ਸਮੇਂ ਸਿਰ ਇਲਾਜ ਨਾ ਕਰਵਾਉਣ ਤੇਂ ਮਾਨਸਿਕ ਰੋਗ ਹੋ ਸਕਦਾ ਹੈ ਘਾਤਕ।
ਮਾਨਸਿਕ ਰੋਗ ਨੂੰ ਨਾ ਛੁਪਾਓ
ਸਕੂਲੀ ਵਿਦਿਆਰਥੀਆਂ ਨੂੰ ਟੀਕਾਕਰਨ ਕਰਵਾਉਣ ਲਈ ਕੀਤਾ ਪ੍ਰੇਰਿਤ
ਫ਼ਰੀਦਕੋਟ, 15 ਮਾਰਚ – ਸਿਵਲ ਸਰਜਨ ਫ਼ਰੀਦਕੋਟ ਡਾ ਸੰਜੇ ਕਪੂਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਗਿਆਣਾ ਵਿੱਖੇ ਮਾਨਸਿਕ ਸਿਹਤ ਅਤੇ ਮਾਨਸਿਕ ਰੋਗਾਂ ਅਤੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਮੁਫ਼ਤ ਸੇਵਾਵਾਂ ਦੀ ਜਾਗਰੂਕਤਾ ਲਈ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਸਕੂਲੀ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਰਣਜੀਤ ਕੌਰ ਨੇਂ ਕਿਹਾ ਕਿ ਮਾਨਸਿਕ ਥਕਾਨ ਸਾਨੂੰ ਮਾਨਸਿਕ ਤੌਰ ਤੇ ਬਿਮਾਰ ਕਰ ਸਕਦੀ ਹੈ।ਜਿਸ ਵੱਲ ਸਾਡਾ ਧਿਆਨ ਨਹੀਂ ਜਾਂਦਾ।ਕਈ ਵਾਰੀ ਪੜ੍ਹਾਈ ਜਾਂ ਕੰਮ ਦੇ ਬੋਝ, ਰਿਸ਼ਤਿਆਂ ਵਿੱਚ ਦਰਾਰ , ਕੈਰੀਅਰ ਨੂੰ ਲੈ ਕੇ ਚਿੰਤਾ ਸਾਨੂੰ ਤਣਾਅ ਤਾਂ ਦਿੰਦੀ ਹੈ ਅਤੇ ਜੇਕਰ ਇਹ ਤਨਾਅ ਲੰਬੇ ਸਮੇਂ ਤੱਕ ਰਹੇ ਤਾਂ ਇਹ ਡਿਪਰੈਸ਼ਨ ਵਿੱਚ ਤਬਦੀਲ ਹੋ ਜਾਂਦਾ ਹੈ। ਕਈ ਵਾਰੀ ਡਿਪ੍ਰੈਸ਼ਨ ਜ਼ਿਆਦਾ ਹੋਣ ਨਾਲ ਵਿਅਕਤੀ ਦੇ ਮਨ ਵਿੱਚ ਆਤਮ ਹੱਤਿਆ ਜਾਂ ਖੁਦਕੁਸ਼ੀ ਤੱਕ ਦੇ ਖਿਆਲ ਆਉਣੇ ਸ਼ੁਰੂ ਹੋ ਜਾਂਦੇ ਹਨ।