਾ, ਜਾਂਚ ਟੀਮ ਨੂੰ 15 ਜਾਇਦਾਦਾਂ ਅਤੇ ਲਗਜ਼ਰੀ ਗੱਡੀਆਂ ਨਾਲ ਸਬੰਧਤ ਦਸਤਾਵੇਜ਼, ਬੀਐੱਮਡਬਲਿਊ ਅਤੇ ਮਰਸਡੀਜ਼ ਵਰਗੀਆਂ ਮਹਿੰਗੀਆਂ ਕਾਰਾਂ ਦੇ ਕਾਗਜ਼ਾਤ ਅਤੇ ਬੈਂਕ ਲਾਕਰਾਂ ਦੀਆਂ ਚਾਬੀਆਂ ਵੀ ਮਿਲਣ ਦਾ ਦਾਅਵਾ ਕੀਤਾ ਗਿਆ ਸੀ।

ਅੱਠ ਲੱਖ ਦੀ ਕਥਿਤ ਰਿਸ਼ਵਤ ਲੈਂਦਿਆਂ ਵਿਚੋਲਾ ਕਾਬੂ

ਸੀਬੀਆਈ ਨੇ ਇਸ ਮਾਮਲੇ ਵਿੱਚ ਭੁੱਲਰ ਦੇ ਕਥਿਤ ਵਿਚੋਲੇ ਨੂੰ ਚੰਡੀਗੜ੍ਹ ਦੇ ਸੈਕਟਰ-21 ਵਿੱਚ ਅੱਠ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰਨ ਦੀ ਗੱਲ ਕਹੀ ਸੀ। ਇਸ ਤੋਂ ਬਾਅਦ ਜਾਂਚ ਦਾ ਘੇਰਾ ਵਧਾਇਆ ਗਿਆ ਅਤੇ ਹੁਣ ਈਡੀ ਵੱਲੋਂ ਵੀ ਕਥਿਤ ਰਿਸ਼ਵਤ ਦੀ ਰਕਮ ਅਤੇ ਇਸ ਨਾਲ ਜੁੜੇ ਵਿੱਤੀ ਲੈਣ-ਦੇਣ ਦੀ ਜਾਂਚ ਕੀਤੀ ਜਾ ਰਹੀ ਹੈ।

-(ਟੀਵੀ 9 ਪੰਜਾਬੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments