ਟਾਈਗਰ ਸ਼ਰਾਫ਼ ਦੀ ਗੱਡੀ ’ਤੇ ਫਾਇਰਿੰਗ ਮਾਮਲੇ ’ਚ ਪੁਲਿਸ ਨੂੰ ਕਾਮਯਾਬੀ, ਤਿੰਨ ਮੁਲਜ਼ਮ ਕੋਟਾ ਰੇਲਵੇ ਸਟੇਸ਼ਨ ਤੋਂ ਕਾਬੂ
ਜਾਣਕਾਰੀ ਅਨੁਸਾਰ ਤਿੰਨੇ ਮੁਲਜ਼ਮ ਮੁੰਬਈ ਤੋਂ ਦਿੱਲੀ ਜਾ ਰਹੀ ਇੱਕ ਰੇਲਗੱਡੀ ਵਿੱਚ ਸਵਾਰ ਸਨ, ਜਿਨ੍ਹਾਂ ਨੂੰ ਕੋਟਾ ਰੇਲਵੇ ਸਟੇਸ਼ਨ ’ਤੇ ਕਾਬੂ ਕੀਤਾ ਗਿਆ। ਕੋਟਾ ਪੁਲਿਸ ਨੇ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਕਾਰਵਾਈ ਸਥਾਨਕ ਪੁਲਿਸ ਵੱਲੋਂ ਹੀ ਕੀਤੀ ਗਈ ਹੈ।

ਮੁੰਬਈ
ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ਼ ਦੀ ਗੱਡੀ ’ਤੇ ਗੋਲੀਬਾਰੀ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਰਾਜਸਥਾਨ ਦੇ ਕੋਟਾ ਤੋਂ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਤਿੰਨੇ ਮੁਲਜ਼ਮ ਮੁੰਬਈ ਤੋਂ ਦਿੱਲੀ ਜਾ ਰਹੀ ਇੱਕ ਰੇਲਗੱਡੀ ਵਿੱਚ ਸਵਾਰ ਸਨ, ਜਿਨ੍ਹਾਂ ਨੂੰ ਕੋਟਾ ਰੇਲਵੇ ਸਟੇਸ਼ਨ ’ਤੇ ਕਾਬੂ ਕੀਤਾ ਗਿਆ। ਕੋਟਾ ਪੁਲਿਸ ਨੇ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਕਾਰਵਾਈ ਸਥਾਨਕ ਪੁਲਿਸ ਵੱਲੋਂ ਹੀ ਕੀਤੀ ਗਈ ਹੈ।
ਰੇਲਵੇ ਕਾਲੋਨੀ ਥਾਣੇ ਦੇ ਅਧਿਕਾਰੀ ਰਾਮਸਵਰੂਪ ਨੇ ਵੀ ਤਿੰਨਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ। ਇਸ ਕਾਰਵਾਈ ਨੂੰ ਟਾਈਗਰ ਸ਼ਰਾਫ਼ ਦੀ ਗੱਡੀ ’ਤੇ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਅਹਿਮ ਸਫ਼ਲਤਾ ਮੰਨਿਆ ਜਾ ਰਿਹਾ ਹੈ।
ਜੁਹੂ ਇਲਾਕੇ ’ਚ ਗੱਡੀ ’ਤੇ ਚਲਾਈਆਂ ਸਨ ਪੰਜ ਗੋਲੀਆਂ
ਜਾਣਕਾਰੀ ਮੁਤਾਬਕ ਐਤਵਾਰ ਸ਼ਾਮ ਨੂੰ ਮੁੰਬਈ ਦੇ ਜੁਹੂ ਇਲਾਕੇ ਵਿੱਚ ਬਾਈਕ ਸਵਾਰ ਤਿੰਨ ਹਮਲਾਵਰਾਂ ਨੇ ਟਾਈਗਰ ਸ਼ਰਾਫ਼ ਦੀ ਗੱਡੀ ’ਤੇ ਪੰਜ ਰਾਊਂਡ ਫਾਇਰਿੰਗ ਕੀਤੀ ਸੀ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ। ਗੋਲੀਬਾਰੀ ਦੌਰਾਨ ਟਾਈਗਰ ਸ਼ਰਾਫ਼ ਨੂੰ ਗੋਲੀ ਲੱਗਣ ਦੀ ਸੂਚਨਾ ਨਹੀਂ ਸੀ, ਜਦਕਿ ਉਨ੍ਹਾਂ ਦੇ ਡਰਾਈਵਰ ਫਿਰਦੌਸ ਬਲੋਚ ਦੇ ਹੱਥ ਵਿੱਚ ਗੋਲੀ ਲੱਗੀ ਸੀ। ਇਸ ਤੋਂ ਇਲਾਵਾ ਚਵਾਨ ਨਾਂ ਦਾ ਇੱਕ ਹੋਰ ਵਿਅਕਤੀ ਵੀ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ ਸੀ।