ਇਸ ਲਈ ਮਾਨਸਿਕ ਰੋਗਾਂ ਪ੍ਰਤੀ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਗੁਰਨਾਮ ਸਿੰਘ ਸਾਈਕੈਟਰੀ ਸੋਸ਼ਲ ਵਰਕਰ ਅਤੇ ਆਗਿਆ ਪਾਲ ਮੈਨੇਜਰ ਮੁੜ ਵਸੇਬਾ ਕੇਂਦਰ ਵਲੋਂ ਮਾਨਸਿਕ ਰੋਗਾਂ ਅਤੇ ਲੱਛਣਾਂ ਬਾਰੇ ਜਾਣਕਾਰੀ ਦਿੰਦੇਂ ਕਿਹਾ ਕਿ ਬੇਚੈਨੀ, ਨੀਂਦ ਘੱਟ ਜਾਂ ਵੱਧ ਆਉਣਾ, ਸਿਰ ਦਰਦ ਰਹਿਣਾ, ਕੰਨਾਂ ਵਿਚ ਅਵਾਜਾਂ ਪੈਣੀਆਂ, ਦੰਦਲ ਪੈਣਾ, ਯਾਦ ਸ਼ਕਤੀ ਘੱਟਣਾ, ਵਾਰ ਵਾਰ ਹੱਥ ਧੋਣਾ, ਚੀਜ਼ਾਂ ਦੀ ਵਰਤੋਂ ਸਮੇਂ ਵਹਿਮ ਭਰਮ ਰੱਖਣਾ, ਗੁੱਸੇ ਦਾ ਵੱਧਣਾ, ਚਿੜਚੜਾਪਣ, ਗੱਲਾਂ ਭੁੱਲਣੀਆਂ, ਖੁਦਕੁਸ਼ੀ ਦੀ ਕੋਸ਼ਿਸ਼ ਜਾਂ ਧਮਕੀ ਦੇਣਾ ਆਦਿ ਮਾਨਸਿਕ ਰੋਗ ਦੀਆਂ ਨਿਸ਼ਾਨੀਆਂ ਹਨ ਅਤੇ ਜੇਕਰ ਅਜਿਹੇ ਮਰੀਜ਼ ਸਮੇਂ ਸਿਰ ਆਪਣਾ ਇਲਾਜ਼ ਕਰਵਾ ਲੈਣ ਤਾਂ ਜਲਦੀ ਠੀਕ ਹੋ ਕੇ ਉਹ ਇੱਕ ਆਮ ਵਿਅਕਤੀ ਵਾਂਗ ਸਿਹਤਮੰਦ ਜਿੰਦਗੀ ਬਤੀਤ ਕਰ ਸਕਦੇ ਹਨ। ਡਿਪਟੀ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਓਮੀਕਰੋਨ ਤੋਂ ਕੋਈ ਜ਼ਿਆਦਾ ਜਾਨੀ ਨੁਕਸਾਨ ਨਾ ਹੋਣ ਦਾ ਕਾਰਣ ਆਮ ਵੱਧ ਤੋਂ ਵੱਧ ਲੋਕਾਂ ਵਲੋਂ ਕਰੋਨਾ ਵਾਇਰਸ ਤੋਂ ਬਚਾਓ ਲਈ ਟੀਕਾਕਰਨ ਕਰਵਾ ਰੱਖਿਆ ਸੀ। ਉਨ੍ਹਾਂ ਵਿਦਿਆਥੀਆਂ ਨੂੰ ਅਪੀਲ ਕੀਤੀ ਕਿ ਜਿੰਨ੍ਹਾ ਵਿਦਿਆਰਥੀਆਂ ਨੇ ਹਲੇ ਟੀਕਾਕਰਨ ਨਹੀਂ ਕਰਵਾਇਆ, ਓ ਜਲਦ ਤੋਂ ਜਲਦ ਕਰਵਾ ਲੈਣ ਤਾਂ ਜੋ ਆਪਾਂ ਸਾਰੇ ਮਿਲ ਕੇ ਇਸ ਨਾਮੁਰਾਦ ਬੀਮਾਰੀ ਤੇ ਜਿੱਤ ਪਾ ਸਕੀਏ। ਸਕੂਲ ਦੇ ਪ੍ਰਿੰਸੀਪਲ ਮਨਜੀਤ ਸਿੰਘ ਭੁੱਲਰ ਨੇ ਸਿਹਤ ਵਿਭਾਗ ਵਲੋਂ ਕੀਤੇ ਉਪਰਾਲੇ ਦਾ ਧੰਨਵਾਦ ਕੀਤਾ। ਇਸ ਮੌਕੇ ਜਗਮੀਤ ਕੌਰ, ਆਸ਼ੂ ਬਾਲਾ, ਹਰਵਿੰਦਰ ਕੌਰ, ਹਰਪ੍ਰੀਤ ਕੌਰ, ਮੋਨੀਕਾ ਗੋਇਲ, ਰੇਖਾ ਰਾਣੀ ਵੀ ਹਾਜ਼ਰ ਸਨ।