ਦੋਵੇਂ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਮਿਲੀ ਜਾਣਕਾਰੀ ਅਨੁਸਾਰ ਦੋਵੇਂ ਖ਼ਤਰੇ ਤੋਂ ਬਾਹਰ ਦੱਸੇ ਗਏ ਹਨ।
ਗ੍ਰਿਫ਼ਤਾਰ ਮੁਲਜ਼ਮਾਂ ਵਿੱਚ 17 ਸਾਲ ਦਾ ਨਾਬਾਲਗ ਵੀ ਸ਼ਾਮਲ
ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਤਿੰਨ ਮੁਲਜ਼ਮਾਂ ਵਿੱਚੋਂ ਇੱਕ ਦੀ ਉਮਰ 17 ਸਾਲ ਦੱਸੀ ਜਾ ਰਹੀ ਹੈ। ਮੁੱਢਲੀ ਜਾਣਕਾਰੀ ਅਨੁਸਾਰ ਮੁਲਜ਼ਮਾਂ ਦੀ ਪਛਾਣ ਰਿਤਿਕ ਕੁਮਾਰ, ਰੇਹਾਨ ਅਤੇ ਇੱਕ ਨਾਬਾਲਗ ਵਜੋਂ ਹੋਈ ਹੈ।
ਪਹਿਲੇ ਮੁਲਜ਼ਮ ਰਿਤਿਕ ਕੁਮਾਰ ਦੇ ਪਿਤਾ ਦਾ ਨਾਂ ਰਾਮੂ ਮਹਤੋ ਦੱਸਿਆ ਗਿਆ ਹੈ। ਉਹ ਬਿਹਾਰ ਦੇ ਬੇਗੂਸਰਾਏ ਦਾ ਰਹਿਣ ਵਾਲਾ ਹੈ ਅਤੇ ਮੁੰਬਈ ਵਿੱਚ ਰੈਪਿਡੋ ਚਲਾਉਣ ਦਾ ਕੰਮ ਕਰਦਾ ਸੀ। ਦੂਜੇ ਮੁਲਜ਼ਮ ਰੇਹਾਨ ਦੀ ਉਮਰ 18 ਸਾਲ ਦੱਸੀ ਗਈ ਹੈ। ਉਸ ਦੇ ਪਿਤਾ ਦਾ ਨਾਂ ਰਿਸ਼ੂਦੀਨ ਅੰਸਾਰੀ ਹੈ ਅਤੇ ਉਹ ਹਰਿਆਣਾ ਦੇ ਸੋਨੀਪਤ ਨਾਲ ਸਬੰਧਤ ਹੈ। ਤੀਜਾ ਮੁਲਜ਼ਮ ਵੀ ਸੋਨੀਪਤ ਦਾ ਰਹਿਣ ਵਾਲਾ ਹੈ ਅਤੇ ਨਾਬਾਲਗ ਦੱਸਿਆ ਜਾ ਰਿਹਾ ਹੈ।
ਮੁੰਬਈ ਪੁਲਿਸ ਨੇ ਬਣਾਈਆਂ ਸਨ 15 ਵਿਸ਼ੇਸ਼ ਟੀਮਾਂ
ਗੋਲੀਬਾਰੀ ਦੀ ਘਟਨਾ ਤੋਂ ਬਾਅਦ ਮੁੰਬਈ ਪੁਲਿਸ ਨੇ ਮੁਲਜ਼ਮਾਂ ਦੀ ਭਾਲ ਲਈ 15 ਵਿਸ਼ੇਸ਼ ਟੀਮਾਂ ਬਣਾਈਆਂ ਸਨ। ਪੁਲਿਸ ਵੱਲੋਂ ਹਮਲੇ ਵਿੱਚ ਵਰਤੀ ਗਈ ਪਲਸਰ ਮੋਟਰਸਾਈਕਲ ਵੀ ਬਰਾਮਦ ਕਰ ਲਈ ਗਈ ਸੀ। ਇਸ ਤੋਂ ਬਾਅਦ ਵੱਖ-ਵੱਖ ਸ਼ਹਿਰਾਂ ਵਿੱਚ ਚੌਕਸੀ ਵਧਾ ਦਿੱਤੀ ਗਈ ਸੀ, ਕਿਉਂਕਿ ਜਾਂਚ ਟੀਮਾਂ ਨੂੰ ਖ਼ਦਸ਼ਾ ਸੀ ਕਿ ਹਮਲਾਵਰ ਮੁੰਬਈ ਤੋਂ ਬਾਹਰ ਭੱਜ ਸਕਦੇ ਹਨ।
ਹੁਣ ਤਿੰਨਾਂ ਮੁਲਜ਼ਮਾਂ ਦੀ ਕੋਟਾ ਤੋਂ ਗ੍ਰਿਫ਼ਤਾਰੀ ਨਾਲ ਜਾਂਚ ਵਿੱਚ ਅਗਲੇਰੀ ਕਾਰਵਾਈ ਦਾ ਰਾਹ ਖੁੱਲ੍ਹਿਆ ਹੈ। ਪੁਲਿਸ ਵੱਲੋਂ ਮਾਮਲੇ ਦੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਗੋਲੀਬਾਰੀ ਦੇ ਕਾਰਨਾਂ ਅਤੇ ਇਸ ਪਿੱਛੇ ਸ਼ਾਮਲ ਹੋਰ ਲੋਕਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕੇ।
-(ਟੀਵੀ 9 ਪੰਜਾਬੀ)
ਨੋਟ– ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


